ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਨੇ ਲੋਹੜੀ ਮਨਾਈ
ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਪ੍ਰੋਜੈਕਟ 'ਸੰਤੁਲਨ' ਤਹਿਤ ਲੋਹੜੀ ਦਾ ਪ੍ਰੋਗਰਾਮ ਮਨਾਇਆ
Publish Date: Thu, 15 Jan 2026 07:50 PM (IST)
Updated Date: Thu, 15 Jan 2026 07:51 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਪ੍ਰੋਜੈਕਟ 'ਸੰਤੁਲਨ' ਤਹਿਤ ਲੋਹੜੀ ਦਾ ਪ੍ਰੋਗਰਾਮ ਬ੍ਰਾਂਚ ਢਿੱਲਵਾਂ ਵਿਚ ਮਨਾਇਆ ਗਿਆ। ਇਹ ਪ੍ਰੋਗਰਾਮ ਵਿਸ਼ੇਸ਼ ਰੂਪ ਵਿਚ ਧੀਆਂ ਦੀ ਲੋਹੜੀ ਅਤੇ ਨਾਰੀ ਸਸ਼ਕਤੀਕਰਨ ਦੇ ਤਹਿਤ ਮਨਾਇਆ ਗਿਆ। ਇਸ ਦੌਰਾਨ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਵੀਰੇਸ਼ਵਰੀ ਭਾਰਤੀ ਨੇ ਕਿਹਾ ਕਿ ਨਾਰੀ ਦੇ ਅਲੌਕਿਕ ਗੁਣਾਂ ਦੇ ਸਦਕਾ ਹੀ ਉਸਨੂੰ ਵੇਦਾਂ ਦੇ ਅੰਦਰ ' ਪੁਰੰਧ੍ਰੀ ' ਕਿਹਾ ਗਿਆ ਹੈ। ਮਹਾਰਿਸ਼ੀ ਪਾਣਿਨੀ ਦਾ ਕਥਨ ਹੈ ਕਿ ਜੋ ਪੁਰਸ਼ ਨਾਰੀ ਤੋਂ ਸਿੱਖਿਆ ਪ੍ਰਾਪਤ ਕਰੇਗਾ, ਉਸਨੂੰ ਬੁੱਧੀਮਾਨ ਕਿਹਾ ਜਾਵੇਗਾ। ਸਾਡੇ ਭਾਰਤ ਦੇ ਗੌਰਵਸ਼ਾਲੀ ਇਤਿਹਾਸ ਅੰਦਰ ਬਹੁਤ ਸਾਰੀਆਂ ਬਹਾਦਰ ਨਾਰੀ ਦੀਆਂ ਵੀਰ ਗਾਥਾਵਾਂ ਹਨ, ਜਿਨ੍ਹਾਂ ਨੇ ਸਾਧਨਾ ਦੀ ਸ਼ਕਤੀ ਨਾਲ ਆਪਣੀ ਤੇ ਆਪਣੇ ਪਰਿਵਾਰ ਦੀ ਰੱਖਿਆ ਕੀਤੀ। ਸਤੀ ਅਨੁਸੂਈਆ ਨੇ ਆਪਣੇ ਆਤਮਿਕ ਬਲ ਰਾਹੀਂ ਆਪਣੇ ਸ਼ੀਲ ਦੀ ਰੱਖਿਆ ਕਰਦੇ ਹੋਏ ਉਸਦੀ ਪ੍ਰੀਖਿਆ ਲੈਣ ਆਏ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਨੂੰ ਵੀ ਬਾਲਕ ਦੇ ਰੂਪ ਵਿਚ ਬਦਲ ਦਿੱਤਾ ਸੀ। ਮਾਤਾ ਸਤੀ ਨੇ ਸ਼ੁੰਭ-ਨਿਸ਼ੁੰਭ ਨਾਂ ਦੇ ਦੋ ਦਾਨਵਾਂ ਨੂੰ ਹਰਾ ਦਿੱਤਾ। ਅਸਲ ਵਿਚ ਆਤਮਿਕ ਬਲ ਹੀ ਸਭ ਤੋਂ ਵੱਡੀ ਸੁਰੱਖਿਆ ਹੈ। ਇਹ ਬਲ ਸਾਡੇ ਸਭ ਦੇ ਅੰਦਰ ਹੈ ਤੇ ਇਸ ਨੂੰ ਪੂਰਨ ਸਤਿਗੁਰੂ ਦੇ ਗਿਆਨ ਦੁਆਰਾ ਹੀ ਜਾਗ੍ਰਿਤ ਕੀਤਾ ਜਾ ਸਕਦਾ ਹੈ। ਝਾਂਸੀ ਦੀ ਰਾਣੀ, ਦ੍ਰੌਪਦੀ, ਅਹੱਲਿਆ ਅਤੇ ਸੀਤਾ ਆਦਿ ਸਭ ਗਿਆਨਵਾਨ ਨਾਰੀਆਂ ਸਨ, ਜਿਨ੍ਹਾਂ ਨੇ ਆਪਣੇ ਅੰਦਰ ਦੁਰਗਾ ਸ਼ਕਤੀ ਨੂੰ ਪ੍ਰਗਟ ਕਰ ਲਿਆ ਸੀ। ਆਤਮਿਕ ਸ਼ਕਤੀ ਦੀ ਇਸ ਢਾਲ ਨਾਲ ਜਿਥੇ ਉਨ੍ਹਾਂ ਨੇ ਆਪਣੀ ਰੱਖਿਆ ਕੀਤੀ, ਉਥੇ ਉਨ੍ਹਾਂ ਨੇ ਆਪਣੇ ਵੰਸ਼ ਦਾ ਨਾਮ ਵੀ ਰੌਸ਼ਨ ਕੀਤਾ। ਅੱਜ ਵੀ ਹਰੇਕ ਨਾਰੀ ਦ੍ਰੌਪਦੀ ਦੀ ਤਰਾਂ ਸੁਰੱਖਿਅਤ ਹੋ ਸਕਦੀ ਹੈ ਪਰ ਸ਼ਰਤ ਹੈ ਕਿ ਉਸਦੇ ਕੋਲ ਵੀ ਗਿਆਨ ਦੀ ਸਨਾਤਨ ਪੁਰਾਤਨ ਵਿਧੀ ਹੋਵੇ ਜੋ ਦ੍ਰੌਪਦੀ ਦੇ ਕੋਲ ਸੀ। ਇਸ ਲਈ ਜੇਕਰ ਨਾਰੀ ਦੀ ਆਂਤਰਿਕ ਸ਼ਕਤੀ ਜਾਗ੍ਰਿਤ ਹੋ ਜਾਵੇ, ਤਾਂ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਸਕਦੀ ਹੈ। ਜ਼ਰੂਰਤ ਹੈ ਕਿ ਹਰ ਨਾਰੀ ਪੂਰਨ ਸਤਿਗੁਰੂ ਦੇ ਗਿਆਨ ਦੁਆਰਾ ਆਪਣੀ ਆਤਮਿਕ ਸ਼ਕਤੀ ਨੂੰ ਪਹਿਚਾਣਦੇ ਹੋਏ ਉਸਨੂੰ ਚਾਰੇ ਪਾਸੇ ਫੈਲਾ ਦੇਵੇ। ਇਸ ਲਈ ਯਾਦ ਰੱਖੋ ਜੇਕਰ ਨਾਰੀ ਦੀ ਦੁਰਦਸ਼ਾ ਹੈ, ਤਾਂ ਸੰਸਕ੍ਰਿਤੀ ਦੀ ਦੁਰਦਸ਼ਾ ਹੈ। ਸੰਸਕ੍ਰਿਤੀ ਦਾ ਜਾਗਰਣ ਤਾਂ ਹੀ ਸੰਭਵ ਹੈ ਜਦੋਂ ਨਾਰੀ ਜਾਗ੍ਰਿਤ ਹੋਵੇਗੀ। ਇਸਦੇ ਨਾਲ ਹੀ ਯੁਵਾ ਦਿਵਸ ਦੇ ਬਾਰੇ ਦੱਸਦੇ ਹੋਏ ਸਾਧਵੀ ਜੀ ਨੇ ਨੌਜਵਾਨਾਂ ਦੇ ਆਦਰਸ਼ ਸਵਾਮੀ ਵਿਵੇਕਾਨੰਦ ਦੇ ਮਹਾਨ ਚਰਿੱਤਰ ਅਤੇ ਆਦਰਸ਼ਾਂ ’ਤੇ ਚਾਨਣਾ ਪਾਇਆ। ਇਸ ਵਿਚ ਬੱਚਿਆਂ ਨੇ ਬਹੁਤ ਪ੍ਰੇਰਨਾਦਾਇਕ ਨ੍ਰਿਤ ਨਾਟਕ ਪੇਸ਼ ਕੀਤੇ।