ਪੀੜਤ ਪਰਿਵਾਰ ਨੇ ਪ੍ਰੈੱਸ ਕਾਨਫਰੰਸ ਕਰਕੇ ਕੀਤੀ ਇਨਸਾਫ਼ ਦੀ ਮੰਗ
ਪ੍ਰੈਸ ਕਾਨਫਰੰਸ ਦੌਰਾਨ ਪੀੜਤ ਪਰਿਵਾਰ ਨੇ ਕੀਤੀ ਇਨਸਾਫ਼ ਦੀ ਮੰਗ
Publish Date: Thu, 09 Apr 2026 10:13 PM (IST)
Updated Date: Thu, 09 Apr 2026 10:17 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਥਾਨਕ ਮੁਹੱਲਾ ਸੈਂਦਾ ਇਲਾਕੇ ਵਿਚ ਵਾਪਰੀ ਹਮਲੇ ਤੇ ਭੰਨਤੋੜ ਦੀ ਘਟਨਾ ਸਬੰਧੀ ਇਨਸਾਫ਼ ਦੀ ਮੰਗ ਕਰਦੇ ਹੋਏ, ਪੀੜਤ ਪਰਿਵਾਰ ਨੇ ਪ੍ਰੈੱਸ ਕਾਨਫਰੰਸ ਕੀਤੀ ਤੇ ਪੁਲਿਸ ਪ੍ਰਸ਼ਾਸਨ ਤੇ ਗੰਭੀਰ ਦੋਸ਼ ਲਗਾਏ। ਸੁਲਤਾਨਪੁਰ ਲੋਧੀ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਵਿਖੇ ਹੋਈ ਕਾਨਫਰੰਸ ਦੌਰਾਨ ਮੁਹੱਲਾ ਸੈਂਦਾ ਦੇ ਵਸਨੀਕ ਰੇਖਾ ਪਤਨੀ ਓਮਪ੍ਰਕਾਸ਼ ਤੇ ਪੁੱਤਰ ਰਾਹੁਲ ਨੇ ਦੱਸਿਆ ਕਿ 1 ਅਪ੍ਰੈਲ ਨੂੰ ਹਥਿਆਰਬੰਦ ਨੌਜਵਾਨਾਂ ਦਾ ਇਕ ਸਮੂਹ ਉਨ੍ਹਾਂ ਦੇ ਘਰ ਦੇ ਬਾਹਰ ਆਇਆ ਤੇ ਇੱਟਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਦਰਵਾਜ਼ੇ ਦੀ ਭੰਨਤੋੜ ਕੀਤੀ। ਪੀੜਤ ਪਰਿਵਾਰ ਦੇ ਅਨੁਸਾਰ, ਘਟਨਾ ਸਮੇਂ ਘਰ ਵਿਚ ਸਿਰਫ਼ ਔਰਤਾਂ ਹੀ ਮੌਜੂਦ ਸਨ, ਜਿਸ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਹਮਲਾਵਰਾਂ ਵਿਚੋਂ ਕੁਝ ਸਥਾਨਕ ਮੁਹੱਲੇ ਦੇ ਨੌਜਵਾਨ ਸਨ। ਰੇਖਾ ਤੇ ਰਾਹੁਲ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਸੁਲਤਾਨਪੁਰ ਲੋਧੀ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਇਕ ਹਫ਼ਤੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ, ਪੁਲਿਸ ਕੋਈ ਠੋਸ ਕਾਰਵਾਈ ਕਰਨ ਵਿਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ, ਉਨ੍ਹਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਨਹੀਂ ਹੋ ਰਹੀ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰੇ ਤੇ ਉਨ੍ਹਾਂ ਨੂੰ ਇਨਸਾਫ਼ ਦਿਵਾਏ। ਇਸ ਮੌਕੇ ਸਿਧਾਰਥ, ਕਰਨੈਲ ਸਿੰਘ ਅਤੇ ਜੋਬਨਪ੍ਰੀਤ ਸਿੰਘ ਵੀ ਮੌਜੂਦ ਸਨ। ਇਸ ਮਾਮਲੇ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਦੇ ਏਐੱਸਆਈ ਹਰਭਜਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਸੀ ਤੇ ਪੀੜਤ ਔਰਤ ਦੇ ਘਰ ਵੀ ਗਏ ਸਨ। ਉਨ੍ਹਾਂ ਕਿਹਾ ਕਿ ਔਰਤ ਦਾ ਪੁੱਤਰ ਉਸ ਸਮੇਂ ਘਰ ਵਿਚ ਮੌਜੂਦ ਨਹੀਂ ਸੀ ਤੇ ਉਸਨੂੰ ਥਾਣੇ ਜਾਣ ਲਈ ਕਿਹਾ ਗਿਆ ਸੀ। ਅਜੇ ਤੱਕ ਕੋਈ ਵੀ ਬਿਆਨ ਦਰਜ ਕਰਾਉਣ ਲਈ ਅੱਗੇ ਨਹੀਂ ਆਇਆ ਹੈ। ਏਐੱਸਆਈ ਨੇ ਸਪੱਸ਼ਟ ਕੀਤਾ ਕਿ ਜਿਵੇਂ ਹੀ ਪੀੜਤ ਧਿਰ ਵੱਲੋਂ ਰਸਮੀ ਬਿਆਨ ਦਰਜ ਕੀਤਾ ਜਾਵੇਗਾ, ਉਸ ਬਿਆਨ ਦੇ ਆਧਾਰ ਤੇ ਢੁਕਵੀਂ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।