ਕਚਰੇ ਤੋਂ ਖਜ਼ਾਨਾ ਥੀਮ ਤਹਿਤ ਪ੍ਰਦਰਸ਼ਨੀ ਲਗਾਈ
ਜਿਲ੍ਹਾ ਪੱਧਰੀ ਵਾਤਾਵਰਨ ਨਵੀਨਕਾਰ-ਕਚਰੇ ਤੋਂ ਖਜ਼ਾਨਾ ਥੀਮ ਤਹਿਤ ਪ੍ਰਦਰਸ਼ਨੀ ਦਾ ਆਯੋਜਨ
Publish Date: Fri, 13 Feb 2026 09:46 PM (IST)
Updated Date: Fri, 13 Feb 2026 09:48 PM (IST)

--ਨੈਸ਼ਨਲ ਪੱਧਰ ’ਤੇ ਗਰੀਨ ਸਕੂਲ਼ ਇਨਾਮ ਜੇਤੂ 5 ਸਕੂਲ਼ਾਂ ਦੇ ਕੋਆਰਡੀਨੇਟਰਾਂ ਨੂੰ ਕੀਤਾ ਸਨਮਾਨਿਤ ਦੀਪਕ, ਪੰਜਾਬੀ ਜਾਗਰਣ ਕਪੂਰਥਲਾ : ਵਾਤਾਵਰਣ, ਜੰਗਲਾਤ ਤੇ ਜਲਵਾਯੂ ਬਦਲਾਅ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਦੀਆਂ ਹਦਾਇਤਾਂ ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰ ਕਪੂਰਥਲਾ ਹਰਜਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਵਾਤਾਵਰਨ ਨਵੀਨਕਾਰ-ਕਚਰੇ ਤੋਂ ਖਜਾਨਾ ਥੀਮ ਤਹਿਤ ਪ੍ਰਦਰਸ਼ਨੀ ਦਾ ਆਯੋਜਨ ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਸਫਲਤਾ ਪੂਰਵਕ ਕੀਤਾ ਗਿਆ। ਇਸ ਮੌਕੇ ਕਪੂਰਥਲਾ ਜ਼ਿਲ੍ਹੇ ਦੇ ਸਰਕਾਰੀ ਸਕੂਲ਼ਾਂ ਦੇ ਲਗਭਗ 80 ਈਕੋ ਕਲੱਬ ਦੇ ਵਿਦਿਆਰਥੀਆਂ ਨੇ ਸਮੇਤ ਸਕੂਲ ਈਕੋ ਕਲੱਬ ਕੋਆਰਡੀਨੇਟਰਜ਼ ਸ਼ਮੂਲੀਅਤ ਕੀਤੀ। ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੀ ਰਹਿਨੁਮਾਈ ਵਿਚ ਰੋਜ਼ਾਨਾ ਜੀਵਨ ਦੀ ਰਹਿੰਦ-ਖੂੰਹਦ ਨੂੰ ਆਪਣੀ ਕਲਾ ਤੇ ਨਵੀਨਤਾ ਨਾਲ ਨਿਖਾਰ ਕੇ ਤਿਆਰ ਕੀਤੇ ਦਿਲ-ਖਿੱਚਵੇਂ, ਖੂਬਸੂਰਤ ਤੇ ਮੁੜ ਵਰਤੋਂ ਯੋਗ ਉਤਪਾਦਾਂ ਦੀ ਯਾਦਗਰੀ ਪ੍ਰਦਰਸ਼ਨੀ ਲਗਾਈ। ਸਮਾਗਮ ਦੀ ਪ੍ਰਧਾਨਗੀ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ ਭੱਲਾ ਸਟੇਟ ਐਵਾਰਡੀ ਨੇ ਕੀਤੀ ਤੇ ਬਤੌਰ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਡਾ. ਅਰਚਨਾ ਗਰਗ ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਸ਼ਿਰਕਤ ਕੀਤੀ। ਜ਼ਿਲ੍ਹਾ ਈਕੋ ਕਲੱਬ ਕੋਆਰਡੀਨੇਟਰ ਹੈੱਡਮਾਸਟਰ ਗਗਨਦੀਪ ਸਿੰਘ ਦੇ ਵਿਸ਼ੇਸ਼ ਉਦਮਾਂ ਸਦਕਾਂ ਲਗਾਈ ਇਸ ਪ੍ਰਦਰਸ਼ਨੀ ਵਿਚ ਜ਼ਿਲ੍ਹਾ ਐਕਟਿਵਟੀ ਕੋਆਰਡੀਨੇਟਰ ਸੁਨੀਲ ਬਜਾਜ ਨੇ ਸਟੇਜ ਦਾ ਸੰਚਾਲਨ ਕਰਦਿਆਂ ਸਮੂਹ ਮਹਿਮਾਨਾਂ ਤੇ ਈਕੋ ਕਲੱਬ ਕੋਆਰਡੀਨੇਟਰਾਂ ਨੂੰ ਜੀ ਆਇਆ ਆਖਦਿਆਂ ਵਾਤਾਵਰਨ ਪ੍ਰਤੀ ਸੰਜ਼ੀਦਗੀ ਤੇ ਫਾਲਤੂ ਵਸਤਾਂ ਤੋਂ ਬਣਾਈਆਂ ਸ਼ਾਨਦਰਾਂ ਕਲਾਕ੍ਰਿਤੀਆਂ ਲਈ ਗਾਈਡ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਕਿਹਾ ਕਿ ਉਹ ਆਪਣੇ ਅਧਿਆਪਕਾਂ ਤੋਂ ਵੱਧ ਤੋਂ ਵਧ ਸਵਾਲ ਪੁੱਛਣ ਤੇ ਕਚਰੇ ਤੋਂ ਖੂਬਸੂਰਤ ਖਜ਼ਾਨੇ ਤਿਆਰ ਕਰਦੇ ਰਹਿਣ। ਉੱਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਭੱਲਾ ਨੇ ਕਿਹਾ ਕਿ ਉਹ ਅਜਿਹੀਆਂ ਖੂਬਸੂਰਤ ਕੋਸ਼ਿਸ਼ਾਂ ਭਵਿੱਖ ਵਿਚ ਵੀ ਜਾਰੀ ਰੱਖਣ ਤੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ। ਜ਼ਿਲ੍ਹਾ ਈਈਪੀ ਕੋਆਰਡੀਨੇਟਰ ਗਗਨਦੀਪ ਸਿੰਘ ਨੇ ਵਿਦਿਆਰਥੀਆਂ ਚ ਵਾਤਾਵਰਨ ਪ੍ਰਤੀ ਸੰਵੇਦਨਸ਼ੀਲਤਾ ਪ੍ਰਫੁੱਲਤ ਕਰਨ ਹਿੱਤ ਛੋਟੇ-ਛੋਟੇ ਪਰ ਪ੍ਰਭਾਵਸ਼ਾਲੀ ਅਮਲੀ ਤਰੀਕੇ ਵਰਤਦਿਆਂ ‘ਪੰਜ ਆਰ’ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਵਾਤਾਵਰਨ ਕੇਂਦਰ ਵੱਲੋਂ ਨੈਸ਼ਨਲ ਗਰੀਨ ਸਕੂਲ ਐਵਾਰਡ ਪ੍ਰਾਪਤ ਕਰਨ ਵਾਲੇ ਕਪੂਰਥਲਾ ਜ਼ਿਲ੍ਹੇ ਦੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਬਲੇਰ ਖਾਨਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਮਾਝਾ, ਸਰਕਾਰੀ ਹਾਈ ਸਕੂਲ ਪੰਡੋਰੀ, ਸਰਕਾਰੀ ਹਾਈ ਸਕੂਲ ਹਮੀਰਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਨਾਰਾਇਣਗੜ ਦੇ ਕੋਆਰਡੀਨੇਟਰਾਂ ਨੂੰ ਮੁੱਖ ਮਹਿਮਾਨ ਨੇ ਸਨਮਾਨਿਤ ਕੀਤਾ ਤੇ ਗਗਨਦੀਪ ਸਿੰਘ ਨੇ ਬੈਸਟ ਈਕੋ ਕਲੱਬ ਪੈਰਾਮੀਟਰ ਬਾਰੇ ਜਾਣਕਾਰੀ ਦਿੰਦੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੇ ਜੁਆਇੰਟ ਡਾਇਰੈਕਟਰ ਡਾ. ਕੁਲਬੀਰ ਸਿੰਘ ਬਾਠ ਤੇ ਪ੍ਰੋਜੈਕਟ ਸਾਇੰਟਿਸਟ ਡਾ. ਮੰਦਾਕਨੀ ਠਾਕੁਰ ਵੱਲੋਂ ਦਿੱਤੇ ਵਿਸ਼ੇਸ਼ ਸਹਿਯੋਗ ਤੇ ਜ਼ਿਲ੍ਹੇ ਨੂੰ ਵਾਤਾਵਰਨ ਸਬੰਧੀ ਸਪੈਸ਼ਲ਼ ਪ੍ਰਾਜੈਕਟ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰਾਇਮਰੀ, ਮਿਡਲ ਤੇ ਸੈਕੰਡਰੀ ਪੱਧਰ ’ਤੇ ਪ੍ਰਦਰਸ਼ਨੀ ਮੁਕਾਬਲਿਆਂ ਦੇ ਜੇਤੂਆਂ ਨੂੰ ਮੋਮੈਂਟੋ ਸਮੇਤ ਸਰਟੀਫਿਕੇਟ ਤੇ ਹਿੱਸਾ ਲੈਣ ਨਾਲੇ ਸਮੂਹ ਵਿਦਿਆਰਥੀਆਂ ਤੇ ਗਾਇਡ ਅਧਿਆਪਕਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।