ਧਰਤੀ ਦੀ ਰੱਖਿਆ ਕਰਨਾ ਸਾਡਾ ਮੁਢਲਾ ਫਰਜ਼ : ਪ੍ਰਿੰਸੀਪਲ ਪਰਮਿੰਦਰ ਕੌਰ
ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਵਿਖੇ ਧਰਤੀ ਦਿਵਸ ਨਾਲ ਸਬੰਧਤ ਗਤੀਵਿਧੀਆਂ ਕਰਵਾਈਆਂ
Publish Date: Wed, 22 Apr 2026 06:42 PM (IST)
Updated Date: Thu, 23 Apr 2026 04:04 AM (IST)

* ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ’ਚ ਧਰਤੀ ਦਿਵਸ ਨਾਲ ਸਬੰਧਤ ਗਤੀਵਿਧੀਆਂ ਕਰਵਾਈਆਂ ਕੈਪਸ਼ਨ: 22ਕੇਪੀਟੀ9, 10 ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਜ਼ਿਲ੍ਹਾ ਕਪੂਰਥਲਾ ਵਿਖੇ ਧਰਤੀ ਦਿਵਸ ਨਾਲ ਸਬੰਧਤ ਕਰਵਾਈਆਂ ਗਈਆਂ ਵੱਖ ਵੱਖ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਹੋਏ ਵਿਦਿਆਰਥੀ। ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : 22 ਅਪ੍ਰੈਲ ਨੂੰ ਧਰਤੀ ਦਿਵਸ ਦੇ ਰੂਪ ਵਜੋਂ ਅੱਜ ਚੇਅਰਮੈਨ ਨਿਰਮਲ ਸਿੰਘ ਨੰਬਰਦਾਰ ਅਤੇ ਮਨਜੀਤ ਸਿੰਘ ਬਲੱਗਣ ਮੀਤ ਪ੍ਰਧਾਨ ਦੀ ਅਗਵਾਈ ਹੇਠ ਚੱਲ ਰਹੀ ਸੰਸਥਾ ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਜ਼ਿਲ੍ਹਾ ਕਪੂਰਥਲਾ ਵਿਖੇ ਧਰਤੀ ਦਿਵਸ ਨਾਲ ਸਬੰਧਤ ਗਤੀਵਿਧੀਆਂ ਕੀਤੀਆਂ ਗਈਆਂ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਧਰਤੀ ਨੂੰ ਬਚਾਉਣ ਸਬੰਧੀ ਨਾਰੇ, ਪੇਂਟਿੰਗ ਅਤੇ ਪੋਸਟਰ ਤਿਆਰ ਕੀਤੇ ਗਏ। ਜਿਨ੍ਹਾਂ ’ਚ ਧਰਤੀ ਤੇ ਵੱਧ ਰਹੀ ਤਪਸ਼ ਤੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਸਾਧਨਾਂ ਦਾ ਪ੍ਰਯੋਗ ਕਰਨ ਲਈ ਸੁਝਾਅ ਦਿੱਤੇ ਗਏ। ਵਿਦਿਆਰਥੀਆਂ ਵੱਲੋਂ ਪੌਦੇ ਵੀ ਲਗਾਏ ਗਏ। ਇਸ ਮੌਕੇ ਸੰਬੋਧਨ ਕਰਦਿਆਂ ਅਕੈਡਮੀ ਦੇ ਪ੍ਰਿੰਸੀਪਲ ਪਰਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਧਰਤੀ ਬਹੁਤ ਹੀ ਪਿਆਰਾ ਗ੍ਰਹਿ ਹੈ ਇਸ ਦੀ ਰੱਖਿਆ ਕਰਨਾ ਸਾਡਾ ਮੁਢਲਾ ਫਰਜ਼ ਹੈ। ਧਰਤੀ ਦਿਵਸ ਵਿਦਿਆਰਥੀਆਂ ਲਈ ਕੁਦਰਤ ਬਾਰੇ ਸਿੱਖਣ ਅਤੇ ਇਸਦੀ ਰੱਖਿਆ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਸਮਝਣ ਦਾ ਇੱਕ ਮੌਕਾ ਹੈ। ਰੁੱਖ ਲਗਾਉਣ, ਆਪਣੇ ਆਲੇ ਦੁਆਲੇ ਦੀ ਸਫਾਈ, ਜਾਂ ਰੀਸਾਈਕਲ ਕੀਤੀਆਂ ਸਮੱਗਰੀਆਂ ਤੋਂ ਕਲਾ ਬਣਾਉਣ ਵਰਗੀਆਂ ਸਧਾਰਨ ਗਤੀਵਿਧੀਆਂ ਰਾਹੀਂ, ਵਿਦਿਆਰਥੀ ਅਜਿਹੀਆਂ ਆਦਤਾਂ ਵਿਕਸਤ ਕਰ ਸਕਦੇ ਹਨ ਜੋ ਇੱਕ ਸਿਹਤਮੰਦ ਧਰਤੀ ਵਿੱਚ ਯੋਗਦਾਨ ਪਾਉਂਦੀਆਂ ਹਨ । ਅੱਜ ਅਸੀਂ ਇੱਥੇ ਆਪਣੇ ਇੱਕੋ-ਇੱਕ ਘਰ, ਧਰਤੀ ਨੂੰ ਬਚਾਉਣ ਦਾ ਪ੍ਰਣ ਕਰਨ ਲਈ ਇਕੱਠੇ ਹੋਏ ਹਾਂ । ਪ੍ਰਦੂਸ਼ਣ, ਜੰਗਲਾਂ ਦੀ ਕਟਾਈ ਅਤੇ ਜਲਵਾਯੂ ਪਰਿਵਰਤਨ ਦੇ ਯੁੱਗ ਵਿੱਚ, ਸਾਡੇ ਇਸ ਗ੍ਰਹਿ ਨੂੰ ਸਾਡੀ ਸੁਰੱਖਿਆ ਦੀ ਲੋੜ ਹੈ। ਆਓ ਅਸੀਂ ਹੋਰ ਰੁੱਖ ਲਗਾਈਏ, ਪਾਣੀ ਬਚਾਈਏ, ਅਤੇ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ ਦਾ ਪ੍ਰਣ ਕਰੀਏ। ਸਾਡੇ ਛੋਟੇ-ਛੋਟੇ ਕੀਤੇ ਯਤਨ, ਇਕ ਵੱਡਾ ਫ਼ਰਕ ਲਿਆ ਸਕਦੇ ਹਨ। ਆਉ ਧਰਤੀ ਬਚਾਈਏ, ਜ਼ਿੰਦਗੀ ਬਚਾਈਏ। ਇਸ ਮੌਕੇ ਤੇ ਅਕੈਡਮੀ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।