ਕਾਤਲ ਚੀਨੀ ਡੋਰ ਨਾ ਖਰੀਦੋ ਤੇ ਨਾ ਵੇਚੋ : ਧੀਮਾਨ
ਕਾਤਲ ਚੀਨੀ ਡੋਰ ਨਾ ਖਰੀਦੋ ਅਤੇ ਨਾ ਵੇਚੋ: ਧੀਮਾਨ
Publish Date: Thu, 22 Jan 2026 07:04 PM (IST)
Updated Date: Thu, 22 Jan 2026 07:06 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਬਸੰਤ ਪੰਚਮੀ ਤੇ ਬੱਚੇ ਤੇ ਨੌਜਵਾਨ ਦੋਵੇਂ ਪਤੰਗ ਉਡਾਉਣ ਦਾ ਆਨੰਦ ਮਾਣਦੇ ਹਨ। ਪਤੰਗ ਉਡਾਉਣ ਦਾ ਅਸਲੀ ਮਜ਼ਾ ਉਦੋਂ ਆਉਂਦਾ ਹੈ ਜਦੋਂ ਨੌਜਵਾਨ ਇਕ-ਦੂਜੇ ਦੀਆਂ ਪਤੰਗਾਂ ਕੱਟ ਕੇ ਜਸ਼ਨ ਮਨਾਉਂਦੇ ਹਨ। ਇਸ ਖੁਸ਼ੀ ਨੂੰ ਪ੍ਰਾਪਤ ਕਰਨ ਲਈ ਅੱਜ ਬੱਚੇ ਅਤੇ ਨੌਜਵਾਨ ਸਭ ਤੋਂ ਵਧੀਆ ਡੋਰ ਵਰਤਣਾ ਚਾਹੁੰਦੇ ਹਨ ਤੇ ਇਸ ਏਵਜ਼ ਵਿਚ ਉਹ ਅਕਸਰ ਬਾਜ਼ਾਰ ਤੋਂ ਚਾਈਨਾ ਡੋਰ ਵਜੋਂ ਜਾਣੀ ਜਾਂਦੀ ਕਾਤਲ ਡੋਰ ਘਰ ਲਿਆਉਣ ਦੀ ਗਲਤੀ ਕਰਦੇ ਹਨ। ਇਹ ਕਾਤਲ ਡੋਰ ਨਾ ਸਿਰਫ਼ ਦੂਜਿਆਂ ਲਈ ਸਗੋਂ ਆਪਣੇ ਲਈ ਵੀ ਖ਼ਤਰਨਾਕ ਸਾਬਤ ਹੁੰਦੀ ਹੈ। ਅਸੀਂ ਅਕਸਰ ਪਤੰਗ ਉਡਾਉਂਦੇ ਸਮੇਂ ਲੋਕਾਂ ਦੀਆਂ ਗਰਦਨਾਂ, ਹੱਥ ਜਾਂ ਉਂਗਲਾਂ ਕੱਟਣ ਬਾਰੇ ਵੇਖਦੇ ਅਤੇ ਸੁਣਦੇ ਹਾਂ। ਮੰਦਰ ਮਾਨਾ ਰਾਮ ਸੁਧਾਰ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਵਿਸ਼ਵਕਰਮਾ ਮੰਦਰ, ਫਗਵਾੜਾ ਦੇ ਸਾਬਕਾ ਪ੍ਰਧਾਨ ਬਲਵੰਤ ਰਾਏ ਧੀਮਾਨ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਪਤੰਗ ਉਡਾਉਣ ਲਈ ਸੂਤੀ ਡੋਰ ਵਰਤਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਾਡੇ ਸਮੇਂ ਵਿਚ ਸਿਰਫ਼ ਸੂਤੀ ਡੋਰ ਹੀ ਵਰਤੀ ਜਾਂਦੀ ਸੀ, ਪਰ ਹਾਲ ਹੀ ਵਿਚ ਚੀਨੀ ਡੋਰ ਦੇ ਆਉਣ ਤੋਂ ਬਾਅਦ ਇਹ ਪਸੰਦੀਦਾ ਬਦਲ ਬਣ ਗਿਆ ਹੈ, ਭਾਵੇਂ ਇਹ ਘਾਤਕ ਹੈ। ਇਹ ਅਸਮਾਨ ਵਿਚ ਉੱਡਦੇ ਪੰਛੀਆਂ ਲਈ ਵੀ ਬਹੁਤ ਖ਼ਤਰਨਾਕ ਹੈ। ਫਿਰ ਵੀ ਨੌਜਵਾਨ ਤੇ ਬੱਚੇ ਬਿਨਾਂ ਕਿਸੇ ਡਰ ਦੇ ਇਸਦੀ ਵਰਤੋਂ ਕਰ ਰਹੇ ਹਨ, ਜਿਸ ਕਾਰਨ ਹਰ ਰੋਜ਼ ਦੁਖਦ ਘਟਨਾਵਾਂ ਵਾਪਰ ਰਹੀਆਂ ਹਨ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਚੀਨੀ ਡੋਰ ਨਾ ਖਰੀਦਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਇਸਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿ ਪ੍ਰਸ਼ਾਸਨ ਨੇ ਚੀਨੀ ਡੋਰ ਦੀ ਖਰੀਦ-ਵੇਚ ਤੇ ਪਾਬੰਦੀ ਲਗਾਈ ਹੈ, ਫਿਰ ਵੀ ਦੁਕਾਨਦਾਰਾਂ ਦੁਆਰਾ ਇਸਦੀ ਵਿਕਰੀ ਤੇ ਬੱਚਿਆਂ ਵੱਲੋਂ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੀਨੀ ਡੋਰ ਵੇਚਣ ਵਾਲੇ ਦੁਕਾਨਦਾਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕੇਂਦਰ ਸਰਕਾਰ ਨੂੰ ਚਾਈਨਾ ਡੋਰ ਦੀ ਵਰਤੋਂ ਸਬੰਧੀ ਸਖ਼ਤ ਕਾਨੂੰਨ ਬਣਾਉਣ ਦੀ ਵੀ ਅਪੀਲ ਕੀਤੀ, ਤਾਂ ਜੋ ਦੂਜਿਆਂ ਦੀ ਜਾਨ ਨਾਲ ਖੇਡਣ ਵਾਲੇ ਲੋਕਾਂ ਨੂੰ ਸਖ਼ਤ ਸਜ਼ਾ ਦਿੱਤੀ ਜਾ ਸਕੇ, ਜਿਸ ਨਾਲ ਮਨੁੱਖਾਂ, ਜਾਨਵਰਾਂ ਤੇ ਪੰਛੀਆਂ ਨੂੰ ਨੁਕਸਾਨ ਹੋਣ ਤੋਂ ਰੋਕਿਆ ਜਾ ਸਕੇ।