ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸ਼੍ਰੀ ਰਾਮ ਕਥਾ ਸ਼ੁਰੂ
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸ਼ਿਵ ਮੰਦਰ ਵਿੱਚ ਪੰਜ ਰੋਜ਼ਾ ਸ਼੍ਰੀ ਰਾਮ ਕਥਾ ਦਾ ਆਯੋਜਨ
Publish Date: Thu, 02 Apr 2026 06:46 PM (IST)
Updated Date: Thu, 02 Apr 2026 06:49 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸ਼ਿਵ ਮੰਦਰ ਵਿਚ ਪੰਜ ਰੋਜ਼ਾ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸਿਸ਼ਯਾ ਸਾਧਵੀ ਮਨਸਵਿਨੀ ਭਾਰਤੀ ਨੇ ਕਥਾ ਦੇ ਪਹਿਲੇ ਦਿਨ ਕਥਾ ਬਾਰੇ ਪ੍ਰਵਚਨ ਕਰਦੇ ਹੋਏ ਕਿਹਾ ਕਿ ਸ਼੍ਰੀ ਰਾਮ ਕਥਾ ਦਾ ਭਾਰਤੀ ਸੰਸਕ੍ਰਿਤੀ ਵਿਚ ਵਿਸ਼ੇਸ਼ ਸਥਾਨ ਹੈ। ਇਸ ਲਈ ਆਦਿ ਕਾਲ ਤੋਂ ਹੀ ਰਿਸ਼ੀਆਂ, ਕਵੀਆਂ ਤੇ ਮਹਾਨ ਕਵੀਆਂ ਨੇ ਉਸ ਨੂੰ ਆਪਣੀ ਬਾਣੀ ਦਾ ਵਿਸ਼ਾ ਬਣਾ ਕੇ ਬਖਸ਼ਿਸ਼ ਕੀਤੀ ਹੈ। ਭਗਵਾਨ ਸ਼੍ਰੀ ਰਾਮ ਦੀ ਸ਼ਖਸੀਅਤ ਇਕ ਚਮਕਦੇ ਥੰਬ ਵਰਗੀ ਹੈ। ਭਗਵਾਨ ਸ਼੍ਰੀ ਰਾਮ ਜੀ ਸੰਸਾਰ ਵਿਚ ਇੰਨੇ ਪ੍ਰਚਲਿਤ ਹਨ ਕਿ ਉਨ੍ਹਾਂ ਦੀ ਮਹਿਮਾ ਵਿਚ ਬਹੁਤ ਸਾਰੀਆਂ ਪੁਸਤਕਾਂ ਰਚੀਆਂ ਗਈਆਂ, ਜਿਸ ਵਿਚ ਭਾਵਾਰਥ ਰਾਮਾਇਣ, ਵਸ਼ਿਸ਼ਟ ਰਾਮਾਇਣ, ਇੰਨਾ ਹੀ ਨਹੀਂ ਬਲਕਿ ਭਾਰਤ ਦੀਆਂ ਕਈ ਖੇਤਰੀ ਭਾਸ਼ਾਵਾਂ ਜਿਵੇਂ ਤੇਲਗੂ ਭਾਸ਼ਾ ਵਿਚ ਰੰਗਨਾਥ ਰਾਮਾਇਣ, ਬੰਗਾਲੀ ਭਾਸ਼ਾ ਵਿਚ ਕ੍ਰਿਤਵਾਸ ਰਾਮਾਇਣ ਆਦਿ ਵਿਚ ਭਗਵਾਨ ਦੇ ਅਵਤਾਰ ਬਾਰੇ ਵਿਆਖਿਆ ਕਰਦੇ ਹੋਏ ਸਾਧਵੀ ਜੀ ਨੇ ਕਿਹਾ, ਕਿ ਭਗਵਾਨ ਸ਼੍ਰੀ ਰਾਮ ਸੰਸਾਰ ਦੇ ਰੱਖਿਅਕ ਤੇ ਬ੍ਰਹਿਮੰਡ ਦੇ ਨਿਯੰਤਰਣ ਕਰਨ ਵਾਲੇ ਤੱਤ ਹਨ, ਇਹ ਨਿਰਾਕਾਰ ਪ੍ਰਮਾਤਮਾ ਧਰਮ ਦੀ ਸਥਾਪਨਾ ਲਈ ਸਰੀਰ ਰੂਪ ਧਾਰਨ ਕਰਦਾ ਹੈ। ਭਗਵਾਨ ਸ਼੍ਰੀ ਰਾਮ ਦਾ ਜਨਮ ਅਯੁੱਧਿਆ ਵਿਚ ਹੋਇਆ ਸੀ। ਸਾਧਵੀ ਜੀ ਨੇ ਦੱਸਿਆ ਕਿ ਇਹ ਅਯੁੱਧਿਆ ਮਨੁੱਖੀ ਸਰੀਰ ਦਾ ਪ੍ਰਤੀਕ ਹੈ ਜਿਸ ਵਿਚ ਰਾਮ ਰੂਪ ਵਿਚ ਭਗਵਾਨ ਨਿਵਾਸ ਕਰਦੇ ਹਨ, ਜਿਸ ਵਿਚ ਪ੍ਰਮਾਤਮਾ ਦੇ ਦਰਸ਼ਨ ਸੰਭਵ ਹਨ, ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੂੰ ਹਿਰਦੇ ਵਿਚ ਵੇਖੇ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਉਨ੍ਹਾਂ ਦੱਸਿਆ ਕਿ ਮਾਤਾ ਕੌਸ਼ੱਲਿਆ ਨੇ ਘਾਟ ਦੇ ਅੰਦਰ ਹੀ ਭਗਵਾਨ ਸਰੂਪ ਦੇ ਦਰਸ਼ਨ ਕੀਤੇ ਸਨ। ਸਾਧਵੀ ਜੀ ਨੇ ਕਿਹਾ ਕਿ ਸਾਰੇ ਮਨੁੱਖ ਸਤਿਗੁਰੂ ਦੀ ਕਿਰਪਾ ਨਾਲ ਆਪਣੇ-ਆਪਣੇ ਘਾਟ ਅੰਦਰ ਹੀ ਪ੍ਰਭੂ ਦਾ ਅਨੁਭਵ ਕਰ ਸਕਦੇ ਹਨ। ਕਥਾ ਵਿਚ ਸਾਧਵੀ ਪੁੰਨਿਆ ਭਾਰਤੀ, ਸਾਧਵੀ ਮੀਹੀ ਭਾਰਤੀ, ਸਾਧਵੀ ਵਿਦਿਆ ਭਾਰਤੀ ਨੇ ਆਪਣੀਆਂ ਸੁਰੀਲੀਆਂ ਆਵਾਜ਼ਾਂ ਨਾਲ ਭਜਨ ਗਾਇਨ ਕੀਤਾ। ਸੰਸਥਾ ਦੇ ਪ੍ਰਚਾਰਕ ਸਵਾਮੀ ਵਿਸ਼ਨੂੰਦੇਵਾਨੰਦ ਜੀ ਨੇ ਸੰਗਤਾਂ ਨੂੰ ਆਉਣ ਵਾਲੇ ਦਿਨਾਂ ਵਿਚ ਵੀ ਕਥਾ ਵਿਚ ਆਉਣ ਦਾ ਸੱਦਾ ਦਿੱਤਾ। ਮੁੱਖ ਮਹਿਮਾਨ ਕੁਲਦੀਪ ਪਾਠਕ (ਮਾਰਕੀਟ ਕਮੇਟੀ ਢਿਲਵਾਂ), ਬਲਦੇਵ ਤ੍ਰਿਪਾਠੀ, ਅਜੈ ਗਰੋਵਰ, ਸੁਰਿੰਦਰ ਕੁਮਾਰ ਅਤੇ ਹੋਰ ਕਈ ਪਤਵੰਤੇ ਸੱਜਣਾਂ ਨੇ ਪ੍ਰਭੂ ਦੀ ਪਵਿੱਤਰ ਆਰਤੀ ਵਿਚ ਸ਼ਮੂਲੀਅਤ ਕੀਤੀ। ਅੰਤ ਵਿਚ ਸਾਰਿਆਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।