ਕਿਸਾਨਾਂ ਨੌਜਵਾਨਾਂ ’ਤੇ ਪੁਲਿਸ ਲਾਠੀਚਾਰਜ ਦੀ ਕੀਤੀ ਨਿੰਦਾ
ਦੋਆਬਾ ਕਿਸਾਨ ਕਮੇਟੀ ਵੱਲੋਂ ਹੱਕ ਮੰਗਦੇ ਨੌਜਵਾਨਾਂ ’ਤੇ ਪੁਲਿਸ ਲਾਠੀਚਾਰਜ ਦੀ ਨਿੰਦਾ
Publish Date: Mon, 08 Jun 2026 06:52 PM (IST)
Updated Date: Mon, 08 Jun 2026 06:53 PM (IST)

ਡਾਗਾਂ ਨਾਲ ਸੰਘਰਸ਼ ਨਹੀਂ ਦਬਦੇ, ਸਗੋਂ ਹੋਰ ਭੜਕਦੇ ਹਨ : ਦੋਆਬਾ ਕਿਸਾਨ ਕਮੇਟੀ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬੀਤੇ ਦਿਨੀਂ ਪਟਿਆਲਾ ਵਿਚ ਲੋਕਤੰਤਰ ਦਾ ਜੋ ਘਾਣ ਹੋਇਆ ਹੈ, ਉਸਦੀ ਜਿੰਨੀ ਵੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਜਾਵੇ, ਉਹ ਥੋੜੀ ਹੈ। ਇਹ ਵਿਚਾਰ ਦੋਆਬਾ ਕਿਸਾਨ ਕਮੇਟੀ ਦੇ ਜ਼ਿਲਾ ਕਪੂਰਥਲਾ ਪ੍ਰਧਾਨ ਬਲਦੇਵ ਸਿੰਘ ਚੰਨਣਵਿੰਡੀ, ਬਲਾਕ ਪ੍ਰਧਾਨ ਚਰਨਜੀਤ ਸਿੰਘ ਵਾਟਾਂਵਾਲੀ, ਸਰਪੰਚ ਗੁਰਮੀਤ ਸਿੰਘ ਵਾਟਾਂਵਾਲੀ ਨੇ ਗੱਲਬਾਤ ਦੌਰਾਨ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਦੇ ਦਫਤਰ ਅੱਗੇ ਆਪਣੇ ਹੱਕਾਂ ਪ੍ਰਤੀ ਸ਼ਾਂਤਮਈ ਧਰਨਾ ਲਗਾਈ ਬੈਠੇ ਨੌਜਵਾਨਾਂ ਉਪਰ ਪੁਲਿਸ ਵੱਲੋਂ ਜਿਸ ਤਰ੍ਹਾਂ ਵਹਿਸ਼ੀਆਣਾ ਢੰਗ ਨਾਲ ਲਾਠੀਚਾਰਜ ਕੀਤਾ ਹੈ, ਉਸ ਲਾਠੀਚਾਰਜ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ। ਆਗੂਆਂ ਨੇ ਕਿਹਾ ਕਿ ਇਸ ਲਾਠੀਚਾਰਜ ਦੌਰਾਨ ਪੁਲਿਸ ਅਫਸਰਾਂ ਨੇ ਖੁਦ ਹੱਥਾਂ ਵਿਚ ਲਾਠੀਆਂ ਫੜ੍ਹ ਕੇ ਸ਼ਾਂਤਮਈ ਧਰਨੇ ’ਤੇ ਬੈਠੇ ਨੌਜਵਾਨਾਂ ਉੱਤੇ ਜਿਸ ਤਰ੍ਹਾਂ ਵਹਿਸ਼ੀਆਣਾ ਢੰਗ ਨਾਲ ਵਰ੍ਹਾਈਆਂ ਅਤਿ ਨਿੰਦਣਯੋਗ ਹੈ। ਇਹ ਪਟਿਆਲੇ ਵਿਚ ਹੋਇਆ ਲਾਠੀਚਾਰਜ ਭਗਵੰਤ ਮਾਨ ਸਰਕਾਰ ਉੱਤੇ ਸਭ ਤੋਂ ਵੱਡਾ ਕਲੰਕ ਹੈ, ਜਿਸਨੂੰ ਪੰਜਾਬ ਦੇ ਲੋਕ ਕਦੇ ਵੀ ਨਹੀਂ ਭੁੱਲਣਗੇ। ਅੱਜ ਪੰਜਾਬ ਦਾ ਬੱਚਾ-ਬੱਚਾ ਭਗਵੰਤ ਮਾਨ ਦੇ ਇਕੱਲੇ-ਇਕੱਲੇ ਵਿਧਾਇਕ ਨੂੰ ਸੁਆਲ ਕਰ ਰਿਹਾ ਹੈ ਕਿ ਇਸੇ ਬਦਲਾਅ ਲਈ ਤੁਹਾਨੂੰ ਅੰਨ੍ਹੇਵਾਹ ਵੋਟਾਂ ਪਾ ਕੇ ਚੁਣਿਆ ਸੀ? ਆਗੂਆਂ ਨੇ ਮੌਜੂਦਾ ਸਰਕਾਰ ਪ੍ਰਤੀ ਰੋਹ ਜ਼ਾਹਰ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਜੋ ਬਹੁਤ ਭੋਲੇ ਹਨ, ਜੇਕਰ ਉਹ ਕਿਸੇ ਨੂੰ ਸਿਰ ’ਤੇ ਬਿਠਾਉਣਾ ਜਾਣਦੇ ਹਨ, ਤਾਂ ਲਾਹੁਣਾ ਵੀ ਜਾਣਦੇ ਹਨ, ਕੀ ਨੌਜਵਾਨਾਂ ਵੱਲੋਂ ਆਪਣੇ ਹੱਕ ਮੰਗਣਾ ਨਜਾਇਜ਼ ਗੱਲ ਹੈ। ਜੇਕਰ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਹੀ ਨਹੀਂ ਦੇਣਾ ਤਾਂ ਪੰਜਾਬ ਦੀਆਂ ਸੜਕਾਂ ਦੇ ਆਲੇ-ਦੁਆਲੇ ਫਲੈਕਸ ਬੋਰਡ ਲਗਾ ਕੇ ਆਪਣੀ ਸਰਕਾਰ ਦੇ ਝੂਠੇ ਗੁਣਗਾਣ ਕਿਉਂ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਡਾਗਾਂ ਨਾਲ ਅੰਦੋਲਨ ਦੱਬਦੇ ਨਹੀਂ, ਸਗੋਂ ਹੋਰ ਭੜਕਦੇ ਹਨ, ਪੰਜਾਬ ਦੀ ਜਵਾਨੀ ਨਾ ਜੁਲਮ ਤੋਂ ਡਰਨ ਵਾਲੀ ਹੈ ਤੇ ਨਾ ਹੀ ਝੁਕਣ ਵਾਲੀ ਹੈ। ਇਸ ਲਈ ਸਾਡੀ ਕਮੇਟੀ ਮੰਗ ਕਰਦੀ ਹੈ ਕਿ ਬੀਤੇ ਦਿਨ ਪਟਿਆਲਾ ਵਿਖੇ ਹੋਏ ਲਾਠੀਚਾਰਜ ਦੀ ਮੁੱਖ ਮੰਤਰੀ ਬਿਨਾਂ ਸ਼ਰਤ ਮੁਆਫੀ ਮੰਗਣ ਤੇ ਜਿਨ੍ਹਾਂ ਪੁਲਿਸ ਅਫਸਰਾਂ ਨੇ ਜੁਲਮ ਕੀਤਾ ਹੈ, ਉਨ੍ਹਾਂ ਵਿਰੁੱਧ 307 ਦਾ ਪਰਚਾ ਦਰਜ ਕੀਤਾ ਜਾਵੇ। ਪੰਜਾਬ ਸਰਕਾਰ ਨੌਜਵਾਨਾਂ ਦੀਆਂ ਜਾਇਜ਼ ਮੰਗਾਂ ਨੂੰ ਪ੍ਰਵਾਨ ਕਰਕੇ ਇਨ੍ਹਾਂ ਬੇਰੁਜ਼ਗਾਰ ਲਾਈਨਮੈਨਾਂ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ।