ਗੁਰੂ ਨਾਨਕ ਲਾਇਬ੍ਰੇਰੀ ਦੇ ਨਵੀਨੀਕਰਨ ਦੀ ਡਾ. ਚੱਬੇਵਾਲ ਨੇ ਕੀਤੀ ਸ਼ੁਰੂਆਤ
ਗੁਰੂ ਨਾਨਕ ਲਾਇਬ੍ਰੇਰੀ ਦੇ ਨਵੀਨੀਕਰਨ ਦੀ ਡਾ. ਚੱਬੇਵਾਲ ਐਮ.ਪੀ ਨੇ ਕੀਤੀ ਸ਼ੁਰੂਆਤ
Publish Date: Mon, 16 Mar 2026 07:10 PM (IST)
Updated Date: Mon, 16 Mar 2026 07:13 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਿੱਖਿਆ ਦੇ ਧੁਰੇ ਵਜੋਂ ਜਾਣੇ ਜਾਂਦੇ ਫਗਵਾੜਾ ਸ਼ਹਿਰ ਲਈ ਵਿਦਿਆਰਥੀਆਂ, ਅਧਿਆਪਕਾਂ, ਲੇਖਕਾਂ, ਸਾਹਿਤ ਪ੍ਰੇਮੀਆਂ ਨੂੰ ਨਵਾਂ ਤੋਹਫਾ ਭੇਟ ਕਰਦਿਆਂ ਮਿਊਂਸਪਲ ਕਾਰਪੋਰੇਸ਼ਨ ਫਗਵਾੜਾ ਨੇ ਟਾਊਨ ਹਾਲ ਸਥਿਤ ਗੁਰੂ ਨਾਨਕ ਦੇਵ ਲਾਇਬ੍ਰੇਰੀ ਦੀ ਮੁੜ ਉਸਾਰੀ ਤੇ ਨਵੀਨੀਕਰਨ ਦਾ ਬੀੜਾ ਚੁਕਦਿਆਂ ਇਸ ਦੇ ਕੰਮਕਾਰ ਦੀ ਸ਼ੁਰੂਆਤ ਕੀਤੀ ਹੈ। ਇਹ ਲਾਇਬ੍ਰੇਰੀ ਦਹਾਕਿਆਂ ਪੁਰਾਣੀ ਹੈ ਤੇ ਇਸ ਦੀ ਹਾਲਤ ਖਸਤਾ ਹੋ ਚੁੱਕੀ ਸੀ। ਲੇਖਕ, ਬੁਧੀਜੀਵੀਆਂ ਨੇ ਇਸ ਲਾਇਬ੍ਰੇਰੀ ਨੂੰ ਮੁੜ ਚਾਲੂ ਕਰਨ ਲਈ ਯਤਨ ਕਰਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਸਾਬਕਾ ਮਿਊਂਸਪਲ ਕਮਿਸ਼ਨਰ ਅਕਸ਼ਿਤਾ ਗੁਪਤਾ, ਐੱਮਪੀ ਡਾ. ਰਾਜਕੁਮਾਰ ਚੱਬੇਵਾਲ, ਹਰਜੀਮਾਨ ਹਲਕਾ ਇੰਚਰਾਜ ਆਪ ਨੂੰ ਲਗਾਤਾਰ ਮੰਗ ਪੱਤਰ ਤੇ ਯਾਦ ਪੱਤਰ ਦਿੱਤੇ ਸਨ। ਫਗਵਾੜਾ ਦੇ ਲੋਕਾਂ ਦੀ ਮੰਗ ਸੀ ਕਿ ਆਈਏਐੱਸ, ਪੀਸੀਐੱਸ ਤੇ ਹੋਰ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਲਈ ਪੁਸਤਕਾਂ ਦੇ ਪ੍ਰਬੰਧ ਦੇ ਨਾਲ-ਨਾਲ, ਕੰਪਿਊਟਰ, ਇੰਟਰਨੈੱਟ ਸੇਵਾਵਾਂ, ਸਾਹਿਤਕ ਪੁਸਤਕਾਂ, ਮੈਗਜ਼ੀਨ, ਅਖ਼ਬਾਰਾਂ ਇਥੇ ਮੁਹੱਈਆ ਕੀਤੀਆਂ ਜਾਣ ਤੇ ਦੋ ਯੂਨੀਵਰਸਿਟੀਆਂ, ਦਰਜਨਾਂ ਕਾਲਜਾਂ, ਸਕੂਲਾਂ ਦੇ ਵਿਦਿਆਰਥੀਆਂ ਦੀ ਮੁਕਾਬਲੇ ਪ੍ਰੀਖਿਆ ਦੀ ਪੜਾਈ ਲਈ ਸੁਖਾਵਾਂ ਮਾਹੌਲ ਇਸ ਲਾਇਬ੍ਰੇਰੀ ‘ਚ ਮੁਹੱਈਆ ਕੀਤਾ ਜਾਵੇ। ਰਾਮ ਪਾਲ ਉਪਲ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਜੀਮਾਨ ਦੇ ਯਤਨਾਂ ਨਾਲ ਇਸ ਪ੍ਰਾਜੈਕਟ ਲਈ 22.5 ਲੱਖ ਰੱਖੇ ਗਏ ਤੇ 20 ਲੱਖ ਰੁਪਏ ਡਾ. ਰਾਜਕੁਮਾਰ ਚੱਬੇਵਾਲ ਨੇ ਦੇਣ ਦਾ ਵਾਅਦਾ ਕੀਤਾ ਤੇ ਇਸ ਪ੍ਰਾਜੈਕਟ ਦੇ ਨਵੀਨੀਕਰਨ ਦੀ ਸ਼ੁਰੂਆਤ ਡਾ. ਰਾਜਕੁਮਾਰ ਚੱਬੇਵਾਲ, ਹਲਕਾ ਇੰਚਾਰਜ ਹਰਜੀਮਾਨ ਤੇ ਲੇਖਕਾਂ, ਪੱਤਰਕਾਰਾਂ ਦੇ ਨੁਮਾਇੰਦੇ ਪ੍ਰਸਿੱਧ ਲੇਖਕ ਪ੍ਰੋ. ਜਸਵੰਤ ਸਿੰਘ ਗੰਡਮ ਨੇ ਇਕ ਵਿਸ਼ੇਸ਼ ਇਕੱਠ ਦੌਰਾਨ ਕੀਤੀ। ਪੰਜਾਬੀ ਵਿਰਸਾ ਟਰੱਸਟ ਦੇ ਪ੍ਰਧਾਨ ਪ੍ਰੋ. ਜਸਵੰਤ ਸਿੰਘ ਗੰਡਮ, ਤਰਨਜੀਤ ਸਿੰਘ ਕਿੰਨੜਾ, ਪ੍ਰਧਾਨ ਪੰਜਾਬੀ ਕਲਾ ਤੇ ਸਾਹਿਤ ਕੇਂਦਰ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਪ੍ਰਧਾਨ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ, ਰਵਿੰਦਰ ਚੋਟ ਪ੍ਰਧਾਨ ਸਕੇਪ ਸਾਹਿਤਕ ਸੰਸਥਾ, ਸਾਬਕਾ ਪ੍ਰਧਾਨ ਪਰਵਿੰਦਰਜੀਤ ਸਿੰਘ ਅਤੇ ਸਾਬਕ ਪ੍ਰਧਾਨ ਕਮਲੇਸ਼ ਸੰਧੂ,ਬਲਦੇਵ ਰਾਜ ਕੋਮਲ ਨੇ ਗੁਰੂ ਨਾਨਕ ਦੇਵ ਲਾਇਬ੍ਰੇਰੀ ਦੇ ਮੁੜ ਚਾਲੂ ਕਰਨ ਤੇ ਨਵੀਨੀਕਰਨ ਦੀ ਸ਼ਲਾਘਾ ਕੀਤੀ ਹੈ।