ਐੱਮਸੀਐੱਫ ਚਰਚ ਜਲੰਧਰ ਵਿਖੇ ਈਸਟਰ ਮਨਾਇਆ
ਐਮ.ਸੀ.ਐਫ ਚਰਚ ਜਲੰਧਰ ਵਿਖੇ ਈਸਟਰ ਦਾ ਦਿਨ ਮਨਾਇਆ
Publish Date: Mon, 06 Apr 2026 09:37 PM (IST)
Updated Date: Mon, 06 Apr 2026 09:41 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਐੱਮਸੀਐੱਫ ਚਰਚ ਜਲੰਧਰ ਵਿਖੇ ਬ੍ਰਦਰ ਸੁਭਾਸ਼ ਬੈਂਸ ਦੀ ਅਗਵਾਈ ਹੇਠ ਪ੍ਰਭੂ ਯਿਸੂ ਮਸੀਹ ਜੀ ਦਾ ਮੁਰਦਿਆਂ ਵਿਚੋਂ ਜੀ ਉੱਠਣ ਦਾ ਦਿਨ (ਈਸਟਰ ਡੇਅ) ਸ਼ਰਧਾ ਤੇ ਸ਼ਾਂਤੀ ਪੂਰਵਕ ਮਨਾਇਆ ਗਿਆ। ਇਸ ਸਬੰਧੀ ਬ੍ਰਦਰ ਸੁਰਜੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਵਿੱਤਰ ਦਿਨ ਦੀ ਸ਼ੁਰੂਆਤ ਪ੍ਰਾਰਥਨਾ ਸਭਾ ਦੁਆਰਾ ਕੀਤੀ ਗਈ। ਕਵਾਇਰ ਟੀਮ ਵੱਲੋਂ ਪ੍ਰਭੂ ਯਿਸੂ ਦੀ ਮਹਿਮਾਂ ਲਈ ਗੀਤ, ਭਜਨ ਤੇ ਜ਼ਬੂਰ ਗਾਏ ਗਏ। ਇਸੇ ਦੌਰਾਨ ਪਵਿੱਤਰ ਬਾਈਬਲ ਦੇ ਵਚਨ ਦੀ ਤਾਲੀਮ ਪਾ ਤੌਬਾ ਕੀਤੇ ਵਿਸ਼ਵਾਸ਼ੀਆਂ ਨੂੰ ਬਪਤਿਸਮੇ ਦਿੱਤੇ ਗਏ। ਇਸਾਈ ਆਗੂ ਜੋਗਾ ਸਿੰਘ ਅਟਵਾਲ ਨੇ ਇਸ ਪਵਿੱਤਰ ਮੌਕੇ ਤੇ ਹਾਜ਼ਰ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਜੀ ਉੱਠਣ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਈਸਟਰ ਈਸਾਈ ਧਰਮ ਦੇ ਲੋਕਾਂ ਲਈ ਇਕ ਪ੍ਰਮੁੱਖ ਦਿਨ ਹੈ, ਜੋ ਪ੍ਰਭੂ ਯਿਸੂ ਮਸੀਹ ਦੇ ਸਲੀਬ ਤੇ ਚੜ੍ਹਾਏ ਜਾਣ (ਗੁੱਡ ਫ੍ਰਾਈਡੇ) ਤੋਂ ਤਿੰਨ ਦਿਨ ਬਾਅਦ ਦੁਬਾਰਾ ਜੀਵਿਤ ਹੋਣ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ। ਆਪਣੇ ਜੀ ਉੱਠਣ ਬਾਰੇ ਪ੍ਰਭੂ ਯਿਸੂ ਮਸੀਹ ਜਿਊਂਦੇ ਜੀ ਐਲਾਨ ਕਰ ਚੁੱਕੇ ਸਨ। ਇਸੇ ਲਈ ਪਵਿੱਤਰ ਬਾਈਬਲ ਮੁਤਾਬਿਕ ਮਰੀਅਮ ਮਗਦਲੀਨੀ ਕਬਰ ’ਤੇ ਗਈਆਂ, ਜਿਥੇ ਉਨ੍ਹਾਂ ਨੂੰ ਕਬਰ ਖਾਲੀ ਮਿਲੀ। ਉਹ ਘਬਰਾ ਗਈਆਂ ਪਰ ਉਸੇ ਵਕਤ ਉਨ੍ਹਾਂ ਨੂੰ ਦੂਤ ਨੇ ਆਖਿਆ ਕਿ ਤੁਸੀਂ ਜਿਉਂਦੇ ਨੂੰ ਮੋਇਆਂ ਵਿਚੋਂ ਭਾਲਦਿਆਂ ਹੋ? ਉਹ ਜੀ ਉੱਠਿਆ ਹੈ, ਜੋ ਗਲੀਲ ਵਿਚ ਤੁਹਾਨੂੰ ਮਿਲੇਗਾ। ਉਹ ਦੌੜੀਆਂ ਹੋਈਆਂ ਗਈਆਂ ਤੇ ਪ੍ਰਭੂ ਨੂੰ ਜ਼ਿੰਦਾ ਦੇਖਿਆ। ਇਹ ਦਿਨ ਸ਼ੁਰੂ ਤੋਂ ਲੈ ਅੱਜ ਤੱਕ ਐਤਵਾਰ ਵਾਲੇ ਦਿਨ ਨੂੰ ਹੀ ਮਨਾਇਆ ਜਾਂਦਾ ਹੈ। ਅਸਲ ਵਿਚ ਇਹ ਉਹ ਦਿਨ ਹੈ ਜਦ ਯਿਸੂ ਮਸੀਹ ਨੇ ਮੌਤ ਤੇ ਜਿੱਤ ਪ੍ਰਾਪਤ ਕੀਤੀ। ਚਰਚ ਮੁਖੀ ਬ੍ਰਦਰ ਸੁਭਾਸ਼ ਬੈਂਸ ਨੇ ਚਰਚ ਵਿਚ ਹਾਜ਼ਰ ਸੰਗਤ ਨੂੰ ਪ੍ਰਭੂ ਦੇ ਜੀ ਉੱਠਣ ਦੀ ਮੁਬਾਰਕਬਾਦ। ਇਸ ਕਾਰਜ ਵਿਚ ਸਰਪੰਚ ਬਲਦੇਵ ਕਾਸਮਪੁਰ, ਅਜੇ ਕਲੇਰ, ਬ੍ਰਦਰ ਸੰਜੇ, ਬ੍ਰਦਰ ਗੁਰਿੰਦਰ ਮਸੀਹ, ਬ੍ਰਦਰ ਸੋਨੂੰ, ਕੈਪਟਨ ਬਾਵਾ ਸਿੰਘ, ਡੈਨੀਅਲ ਮਸੀਹ, ਕਾਰਤਿਕ ਮਸੀਹ, ਪਵਨ ਪੋਲ, ਜੋਏਲ ਮਸੀਹ ਤੇ ਸਿਮੋਨ ਆਦਿ ਨੇ ਭਰਪੂਰ ਸਹਿਯੋਗ ਦਿੱਤਾ।