ਡੀਐਸਪੀ ਵਰਮਾ ਵੱਲੋਂ ਪਿੰਡਾਂ ਚ ਠੀਕਰੀ ਪਹਿਰੇ ਲਗਾਉਣ ਦੀ ਅਪੀਲ
ਡੀਐਸਪੀ ਵਰਮਾ ਵੱਲੋਂ ਪਿੰਡਾਂ ਚ ਠੀਕਰੀ ਪਹਿਰੇ ਲਗਾਉਣ ਦੀ ਅਪੀਲ
Publish Date: Thu, 23 Apr 2026 07:46 PM (IST)
Updated Date: Fri, 24 Apr 2026 04:10 AM (IST)

ਕੈਪਸ਼ਨ : 23ਕੇਪੀਟੀ26 ਡੀਐਸਪੀ ਧੁਰੇਂਦਰ ਵਰਮਾ ਗੱਲਬਾਤ ਕਰਦੇ ਹੋਏ । ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਤੇ ਐਸਪੀਡੀ ਹਰਿੰਦਰ ਸਿੰਘ ਗਿੱਲ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਸੁਲਤਾਨਪੁਰ ਲੋਧੀ ਆਈਪੀਐਸ ਧੁਰੇਂਦਰ ਵਰਮਾ ਵੱਲੋਂ ਸਾਰੇ ਥਾਣਾ ਮੁਖੀਆਂ ਨੂੰ ਮਾੜੇ ਅਨਸਰਾਂ ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਵਿੱਡੀ ਮੁਹਿੰਮ ਲਈ ਸਖਤ ਕਾਰਵਾਈ ਕਰਨ ਦੇ ਹੁਕਮਾਂ ਨਾਲ ਪਿੰਡ ਵਾਸੀਆਂ ਨੂੰ ਵੀ ਅਜਿਹੇ ਮਾੜੇ ਅਨਸਰਾਂ ਤੇ ਖਿਲਾਫ ਪੁਲਿਸ ਨਾਲ ਸਹਿਯੋਗ ਕਰਨ ਤੇ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਉਣ ਲਈ ਕਿਹਾ ਹੈ। ਡੀਐਸਪੀ ਧੁਰੇਂਦਰ ਵਰਮਾ ਨੇ ਦੱਸਿਆ ਕਿ ਜਿਸ ਤਰ੍ਹਾਂ ਹੁਣ ਕਿਸਾਨਾਂ ਵੱਲੋਂ ਮੱਕੀ ਦੀ ਫਸਲ ਬੀਜੀ ਹੋਈ ਹੈ ਜੋ ਹੁਣ ਵੱਡੀ ਹੁੰਦੀ ਜਾ ਰਹੀ ਹੈ ਜਿਸ ਦੀ ਆੜ ਵਿੱਚ ਸ਼ਰਾਰਤੀ ਅਨਸਰ ਉਸ ਦਾ ਸਹਾਰਾ ਲੈ ਕੇ ਰਾਤ ਦੇ ਹਨੇਰੇ ਵਿੱਚ ਉੱਗੀ ਫਸਲ ਵਿੱਚ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਹਨ। ਉਹਨਾਂ ਪਿੰਡ ਵਾਸੀਆਂ, ਸਮੂਹ ਪੰਚਾਂ, ਸਰਪੰਚਾਂ ਤੇ ਮੋਹਤਬਾਰ ਵਿਅਕਤੀਆਂ ਨੂੰ ਕਿਹਾ ਕਿ ਇਹ ਮਾੜੇ ਅਨਸਰ ਕਈ ਵਾਰ ਦਿਨ ਦੇ ਸਮੇਂ ਵੀ ਇਕੱਲੇ ਜਾਂਦੇ ਰਾਹਗੀਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਉਹਨਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਆਪੋ-ਆਪਣੇ ਪਿੰਡਾਂ ’ਚ ਰਾਤ ਸਮੇਂ ਠੀਕਰੀ ਪਹਿਰਾ ਸ਼ੁਰੂ ਕਰਵਾਇਆ ਜਾਵੇ। ਇਸ ਦੌਰਾਨ ਪਿੰਡ ਦੇ ਨੌਜਵਾਨਾਂ ਨੂੰ ਇਸ ਠੀਕਰੀ ਪਹਿਰੇ ਤੇ ਤੈਨਾਤ ਕੀਤਾ ਜਾਵੇ ਜੋ ਪਿੰਡ ਵਿੱਚ ਰਾਤ ਸਮੇਂ ਆਉਣ ਵਾਲੇ ਵਿਅਕਤੀਆਂ ਨੂੰ ਵੈਰੀਫਾਈ ਕਰਕੇ ਉਸ ਨੂੰ ਪਿੰਡ ਵਿੱਚ ਐਂਟਰ ਹੋਣ ਦੇਣ। ਉਨ੍ਹਾਂ ਕਿਹਾ ਕਿ ਪਿੰਡ ਜਾਂ ਆਸ ਪਾਸ ਕੋਈ ਸ਼ੱਕੀ ਵਿਅਕਤੀ ਬਿਨਾਂ ਵਜ੍ਹਾ ਘੁੰਮਦਾ ਪਾਇਆ ਜਾਵੇ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਡੀਐੱਸਪੀ ਵਰਮਾ ਨੇ ਕਿਹਾ ਕਿ ਪੁਲਿਸ ਹਮੇਸ਼ਾਂ ਲੋਕਾਂ ਦੀ ਸੁਰੱਖਿਆ ਵਾਸਤੇ ਵਚਨਬੱਧ ਹੈ ਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਨਾਂ ਸ਼ਹਿਰ ਵਿੱਚ ਵੀ ਲੁੱਟ ਖੋਹ ਦੀਆਂ ਵਾਰਦਾਤਾਂ ਲਈ ਪੁਲਿਸ ਦੀ ਗਸ਼ਤ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ ।ਸਾਰੇ ਥਾਣਾ ਪੁਲਿਸ ਮੁਖੀਆਂ ਨੂੰ ਆਪਣੇ ਇਲਾਕੇ ਦੇ ਲੋਕਾਂ ਨਾਲ ਤਾਲਮੇਲ ਬਣਾਉਣ ਤੇ ਨਸ਼ਿਆਂ ਦੇ ਕਾਰੋਬਾਰੀਆਂ ਵਿਰੁੱਧ ਤੁਰੰਤ ਐਕਸ਼ਨ ਲੈਣ ਦੇ ਹੁਕਮ ਦਿੱਤੇ।