ਦੋਆਬਾ ਸਾਹਿਤ ਤੇ ਸਮਾਜਿਕ ਕੇਂਦਰ ਨੇ ਕਵੀ ਦਰਬਾਰ ਕਰਵਾਇਆ
ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਵਲੋਂ ਕਵੀ ਦਰਬਾਰ ਅਤੇ ਸਨਮਾਨ ਸਮਾਗਮ ਦਾ ਹੋਇਆ ਆਯੋਜਨ
Publish Date: Fri, 27 Feb 2026 08:02 PM (IST)
Updated Date: Fri, 27 Feb 2026 08:04 PM (IST)

ਚੇਅਰਮੈਨ ਖਾਲਸ ਨੂੰ ਕੀਤਾ ਸਨਮਾਨਿਤ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਉਸਾਰੂ ਸਾਹਿਤ ਤੇ ਸਾਫ-ਸੁਥਰੇ ਸਮਾਜ ਲਈ ਕਾਰਜਸ਼ੀਲ ਦੋਆਬਾ ਸਾਹਿਤ ਤੇ ਸਮਾਜਿਕ ਕੇਂਦਰ ਵੱਲੋਂ ਪ੍ਰਧਾਨ ਰਵਿੰਦਰ ਸਿੰਘ ਰਾਏੇ ਤੇ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਸੈਣੀ ਦੀ ਸਾਂਝੀ ਅਗਵਾਈ ਹੇਠ ਕਵੀ ਦਰਬਾਰ ਤੇ ਸਨਮਾਨ ਸਮਾਗਮ ਦਾ ਆਯੋਜਨ ਸਥਾਨਕ ਵਰਿੰਦਰ ਨਗਰ ਵਿਖੇ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕੇਂਦਰ ਦੇ ਡਾਇਰੈਕਟਰ ਡਾ. ਐੱਸਪੀ ਮਾਨ ਤੇ ਡਾ. ਸਾਗਰ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ। ਕੇਂਦਰ ਦੇ ਪ੍ਰਧਾਨ ਰਵਿੰਦਰ ਸਿੰਘ ਰਾਏ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦੋਆਬਾ ਸਾਹਿਤ ਤੇ ਸਮਾਜਿਕ ਕੇਂਦਰ ਪਿਛਲੇ 14 ਸਾਲ ਤੋਂ ਸਮਾਜਿਕ, ਸਾਹਿਤਕ ਤੇ ਧਾਰਮਿਕ ਗਤੀਵਿਧੀਆਂ ‘ਚ ਪੂਰੀ ਤਨਦੇਹੀ ਦੇ ਨਾਲ ਕਾਰਜਸ਼ੀਲ ਹੈ। ਕੇਂਦਰ ਵਲੋਂ ਪਿਛਲੇ ਸਮੇਂ ਦੌਰਾਨ ਫਰੀ ਮੈਡੀਕਲ ਕੈਂਪ, ਪ੍ਰਦੂਸ਼ਨ ਜਾਂਚ, ਸ਼ਹਿਰ ਦੀਆਂ ਪਾਰਕਾਂ, ਸਕੂਲਾਂ ਤੇ ਸੜਕਾਂ ਕਿਨਾਰੇ ਛਾਂਦਾਰ ਦਰਖ਼ਤ ਤੇ ਫੁੱਲਾਂ ਵਾਲੇ ਬੂਟੇ ਵੱਡੀ ਪੱਧਰ ‘ਤੇ ਲਗਾਏ ਹਨ। ਵਾਤਾਵਰਣ ਸੰਭਾਲ ਤੇ ਨਸ਼ਿਆਂ ਦੀ ਬੁਰਾਈ ਸਬੰਧੀ ਜਾਗਰੂਕਤਾ ਸੈਮੀਨਾਰ ਵੀ ਕਰਵਾਏ ਗਏ ਹਨ। ਲੇਖਕਾਂ, ਕਵੀਆਂ ਤੇ ਸ਼ਾਇਰਾਂ ਦੀਆਂ ਕਿਤਾਬਾਂ ਦਾ ਲੋਕ ਅਰਪਣ ਕੀਤਾ ਹੈ। ਲੋਕਾਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਤੇ ਕਪੜੇ ਦੇ ਥੈਲਿਆਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸਾਹਿਤਕਾਰਾਂ ਤੇ ਹੋਰ ਸ਼ਖਸੀਅਤਾਂ ਨੂੰ ਸਨਮਾਨਤ ਵੀ ਕੀਤਾ ਜਾਂਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਅਗਾਂਹ ਵੀ ਸਮਾਜ ਸੇਵਾ ਦੇ ਇਹ ਕਾਰਜ ਜਾਰੀ ਰਹਿਣਗੇ। ਇਸ ਦੌਰਾਨ ਕੇਂਦਰ ਦੇ ਚੇਅਰਮੈਨ ਜਤਿੰਦਰ ਸਿੰਘ ਖਾਲਸਾ ਨੂੰ ਉਨ੍ਹਾਂ ਵੱਲੋਂ ਸਮਾਜ ਸੇਵਾ ਵਿਚ ਪਾਏ ਜਾ ਰਹੇ ਯੋਗਦਾਨ ਲਈ ਸਨਮਾਨ ਚਿੰਨ੍ਹ ਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਆਯੋਜਿਤ ਕਵੀ ਦਰਬਾਰ ਦੌਰਾਨ ਰਵਿੰਦਰ ਸਿੰਘ ਰਾਏ ਤੋਂ ਇਲਾਵਾ ਲਵਪ੍ਰੀਤ ਸਿੰਘ ਰਾਏ, ਖੁਸ਼ਪ੍ਰੀਤ ਕੌਰ, ਸਾਹਿਬ ਸਿੰਘ ਪਲਾਹੀ, ਰਜਿੰਦਰ ਸਿੰਘ ਤੇ ਹੋਰ ਕਵੀਆਂ ਨੇ ਗਜ਼ਲਾਂ ਤੇ ਕਵਿਤਾਵਾਂ ਰਾਹੀਂ ਸਮਾਂ ਬੰਨ੍ਹਿਆ ਤੇ ਖੂਬ ਵਾਹਵਾਹੀ ਖੱਟੀ। ਅਖੀਰ ਵਿਚ ਮਧੂਬਾਲਾ ਪਲਾਹੀ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ।