ਕਾਂਜਲੀ ਵੈੱਟਲੈਂਡ ’ਚ ਚੱਲੇਗਾ ਈਕੋ-ਟੂਰਿਜ਼ਮ ਪ੍ਰਾਜੈਕਟ
ਕਾਂਜਲੀ ਵੈੱਟਲੈਂਡ ਵਿਖੇ ₹19.56 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਹੋਵੇਗਾ ਈਕੋ-ਟੂਰਿਜ਼ਮ ਪ੍ਰਾਜੈਕਟ: ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ
Publish Date: Mon, 08 Jun 2026 10:01 PM (IST)
Updated Date: Mon, 08 Jun 2026 10:02 PM (IST)

₹19.56 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਵਿਕਸਤ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਇਤਿਹਾਸਕ ਕਾਂਜਲੀ ਵੈੱਟਲੈਂਡ ਨੂੰ ਈਕੋ-ਟੂਰਿਜ਼ਮ ਅਨੁਭਵ ਦੇ ਵਿਕਾਸ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਹ ਪ੍ਰਾਜੈਕਟ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਦੀ ਐੱਸਡੀ-2 ਸਕੀਮ ਅਧੀਨ ਮਨਜ਼ੂਰ ਕੀਤਾ ਗਿਆ ਹੈ। ਪੰਜਾਬ ਸਰਕਾਰ ਦੀ ਟਿਕਾਊ ਵਿਕਾਸ ਤੇ ਕੁਦਰਤੀ ਵਾਤਾਵਰਣ ਦੀ ਸਾਂਭ-ਸੰਭਾਲ ਪ੍ਰਤੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਦੱਸਿਆ ਕਿ ₹19.56 ਕਰੋੜ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਤਹਿਤ ਨਾ ਸਿਰਫ਼ ਸੈਰ-ਸਪਾਟਾ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ, ਸਗੋਂ ਅਗਲੇ ਪੰਜ ਸਾਲਾਂ ਦੀ ਮਿਆਦ ਲਈ ਇਸ ਦੇ ਸੰਚਾਲਨ, ਰੱਖ-ਰਖਾਅ ਤੇ ਪ੍ਰਬੰਧਨ ਦੀ ਜ਼ਿੰਮੇਵਾਰੀ ਵੀ ਸ਼ਾਮਲ ਹੋਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਾਂਜਲੀ ਵੈੱਟਲੈਂਡ ਸਾਡੀ ਕੁਦਰਤੀ ਵਿਰਾਸਤ ਦਾ ਇਕ ਅਨਮੋਲ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦਾ ਮੁੱਖ ਮਕਸਦ ਸੈਲਾਨੀਆਂ ਦੀਆਂ ਸਹੂਲਤਾਂ ਵਿਚ ਵਾਧਾ ਕਰਨਾ, ਸਾਈਟ ਤੱਕ ਪਹੁੰਚ ਸੁਖਾਲੀ ਬਣਾਉਣਾ, ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਤੇ ਖੇਤਰ ਵਿਚ ਟਿਕਾਊ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਵਾਤਾਵਰਣ ਸੰਭਾਲ-ਸੰਵੇਦਨਸ਼ੀਲ ਵਿਕਾਸ ਨੂੰ ਯਕੀਨੀ ਬਣਾਉਂਦੇ ਹੋਏ ਕਾਂਜਲੀ ਵੈੱਟਲੈਂਡ ਵਿਚ ਸੈਲਾਨੀਆਂ ਦੇ ਸਮੁੱਚੇ ਅਨੁਭਵ ਨੂੰ ਬਿਹਤਰ ਬਣਾਵੇਗਾ। ਇਸ ਯੋਜਨਾ ਤਹਿਤ ਖੇਤਰ ਵਿਚ ਸੈਰ-ਸਪਾਟਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਈਕੋ-ਟੂਰਿਜ਼ਮ ਨਾਲ ਸਬੰਧਤ ਗਤੀਵਿਧੀਆਂ ਰਾਹੀਂ ਸਥਾਨਕ ਲੋਕਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ, ਸ਼ਿਕਾਇਤ ਜਾਂ ਮਦਦ ਦੀ ਲੋੜ ਹੋਵੇ, ਤਾਂ ਉਹ ਬਿਨਾਂ ਕਿਸੇ ਝਿਜਕ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ’ਤੇ ਸੰਪਰਕ ਕਰ ਸਕਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਹਰ ਵੇਲੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੈ। ਪ੍ਰਾਜੈਕਟ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਅਧੀਨ ਆਧੁਨਿਕ ਪਹੁੰਚ ਤੇ ਪਾਰਕਿੰਗ ਸਹੂਲਤਾਂ, ਟ੍ਰੈਫਿਕ ਪ੍ਰਬੰਧਨ, ਡਿਜੀਟਲ ਟਿਕਟਿੰਗ ਪ੍ਰਣਾਲੀ, ਵਿਆਖਿਆ ਕੇਂਦਰ, ਲੈਂਡਸਕੇਪਿੰਗ, ਅੰਦਰੂਨੀ ਰਾਹ, ਡਰੇਨੇਜ ਬੁਨਿਆਦੀ ਢਾਂਚਾ, ਸੂਚਨਾ ਤੇ ਦਿਸ਼ਾ-ਨਿਰਦੇਸ਼ਕ ਸਾਈਨੇਜ (ਬੋਰਡ), ਜਨਤਕ ਸਹੂਲਤਾਂ, ਸੁਵੀਨਰ ਤੇ ਪਰਚੂਨ ਦੁਕਾਨਾਂ, ਖਾਣੇ-ਪੀਣੇ ਦੇ ਪ੍ਰਬੰਧ, ਰਿਹਾਇਸ਼ੀ ਯੂਨਿਟ, ਅਨੁਭਵੀ ਸੈਰ-ਸਪਾਟਾ ਗਤੀਵਿਧੀਆਂ, ਬਿਜਲੀ ਦਾ ਆਧੁਨਿਕ ਬੁਨਿਆਦੀ ਢਾਂਚਾ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਸੀਸੀਟੀਵੀ ਅਧਾਰਿਤ ਪ੍ਰਣਾਲੀਆਂ ਵਿਕਸਿਤ ਕੀਤੀਆਂ ਜਾਣਗੀਆਂ।