ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 11 ਨੂੰ : ਡਾ. ਬਲਕਾਰ ਸਿੰਘ
ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 11 ਨੂੰ : ਡਾ. ਬਲਕਾਰ ਸਿੰਘ
Publish Date: Thu, 09 Apr 2026 10:01 PM (IST)
Updated Date: Thu, 09 Apr 2026 10:02 PM (IST)

--ਸਾਊਣੀ ਦੀਆਂ ਫਸਲਾਂ ਸਬੰਧੀ ਨਵੀਂ ਤਕਨੀਕੀ ਜਾਣਕਾਰੀ ਦੇਣ ਲਈ ਫੱਤੂਢੀਂਗਾ ਵਿਖੇ ਲਗਾਇਆ ਜਾਵੇਗਾ ਕੈਂਪ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਖੇਤੀਬਾੜੀ ਨੂੰ ਹੋਰ ਲਾਭਦਾਇਕ ਬਣਾਉਣ ਤੇ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਨਾਲ ਜੋੜਨ ਦੇ ਮਕਸਦ ਨਾਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪੰਜਾਬ ਜ਼ਿਲ੍ਹਾ ਕਪੂਰਥਲਾ ਵੱਲੋਂ ਆਤਮਾ ਦੇ ਸਹਿਯੋਗ ਨਾਲ ਇਕ ਵਿਸ਼ਾਲ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਤੇ ਖੇਤੀ ਪ੍ਰਦਰਸ਼ਨੀ ਮਿਤੀ 11 ਅਪ੍ਰੈਲ ਨੂੰ ਪਿੰਡ ਫੱਤੂਢੀਂਗਾ ਵਿਖੇ ਲਗਾਈ ਜਾ ਰਹੀ ਹੈ। ਇਸ ਸੰਬੰਧੀ ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਡਾ. ਬਲਕਾਰ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਸਾਊਣੀ ਦੀ ਫਸਲ ਬਿਜਾਈ ਨੂੰ ਮੁੱਖ ਰੱਖਦੇ ਹੋਏ ਇਹ ਕੈਂਪ ਕਿਸਾਨਾਂ ਲਈ ਬਹੁਤ ਮਹੱਤਵਪੂਰਨ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਸਾਊਣੀ ਦੀਆਂ ਫਸਲਾਂ ਦੀਆਂ ਉੱਨਤ ਕਿਸਮਾਂ, ਖਾਦਾਂ ਦੇ ਸੁਝਾਅ, ਘਾਹ-ਫੂਸ ਕੰਟਰੋਲ, ਬਿਮਾਰੀਆਂ ਤੇ ਕੀਟਨਾਸ਼ਕਾਂ ਦੀ ਸਹੀ ਵਰਤੋਂ ਤੇ ਮਿੱਟੀ ਦੀ ਸਿਹਤ ਸੰਭਾਲ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ, ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਇਸ ਕੈਂਪ ਵਿਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਵੱਲੋਂ ਆਧੁਨਿਕ ਖੇਤੀ ਸਬੰਧੀ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਮੌਜੂਦਾ ਸਮੇਂ ਖੇਤੀ ਲਾਗਤਾਂ ਨੂੰ ਘਟਾਉਣ ਤੇ ਮੁਨਾਫ਼ਾ ਵਧਾਉਣ ਲਈ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਵਿਗਿਆਨਕ ਤਰੀਕੇ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਮਿਤੀ 11 ਅਪ੍ਰੈਲ ਨੂੰ ਪਿੰਡ ਫੱਤੂਢੀਂਗਾ ਵਿਖੇ ਲਗਾਏ ਜਾ ਰਹੇ ਜ਼ਿਲ੍ਹਾ ਪੱਧਰੀ ਕੈਂਪ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਕੇ ਖੇਤੀਬਾੜੀ ਮਾਹਿਰਾਂ ਦੇ ਸੁਝਾਅ ਅਨੁਸਾਰ ਖੇਤੀ ਨੂੰ ਲਾਹੇਵੰਦ ਤੇ ਟਿਕਾਊ ਬਣਾਉਣ ਲਈ ਇਸ ਅਹਿਮ ਪ੍ਰੋਗਰਾਮ ਦਾ ਲਾਭ ਉਠਾਇਆ ਜਾਵੇ।