ਪੱਤਰ ਪ੍ਰੇਰਿਕ, ਪੰਜਾਬੀ ਜਾਗਰਣ ਸੁਲਤਾਨਪੁਰ

ਪੱਤਰ ਪ੍ਰੇਰਿਕ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ-ਕਪੂਰਥਲਾ : ਜ਼ਿਲ੍ਹੇ ਵਿਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦੇ ਦਾਅਵਿਆਂ ‘ਤੇ ਗੰਭੀਰ ਸਵਾਲ ਖੜੇ ਹੋ ਰਹੇ ਹਨ। ਸੁਲਤਾਨਪੁਰ ਲੋਧੀ ਸ਼ਹਿਰ ਦੇ ਪੰਡੋਰੀ ਮੁਹੱਲੇ ਵਿਚ ਚਾਰ ਪੁੱਤਾਂ ਨੂੰ ਗਵਾਉਣ ਵਾਲੀ ਮਾਂ ਦਾ ਪੰਜਵਾ ਪੁੱਤ ਵੀ ਮੰਗਲਵਾਰ ਨੂੰ ਨਸ਼ੇ ਕਾਰਣ ਜਹਾਨੋਂ ਤੁਰ ਗਿਆ। ਮਨਜੀਤ ਕੌਰ ਦੇ ਇਸ ਪੁੱਤ ਦਾ ਅੰਮਿਤਸਰ ਵਿਚ ਇਲਾਜ ਚਲ ਰਿਹਾ ਸੀ, ਜਿਸ ਦੀ ਅੱਜ ਹੋਈ ਮੌਤ ਨੇ ਸਰਕਾਰੀ ਦਾਅਵਿਆਂ ਤੇ ਯੁੱਧ ਨਸ਼ਿਆਂ ਵਿਰੁੱਧ ਦੀ ਪੋਲ ਖੋਲ੍ਹ ਕੇ ਰੱਖ ਦਿਤੀ ਹੈ।
ਔਰਤਾਂ ਰੋ-ਰੋ ਕੇ ਦੱਸ ਰਹੀਆਂ ਹਨ ਕਿ ਉਨ੍ਹਾਂ ਦੇ ਪੁੱਤ ਨਸ਼ੇ ਦੀ ਓਵਰਡੋਜ਼ ਕਾਰਨ ਮਰ ਰਹੇ ਹਨ ਤੇ ਅਜੇ ਵੀ ਹਾਲਾਤ ਬੇਕਾਬੂ ਹੋਏ ਪਏ ਹਨ। ਇਸ ਮੌਕੇ ਸਭ ਤੋਂ ਦਰਦਨਾਕ ਕਹਾਣੀ ਇਕ ਮਾਂ ਦੀ ਸਾਹਮਣੇ ਆਈ, ਜਿਸਨੇ ਆਪਣਾ ਪੰਜਵਾਂ ਪੁੱਤ ਵੀ ਗੁਆ ਲਿਆ ਹੈ। ਮਨਜੀਤ ਕੌਰ ਦਾ ਕਹਿਣਾ ਹੈ ਕਿ “ਮੈਂ ਪੰਜ ਪੁੱਤਾਂ ਦੀ ਮਾਂ ਆਂ… ਜਿਨ੍ਹਾਂ ’ਚੋ ਚਾਰ ਨੂੰ ਆਪਣੇ ਮੋਢਿਆਂ ‘ਤੇ ਚੱਕ ਕੇ ਸ਼ਮਸ਼ਾਨ ਛੱਡ ਕੇ ਆਈ ਆਂ… ਹੁਣ ਪੰਜਵਾਂ ਵੀ ਛੱਡਣ ਜਾਵਾਂਗੀ। ਆਪਣੇ ਨਿੱਕੇ ਪੋਤੇ ਵੱਲ ਇਸ਼ਾਰਾ ਕਰਦਿਆਂ ਉਸਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਸਾਡੇ ਪੁੱਤ ਤਾਂ ਮਰ ਗਏ… ਹੁਣ ਇਨ੍ਹਾਂ ਨੂੰ ਬਚਾ ਲਵੋ…।
ਕਈ ਘਰਾਂ ’ਚੋਂ ਨਸ਼ੇ ਕਾਰਣ ਉੱਠ ਚੁਕੀਆਂ ਲਾਸ਼ਾਂ
ਇਹ ਸਿਰਫ ਇਕ ਪਰਿਵਾਰ ਦੀ ਕਹਾਣੀ ਨਹੀਂ। ਇਥੇ ਮੌਜੂਦ ਕਈ ਮਾਵਾਂ ਨੇ ਦੱਸਿਆ ਕਿ ਕਿਸੇ ਦੇ ਦੋ ਪੁੱਤ, ਕਿਸੇ ਦੇ ਤਿੰਨ, ਕਿਸੇ ਦੇ ਚਾਰ ਭਾਵ ਹਰ ਘਰ ਵਿਚ ਨਸ਼ੇ ਨੇ ਤਬਾਹੀ ਮਚਾਈ ਹੋਈ ਹੈ। ਕਈ ਔਰਤਾਂ ਨੇ ਕਿਹਾ ਕਿ ਉਨ੍ਹਾਂ ਦੇ ਇਕੱਲੇ ਪੁੱਤ ਵੀ ਓਵਰਡੋਜ਼ ਨਾਲ ਮਰ ਗਏ, ਜਿਸ ਨਾਲ ਘਰਾਂ ਦੇ ਚਿਰਾਗ ਹੀ ਬੁੱਝ ਗਏ ਹਨ।
-ਥਾਣੇ ਕੋਲ ਨਸ਼ਾ ਵਿਕਣ ਦੇ ਦੋਸ਼-
ਅਨੇਕ ਮਾਵਾਂ ਨੇ ਗੰਭੀਰ ਇਲਜ਼ਾਮ ਲਗਾਏ ਕਿ ਨਸ਼ਾ ਅਜੇ ਵੀ ਖੁੱਲ੍ਹੇਆਮ ਵਿਕ ਰਿਹਾ ਹੈ। “ਮੂੰਹ ਲਪੇਟ ਕੇ ਮੋਟਰਸਾਈਕਲਾਂ ‘ਤੇ ਆਉਂਦੇ ਨੇ… ਸਾਡੇ ਸਾਹਮਣੇ ਚਿੱਟੇ ਦੀਆਂ ਪੁੜੀਆਂ ਦੇ ਕੇ ਚਲੇ ਜਾਂਦੇ ਨੇ… ਇਥੋਂ ਤੱਕ ਕਿ ਥਾਣੇ ਦੀਆਂ ਕੰਧਾਂ ਕੋਲ ਵੀ ਨਸ਼ਾ ਵਿਕਦਾ ਏ…”ਇਹ ਦੋਸ਼ ਸਿੱਧੇ ਤੌਰ ‘ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਦੇ ਹਨ। ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਵਿਰੋਧੀ ਅਭਿਆਨ “ਯੁੱਧ ਨਸ਼ਿਆਂ ਵਿਰੁੱਧ” ਉਪਰ ਵੀ ਮਾਵਾਂ ਨੇ ਸਵਾਲ ਉਠਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਥਾਣਿਆਂ ਦੇ ਨੇੜੇ ਹੀ ਨਸ਼ਾ ਵਿਕ ਰਿਹਾ ਹੈ, ਤਾਂ ਇਹ ਮੁਹਿੰਮ ਕਿੰਨੀ ਕਾਰਗਰ ਹੈ? ਮਾਵਾਂ ਨੇ ਭਗਵੰਤ ਮਾਨ ਸਰਕਾਰ ਤੋਂ ਨਸ਼ੇ ਕਾਰਣ ਆਪਣੇ ਲਾਡਲਿਆਂ ਦੀ ਮੌਤ ਦੇ ਜ਼ਿੰਮੇਵਾਰਾਂ ਖਿਲਾਫ ਇਨਸਾਫ਼ ਦੀ ਮੰਗ ਕੀਤੀ।
-ਪੁਲਿਸ ਮੌਕੇ ‘ਤੇ ਪਹੁੰਚੀ, ਪਰ ਮਾਵਾਂ ਦੀ ਅਪੀਲ ਜਾਰੀ-
ਸਥਾਨਕ ਔਰਤਾਂ ਵੱਲੋਂ ਸੂਚਨਾ ਦੇਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਮਾਵਾਂ ਨੇ ਪੁਲਿਸ ਸਾਹਮਣੇ ਹੀ ਰੋ-ਰੋ ਕੇ ਆਪਣਾ ਦਰਦ ਬਿਆਨ ਕੀਤਾ। ਉਨ੍ਹਾਂ ਕਿਹਾ “ਅਸੀਂ ਪੁਲਿਸ ਦੇ ਖਿਲਾਫ ਨਹੀਂ… ਪਰ ਸਾਡੀ ਸੁਣਵਾਈ ਜ਼ਰੂਰ ਹੋਣੀ ਚਾਹੀਦੀ ਹੈ…”। ਇਹ ਨਸ਼ਾ ਰੋਜ਼ਾਨਾ ਨੌਜਵਾਨਾਂ ਨੂੰ ਭਰ ਜਵਾਨੀ ’ਚ ਨਿਗਲ ਰਿਹਾ ਹੈ। ਪੁਲਿਸ ਨਸ਼ੇ ਦੇ ਸੌਦਾਗਰਾਂ ਖਿਲਾਫ ਸਖ਼ਤ ਕਾਰਵਾਈ ਕਰੇ ਤੇ ਕਾਰਵਾਈ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਨਤਾ ਸਾਹਮਣੇ ਨੰਗਾ ਕੀਤਾ ਜਾਵੇ।
-ਨਸ਼ਾ ਸਿਰਫ ਲਤ ਨਹੀਂ, ਪਰਿਵਾਰਾਂ ਦੀ ਤਬਾਹੀ-
ਕਈ ਮਾਵਾਂ ਨੇ ਦੱਸਿਆ ਕਿ ਨਸ਼ੇ ਦੀ ਲਤ ਕਾਰਨ ਉਨ੍ਹਾਂ ਦੇ ਪੁੱਤ ਘਰਾਂ ਦਾ ਸਮਾਨ ਤੱਕ ਵੇਚ ਆਉਂਦੇ ਸਨ। ਇਹ ਸਿਰਫ ਇਕ ਆਦਤ ਨਹੀਂ, ਸਗੋਂ ਪੂਰੇ ਪਰਿਵਾਰਾਂ ਨੂੰ ਤਬਾਹ ਕਰਨ ਵਾਲੀ ਸਮੱਸਿਆ ਬਣ ਚੁੱਕੀ ਹੈ, ਜਿਸ ਨਾਲ ਆਰਥਿਕ, ਸਮਾਜਿਕ ਤੇ ਮਾਨਸਿਕ ਤੌਰ ‘ਤੇ ਘਰ ਬਰਬਾਦ ਹੋ ਰਹੇ ਹਨ। ਇਨ੍ਹਾਂ ਮਾਵਾਂ ਦੇ ਅਜਿਹੇ ਸਵਾਲ ਪੂਰੇ ਸਮਾਜ ਨੂੰ ਝਿੰਝੋੜ ਰਹੇ ਹਨ। ਇਹ ਕਹਿੰਦੀਆਂ ਹਨ ਕਿ “ਕੌਣ ਕਹਿੰਦਾ ਨਸ਼ਾ ਖਤਮ ਹੋ ਗਿਆ? ਸਾਡੇ ਪੁੱਤ ਅੱਜ ਵੀ ਸ਼ਮਸ਼ਾਨਾਂ ਵੱਲ ਜਾ ਰਹੇ ਨੇ…”। ਮਾਨ ਸਾਹਿਬ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੋਈ ਕਦਮ ਉਠਾਓ, ਨਹੀਂ ਤਾਂ ਘਰ-ਘਰ ਨੌਜਵਾਨਾਂ ਦੀਆਂ ਲਾਸ਼ਾਂ ਦੇ ਸੱਥਰ ਇੰਜ ਹੀ ਵਿਛਦੇ ਰਹਿਣਗੇ।