ਭੇਦਭਰੇ ਹਾਲਾਤ ’ਚ ਡੀਐੱਸਪੀ ਦੀ ਮੌਤ
ਭੇਦਭਰੇ ਹਲਾਤਾ ਚ ਡੀਐਸਪੀ ਦੀ ਹੋਈ ਮੋਤ
Publish Date: Tue, 21 Apr 2026 07:30 PM (IST)
Updated Date: Tue, 21 Apr 2026 07:34 PM (IST)
ਰਿਵਾਲਵਰ ਸਾਫ਼ ਕਰਦੇ ਸਮੇਂ ਚੱਲੀ ਗੋਲੀ ਛਾਤੀ ’ਚ ਵੱਜੀ
ਐੱਸਪੀ ਫਗਵਾੜਾ ਮੈਡਮ ਮਾਧਵੀ ਸ਼ਰਮਾ ਨੇ ਦੁੱਖ ਪ੍ਰਗਟਾਇਆ
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ
ਫਗਵਾੜਾ : ਫਗਵਾੜਾ ਤੋਂ ਇਕ ਬਹੁਤ ਹੀ ਮੰਦਭਾਗੀ ਤੇ ਬੁਰੀ ਖਬਰ ਸਾਹਮਣੇ ਆਈ ਹੈ, ਜਿਥੇ ਕਿ ਬਤੌਰ ਡੀਐੱਸਪੀ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਯੋਗੇਸ਼ ਕੁਮਾਰ ਸ਼ਰਮਾ ਦੀ ਘਰ ਵਿਚ ਹੀ ਸਰਵਿਸ ਰਿਵਾਲਵਰ ਦੀ ਸਫਾਈ ਕਰਦੇ ਸਮੇਂ ਭੇਦਭਰੇ ਹਾਲਾਤ ’ਚ ਗੋਲੀ ਚੱਲਣ ਨਾਲ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਡੀਐੱਸਪੀ ਯੋਗੇਸ਼ ਕੁਮਾਰ ਸ਼ਰਮਾ ਦੀ ਹੁਣੇ ਹੀ ਐੱਸਟੀਐੱਫ ਤੋਂ ਟਰਾਂਸਫਰ ਹੋਣ ਮਗਰੋਂ ਚੰਡੀਗੜ੍ਹ ਵਿਖੇ ਪੋਸਟਿੰਗ ਹੋਈ ਸੀ। ਇਸ ਸਬੰਧੀ ਗੱਲਬਾਤ ਕਰਦੇ ਹੋਏ ਡੀਐੱਸਪੀ ਯੋਗੇਸ਼ ਕੁਮਾਰ ਸ਼ਰਮਾ ਦੇ ਪਿਤਾ ਰਾਮ ਸਰੂਪ ਸ਼ਰਮਾ ਨੇ ਦੱਸਿਆ ਕਿ ਯੋਗੇਸ਼ ਕੁਮਾਰ ਸ਼ਰਮਾ ਪੁਲਿਸ ਕੁਆਰਟਰਾਂ ਵਿਚ ਰਹਿੰਦਾ ਸੀ ਜਦਕਿ ਉਨ੍ਹਾਂ ਦੀ ਨੂੰਹ ਸਵਰਾਜ ਕਲੋਨੀ ਵਿਚ ਰਹਿੰਦੀ ਹੈ ਤੇ ਉਹ ਜਦੋਂ ਆਪਣੀ ਨੂੰਹ ਨੂੰ ਕਾਰ ਦੇਣ ਲਈ ਸਵਰਾਜ ਕਲੋਨੀ ਵਿਖੇ ਗਏ ਹੋਏ ਸਨ ਤਾਂ ਪਿੱਛੋਂ ਯੋਗੇਸ਼ ਕੁਮਾਰ ਸ਼ਰਮਾ ਜਦੋਂ ਆਪਣੀ ਸਰਵਿਸ ਰਿਵਾਲਵਰ ਸਾਫ ਕਰ ਰਹੇ ਸਨ ਤਾਂ ਅਚਾਨਕ ਗੋਲੀ ਚੱਲ ਗਈ ਜੋ ਕਿ ਉਨ੍ਹਾਂ ਦੀ ਛਾਤੀ ਵਿਚ ਲੱਗੀ। ਉਨ੍ਹਾਂ ਨਾਲ ਹੀ ਰਹਿ ਰਹੇ ਹੋਰ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਜੌਹਲ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਯੋਗੇਸ਼ ਕੁਮਾਰ ਸ਼ਰਮਾ ਨੂੰ ਮ੍ਰਿਤ ਐਲਾਨ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐੱਸਪੀ ਫਗਵਾੜਾ ਮੈਡਮ ਮਾਧਵੀ ਸ਼ਰਮਾ ਨੇ ਜਿਥੇ ਇਸ ਘਟਨਾ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ, ਉਥੇ ਹੀ ਉਨ੍ਹਾਂ ਕਿਹਾ ਕਿ ਇਸ ਨਾਲ ਪੁਲਿਸ ਵਿਭਾਗ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੁਰਘਟਨਾ ਤੋਂ ਬਾਅਦ ਸਿਵਲ ਹਸਪਤਾਲ ਫਗਵਾੜਾ ਦੇ ਡਾ. ਮਨਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਡੀਐੱਸਪੀ ਯੋਗੇਸ਼ ਕੁਮਾਰ ਸ਼ਰਮਾ ਦੀ ਮ੍ਰਿਤਕ ਦੇਹ ਮੁਰਦਾਘਰ ਵਿਖੇ ਰੱਖਵਾ ਦਿੱਤੀ ਗਈ ਹੈ।