ਡੀਐਮ ਹੱਤਿਆ ਦੀ ਸੀਬੀਆਈ ਜਾਂਚ ਕੀਤੀ ਜਾਵੇ : ਕਰਨ ਆਹਲੀ
ਡੀਐਮ ਹੱਤਿਆ ਦੀ ਸੀਬੀਆਈ ਜਾਂਚ ਕੀਤੀ ਜਾਵੇ : ਕਰਨ ਆਹਲੀ
Publish Date: Mon, 23 Mar 2026 10:19 PM (IST)
Updated Date: Mon, 23 Mar 2026 10:22 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਵੇਅਰ ਹਾਊਸ ਕਾਰਪੋਰੇਸ਼ਨ ਤਰਨ ਤਾਰਨ ਤੇ ਅੰਮ੍ਰਿਤਸਰ ਦੇ ਡੀਐੱਮ ਡਾ. ਗਗਨਦੀਪ ਸਿੰਘ ਰੰਧਾਵਾ ਵੱਲੋਂ ਕੀਤੀ ਗਈ ਖੁਦਕੁਸ਼ੀ ਮਾਮਲੇ ਵਿਚ ਨਾਮਜ਼ਦ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫਤਾਰੀ ਨੂੰ ਲੈ ਕੇ ਮੁੱਖ ਵਿਰੋਧੀ ਪਾਰਟੀਆਂ ਅਕਾਲੀ ਦਲ, ਭਾਜਪਾ ਤੇ ਕਾਂਗਰਸ ਵੱਲੋਂ ਚੰਡੀਗੜ੍ਹ ਵਿਖੇ ਸੀਐੱਮ ਹਾਊਸ ਦੇ ਬਾਹਰ ਦਿੱਤੇ ਧਰਨੇ ਤੇ ਪ੍ਰਦਰਸ਼ਨ ਸਮੇਂ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਤੇ ਵਾਟਰ ਕੈਨਨ ਦੀਆਂ ਬੁਛਾੜਾਂ ਦੀ ਦੁਆਬਾ ਖੇਤਰ ਦੇ ਪ੍ਰਮੁੱਖ ਅਕਾਲੀ ਆਗੂ ਕਰਨਜੀਤ ਸਿੰਘ ਆਹਲੀ ਨੇ ਤਿਖੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਇਸ ਕਾਰਵਾਈ ਨੂੰ ਆਪ ਸਰਕਾਰ ਦੇ ਪਤਨ ਵਿਚ ਆਖਰੀ ਕਿੱਲ ਦੱਸਿਆ। ਚੰਡੀਗੜ੍ਹ ਵਿਖੇ ਵੱਡੀ ਗਿਣਤੀ ਵਿਚ ਅਕਾਲੀ ਵਰਕਰਾਂ ਨਾਲ ਧਰਨੇ ਵਿਚ ਸ਼ਿਰਕਤ ਕਰਦਿਆਂ ਉਨ੍ਹਾਂ ਕਿਹਾ ਕਿ ਡੀਐੱਮ ਦੀ ਖੁਦਕੁਸ਼ੀ ਨਾਲ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਅੱਤਿਆਚਾਰ ਤੋਂ ਦੁਖੀ ਹੋ ਕੇ ਇਕ ਨੇਕ ਅਧਿਕਾਰੀ ਨੇ ਆਤਮਹੱਤਿਆ ਕਰ ਲਈ ਹੈ ਤੇ ਇਸ ਘਟਨਾ ਨੇ ਆਮ ਆਦਮੀ ਪਾਰਟੀ ਦਾ ਭ੍ਰਿਸ਼ਟਾਚਾਰ ਵਿਚ ਲਿਬੜਿਆ ਲਾਲਚੀ ਚਿਹਰਾ ਵੀ ਬੇਨਕਾਬ ਕਰ ਦਿੱਤਾ ਹੈ। ਆਹਲੀ ਨੇ ਮਾਝੇ ਦੇ ਜਰਨੈਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਤਮਹੱਤਿਆ ਮਾਮਲੇ ਦੀ ਜਾਂਚ ਸੀਬੀਆਈ ਵੱਲੋਂ ਕਰਾਉਣ ਦੀ ਪੁਰਜ਼ੋਰ ਵਕਾਲਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਆਪਣੇ ਮੰਤਰੀ ਨੂੰ ਬਚਾਉਣ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਵੱਡੇ ਹਾਦਸੇ ਪਿੱਛੇ ਹੁਣ ਆਮ ਆਦਮੀ ਪਾਰਟੀ ਸਰਕਾਰ ਨੂੰ ਸੱਤਾ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲਾਲਚ ਵਿਚ ਇਸ ਹੱਦ ਤੱਕ ਮੁਲਾਜ਼ਮਾਂ ਨੂੰ ਤੰਗ ਕਰਨ ਦੀਆਂ ਹੱਦਾਂ ਪਾਰ ਕਰ ਸਕਦੇ ਸਨ ਇਹ ਕਦੇ ਕਿਸੇ ਨਹੀਂ ਸੀ ਸੋਚਿਆ। ਆਹਲੀ ਨੇ ਕਿਹਾ ਕਿ ਆਪ ਸਰਕਾਰ ਸਰਕਾਰੀ ਕਰਮਚਾਰੀਆਂ ਨੂੰ ਡਰਾ-ਧਮਕਾ ਕੇ ਹੁਕਮ ਮੰਨਣ ਲਈ ਮਜਬੂਰ ਕਰ ਰਹੀ ਹੈ। ਉਸ ਨੂੰ ਕਿਸੇ ਵੀ ਕੀਮਤ ’ਤੇ ਅਕਾਲੀ ਦਲ ਸਹਿਣ ਨਹੀਂ ਕਰੇਗਾ ਤੇ 2027 ਦੀਆਂ ਚੋਣਾਂ ਮੌਕੇ ਸਰਕਾਰ ਤੋਂ ਗਿਣ-ਗਿਣ ਕੇ ਹਿਸਾਬ ਲਿਆ ਜਾਵੇਗਾ।