ਯੂਨੀਵਰਸਿਟੀ ਕਾਲਜ ਮਿੱਠੜਾ ’ਚ ਧਰਤੀ ਦਿਵਸ ਹਫ਼ਤੇ ਦੀ ਸ਼ੁਰੂਆਤ
ਯੂਨੀਵਰਸਿਟੀ ਕਾਲਜ ਮਿੱਠੜਾ ਵਿੱਚ ਧਰਤੀ ਦਿਵਸ ਹਫ਼ਤੇ ਦੀ ਸ਼ੁਰੂਆਤ
Publish Date: Wed, 22 Apr 2026 09:03 PM (IST)
Updated Date: Thu, 23 Apr 2026 04:10 AM (IST)

ਕੈਪਸ਼ਨ : 22ਕੇਪੀਟੀ27 ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਪਲਾਸਟਿਕ ਮੁਕਤ ਕੈਂਪਸ ਵਜੋਂ ਮਨਾਏ ਗਏ ਦਿਵਸ ਦਾ ਦ੍ਰਿਸ਼ । ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿੱਠੜਾ ਵਿਖੇ ਐੱਨਐੱਸਐੱਸ ਇਕਾਈ ਵੱਲੋਂ ‘ਜ਼ੀਰੋ ਪਲਾਸਟਿਕ ਡਰਾਈਵ’ ਤਹਿਤ ਪਲਾਸਟਿਕ ਮੁਕਤ ਕੈਂਪਸ ਵਜੋਂ ਦਿਵਸ ਮਨਾਇਆ ਗਿਆ। ਧਰਤੀ ਦਿਵਸ ਮੌਕੇ ਭਾਰਤ ਇਨਵਾਇਰਮੈਂਟ ਪ੍ਰੋਗਰਾਮ-2026 ਦੀ ਪਹਿਲੀ ਗਤੀਵਿਧੀ ਵਜੋਂ ਕਰਵਾਈ ਗਈ ਇਹ ਪਹਿਲੀ ਗਤੀਵਿਧੀ ਸੀ। ਇਹ ਗਤੀਵਿਧੀ ਭਾਰਤ ਸਸਟੈਨੇਬਿਲੀਟੀ ਮਿਸ਼ਨ-2026 ਦੇ ਉਪਰਾਲਿਆਂ ਦਾ ਹਿੱਸਾ ਸੀ, ਜੋ ਆਰਐੱਚਐੱਫ ਅਤੇ ਈਪੀਟੀਆਰਆਈ ਦੇ ਸਹਿਯੋਗ ਨਾਲ ਕਰਵਾਈ ਗਈ, ਜਿਸ ਦੌਰਾਨ ਵਿਦਿਆਰਥੀਆਂ ਤੇ ਸਟਾਫ ਨੇ ਪਲਾਸਟਿਕ ਦੇ ਵਰਤੋਂ ਤੋਂ ਪਰਹੇਜ਼ ਕਰਨ ਦਾ ਸੰਕਲਪ ਲਿਆ ਅਤੇ ਕੈਂਪਸ ’ਚ ਸਫਾਈ ਮੁਹਿੰਮ ਵੀ ਚਲਾਈ ਗਈ। ਇਸ ਮੁਹਿੰਮ ਦੌਰਾਨ ਵਿਦਿਆਰਥੀਆਂ ਨੂੰ ਪਲਾਸਟਿਕ ਦੇ ਨੁਕਸਾਨ ਤੇ ਇਸ ਦੇ ਬਦਲੇ ਵਾਤਾਵਰਣ-ਮਿੱਤਰ ਵਿਕਲਪਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਜਾਗਰੂਕਤਾ ਪ੍ਰੋਗਰਾਮ ਰਾਹੀਂ ‘ਸਿੰਗਲ ਯੂਜ਼ ਪਲਾਸਟਿਕ’ ਨੂੰ ਛੱਡਣ ਦਾ ਸੰਦੇਸ਼ ਦਿੱਤਾ ਗਿਆ। ਇਸ ਸਾਲ ਦਾ ਥੀਮ ‘ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰੋ, ਧਰਤੀ ਨੂੰ ਬਚਾਓ’ ਰੱਖਿਆ ਗਿਆ, ਜਿਸ ਅਨੁਸਾਰ ਸਾਰਿਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਆਪਣੀ ਰੋਜ਼ਾਨਾ ਜ਼ਿੰਦਗੀ ’ਚ ਪਲਾਸਟਿਕ ਦੀ ਵਰਤੋਂ ਘਟਾਉਣ ਤੇ ਸਾਫ਼-ਸੁਥਰਾ ਵਾਤਾਵਰਣ ਬਣਾਉਣ ’ਚ ਆਪਣਾ ਯੋਗਦਾਨ ਪਾਉਣ। ਕਾਲਜ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਆਪਣੇ ਸੰਦੇਸ਼ ’ਚ ਕਿਹਾ ਕਿ ਪਲਾਸਟਿਕ ਪ੍ਰਦੂਸ਼ਣ ਅੱਜ ਦੇ ਸਮੇਂ ਦੀ ਇੱਕ ਵੱਡੀ ਸਮੱਸਿਆ ਹੈ ਅਤੇ ਇਸਨੂੰ ਘਟਾਉਣ ਲਈ ਹਰ ਵਿਅਕਤੀ ਨੂੰ ਜ਼ਿੰਮੇਵਾਰੀ ਨਾਲ ਅੱਗੇ ਆਉਣਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਮੁਹਿੰਮਾਂ ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਦੀਆਂ ਹਨ । ਐਨ. ਐੱਸ. ਐੱਸ ਪ੍ਰੋਗਰਾਮ ਅਫਸਰ ਡਾ. ਪਰਮਜੀਤ ਕੌਰ ਨੇ ਕਿਹਾ ਕਿ ਜ਼ੀਰੋ ਪਲਾਸਟਿਕ ਡਰਾਈਵ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪ੍ਰੈਕਟਿਕਲ ਤੌਰ ਤੇ ਵਾਤਾਵਰਣ ਸੁਰੱਖਿਆ ਨਾਲ ਜੋੜਨਾ ਹੈ। ਅਸੀਂ ਸਾਰੇ ਮਿਲ ਕੇ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਰਾਹੀਂ ਵੱਡਾ ਬਦਲਾਅ ਲਿਆ ਸਕਦੇ ਹਾਂ । ਕਾਲਜ ਦੇ ਐਨ. ਐੱਸ. ਐੱਸ ਵਿਭਾਗ ਦੀ ਦੂਜੀ ਇਕਾਈ ਦੇ ਪ੍ਰੋਗਰਾਮ ਅਫਸਰ ਸ. ਸੰਦੀਪ ਸਿੰਘ (ਰਾਜਨੀਤੀ ਸ਼ਾਸਤਰ) ਨੇ ਇਸ ਮੁਹਿੰਮ ਦੀ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਵਾਤਾਵਰਣ ਦੀ ਸੰਭਾਲ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਪਲਾਸਟਿਕ ਦੀ ਵਰਤੋਂ ਨੂੰ ਘਟਾ ਕੇ ਅਸੀਂ ਆਪਣੇ ਆਸ-ਪਾਸ ਨੂੰ ਸਾਫ਼ ਅਤੇ ਸੁੰਦਰ ਬਣਾ ਸਕਦੇ ਹਾਂ। ਕਾਲਜ ਵੱਲੋਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖਣ ਦਾ ਵਿਸ਼ਵਾਸ ਜਤਾਇਆ ਗਿਆ।