ਡਡਵਿੰਡੀ ਦੀ ਦਾਣਾ ਮੰਡੀ ਪਈ ਸੁੰਨੀ
ਡਡਵਿੰਡੀ ਦੀ ਦਾਣਾ ਮੰਡੀ ਪਈ ਸੁੰਨੀ, ਕਿਸਾਨਾਂ ਵੱਲੋਂ ਵੱਡੇ ਪੱਧਰ ‘ਤੇ ਆਲੂਆਂ ਦੀ ਕਾਸ਼ਤ ਕਰਨ ਕਰਕੇ ਕਣਕ ਦੀ ਆਮਦ ਘੱਟ
Publish Date: Sat, 04 Apr 2026 08:12 PM (IST)
Updated Date: Sat, 04 Apr 2026 08:16 PM (IST)

ਕਿਸਾਨਾਂ ਵੱਲੋਂ ਵੱਡੇ ਪੱਧਰ ‘ਤੇ ਆਲੂਆਂ ਦੀ ਕਾਸ਼ਤ ਕਰਨ ਕਰਕੇ ਕਣਕ ਦੀ ਆਮਦ ਘੱਟ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਪਿੰਡ ਡਡਵਿੰਡੀ ਦੀ ਦਾਣਾ ਮੰਡੀ ਇਸ ਵਾਰ ਵੀ ਪਿਛਲੇ ਸਾਲ ਦੀ ਤਰ੍ਹਾਂ ਸੁੰਨੀ ਨਜ਼ਰ ਆ ਰਹੀ ਹੈ। ਮੰਡੀ ਵਿਚ ਕਣਕ ਦੀ ਆਮਦ ਨਾਂਹ ਦੇ ਬਰਾਬਰ ਹੋਣ ਕਾਰਨ ਸੰਨਾਟਾ ਛਾਇਆ ਹੋਇਆ ਹੈ, ਜਿਸ ਨਾਲ ਮੰਡੀ ਦਾ ਰੌਣਕਮਈ ਮਾਹੌਲ ਇਸ ਵਾਰ ਵੀ ਗਾਇਬ ਨਜ਼ਰ ਆ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਟ੍ਰੇਡਿੰਗ ਕੰਪਨੀ ਡਡਵਿੰਡੀ ਦੇ ਮਾਲਕ ਵਰੁਣ ਸ਼ਰਮਾ ਵਾਸੀ ਸ਼ੇਖੂਪੁਰ, ਕਪੂਰਥਲਾ ਨੇ ਦੱਸਿਆ ਕਿ ਪਿੰਡ ਦੇ ਕਿਸਾਨਾਂ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਡੇ ਪੱਧਰ ‘ਤੇ ਆਲੂਆਂ ਦੀ ਕਾਸ਼ਤ ਕੀਤੀ ਗਈ ਹੈ। ਉਨ੍ਹਾਂ ਮੁਤਾਬਕ ਕਰੀਬ 90-95 ਫੀਸਦੀ ਰਕਬੇ ਵਿਚ ਆਲੂਆਂ ਦੀ ਫ਼ਸਲ ਬੀਜੀ ਗਈ ਹੈ, ਜਦਕਿ ਕਣਕ ਸਿਰਫ਼ 5-10 ਫੀਸਦੀ ਰਕਬੇ ਵਿਚ ਹੀ ਬੀਜੀ ਗਈ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਕਾਸ਼ਤ ਘੱਟ ਹੋਣ ਕਾਰਨ ਮੰਡੀ ਵਿਚ ਅਨਾਜ ਦੀ ਆਮਦ ਨਾਂਹ ਦੇ ਬਰਾਬਰ ਹੈ, ਜਿਸ ਨਾਲ ਵਪਾਰ ‘ਤੇ ਵੀ ਅਸਰ ਪਿਆ ਹੈ। ਮੰਡੀ ਵਿਚ ਕਣਕ ਦੀ ਫ਼ਸਲ ਦੀ ਆਮਦ ਨਾ ਹੋਣ ਕਾਰਨ ਵਪਾਰੀ ਤੇ ਮਜ਼ਦੂਰ ਵੀ ਆਰਥਿਕ ਤੰਗੀਆਂ ਵਿਚੋਂ ਗੁਜ਼ਰ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇ ਇਹ ਰੁਝਾਨ ਲਗਾਤਾਰ ਜਾਰੀ ਰਿਹਾ ਤਾਂ ਭਵਿੱਖ ਵਿੱਚ ਮੰਡੀਆਂ ਦਾ ਪਰੰਪਰਾਗਤ ਰੂਪ ਬਦਲ ਸਕਦਾ ਹੈ ਤੇ ਕਿਸਾਨਾਂ ਦੀ ਫਸਲ ਦੀ ਚੋਣ ਵੀ ਮੰਡੀ ਪ੍ਰਣਾਲੀ ‘ਤੇ ਬਹੁਤ ਡੂੰਘਾ ਅਸਰ ਪਾਏਗੀ।