ਕੰਨ ਤੇ ਸੁਣਨ ਸ਼ਕਤੀ ਦੀ ਦੇਖ ਭਾਲ ਸਾਰਿਆਂ ਲਈ ਜ਼ਰੂਰੀ : ਡਾ. ਭਗਤ
ਕੰਨ ਤੇ ਸੁਣਨ ਸ਼ਕਤੀ ਦੀ ਦੇਖ ਭਾਲ ਸਾਰਿਆਂ ਲਈ ਜ਼ਰੂਰੀ : ਡਾ. ਸੰਜੀਵ ਭਗਤ
Publish Date: Fri, 06 Mar 2026 07:52 PM (IST)
Updated Date: Fri, 06 Mar 2026 07:54 PM (IST)

ਵਿਸ਼ਵ ਸੁਣਨ ਸ਼ਕਤੀ ਸਬੰਧੀ ਦਿਵਸ ਮਨਾਇਆ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਬੋਲਾਪਣ ਤੋਂ ਬਚਾਅ ਤੇ ਕੰਟਰੋਲ ਸਬੰਧੀ ਰਾਸ਼ਟਰੀ ਪ੍ਰੋਗਰਾਮ ਤਹਿਤ ਸਿਵਲ ਹਸਪਤਾਲ ਦੇ ਈਐੱਨਟੀ ਵਿਭਾਗ ਵਿਖੇ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਦੀ ਅਗਵਾਈ ਵਿਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਦੱਸਿਆ ਕਿ ਹਰ ਸਾਲ ਮਾਰਚ ਮਹੀਨੇ ਦੇ ਪਹਿਲੇ ਹਫਤੇ ਨੂੰ ਵਿਸ਼ਵ ਹੇਅਰਿੰਗ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਬੋਲੇਪਣ ਪ੍ਰਤੀ ਜਾਗਰੂਕ ਕਰਨ ਲਈ ਐੱਨਪੀਪੀਸੀਡੀ ਪ੍ਰੋਗਰਾਮ ਅਧੀਨ ਜ਼ਿਲੇ ਭਰ ਚ ਮੈਡੀਕਲ ਕੈਂਪ ਤੇ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ। ਡਾ. ਭਗਤ ਨੇ ਦੱਸਿਆ ਕਿ ਕੰਨ ਤੇ ਸੁਣਨ ਸ਼ਕਤੀ ਦੀ ਦੇਖ ਭਾਲ ਸਾਰਿਆਂ ਲਈ ਜ਼ਰੂਰੀ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਲੋਕ ਇੰਟਰਨੈੱਟ ਤੇ ਸੋਸ਼ਲ ਮੀਡੀਆ ਆਦਿ ’ਤੇ ਵੀਡੀਓ ਵਗੈਰਾ ਦੇਖ ਕੇ ਆਪ ਇਲਾਜ ਕਰਨ ਲੱਗ ਜਾਂਦੇ ਹਨ ਜਦ ਕਿ ਅਜਿਹਾ ਕਰਨ ਦੀ ਬਜਾਏ ਮਾਹਿਰ ਡਾਕਟਰਾਂ ਨਾਲ ਸੰਪਰਕ ਕਰ ਕੇ ਹੀ ਆਪਣਾ ਇਲਾਜ ਕਰਾਉਣਾ ਚਾਹੀਦਾ ਹੈ। ਬੋਲੇਪਣ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਈਐੱਨਟੀ ਸਪੈਸ਼ਲਿਸਟ ਅਮਨਜੋਤ ਕੌਰ ਨੇ ਦੱਸਿਆ ਕਿ ਕੰਨਾਂ ਵਿਚੋਂ ਪੀਕ ਆਉਣਾ, ਕੰਨਾਂ ਵਿਚ ਮੈਲ, ਬਚਪਨ ਦੇ ਰੋਗ ਜਿਵੇਂ ਖਸਰਾ, ਦਿਮਾਗੀ ਬੁਖਾਰ , ਕੰਨਫੇੜੇ ਆਦਿ ਬੋਲੇਪਣ ਦੇ ਮੁੱਖ ਕਾਰਨ ਹਨ। ਗਰਭ ਦੌਰਾਨ ਸੁਣਨ ਸ਼ਕਤੀ ਨੂੰ ਨੁਕਸਾਨ ਪਹੁੰਚਾਉਣਾ ਵਾਲੀਆਂ ਦਵਾਈਆਂ ਦੀ ਵਰਤੋਂ, ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ, ਗਰਭ ਦੌਰਾਨ ਰੁਬੇਲਾ (ਜਰਮਨ ਮੀਜ਼ਲਜ਼) ਦੀ ਬੀਮਾਰੀ। ਕੰਨਾਂ ਦੀ ਦੇਖਭਾਲ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਨਜੋਤ ਕੌਰ ਨੇ ਦੱਸਿਆ ਕਿ ਕੰਨਾਂ ਵਿਚ ਪਾਣੀ ਨਾ ਜਾਣ ਦਿਓ ਤੇ ਕਿਸੇ ਵੀ ਤਰ੍ਹਾਂ ਦੀ ਨੁਕੀਲੀ ਚੀਜ਼ ਨਾ ਮਾਰੋ। ਕੰਨਾਂ ਨੂੰ ਹਮੇਸ਼ਾ ਸਾਫ ਤੇ ਨਰਮ ਕਪੜੇ ਨਾਲ ਸਾਫ ਕਰੋ, ਗੰਦੇ ਪਾਣੀ ਚ ਨਾ ਤੈਰੋ, ਨਾ ਨਹਾਵੋ, ਕੰਨਾਂ ਨੂੰ ਤੇਜ਼ ਆਵਾਜ਼ ਤੋਂ ਬਚਾਵੋ। ਉਨ੍ਹਾਂ ਕਿਹਾ ਕਿ ਕੰਨਾਂ ਦੇ ਦਰਦ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਤੇ ਕੰਨਾਂ ਦੀ ਜਾਂਚ ਤੇ ਸਫਾਈ ਨੱਕ, ਕੰਨ ਤੇ ਗਲੇ ਦੇ ਮਾਹਿਰ ਡਾਕਟਰ ਤੋਂ ਹੀ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਪਰਮਿੰਦਰ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫਸਰ ਜਸਵਿੰਦਰ ਕੌਰ, ਡਿਪਟੀ ਮਾਸ ਮੀਡੀਆ ਅਫਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ, ਬੀਸੀਸੀ ਕੋਆਰਡੀਨੇਟਰ ਜੋਤੀ ਅਨੰਦ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।