ਸਾਹਿਤਕ ਸੰਸਥਾਵਾਂ ਵੱਲੋਂ ਡਿਪਟੀ ਕਮਿਸ਼ਨਰ ਦਾ ਸਵਾਗਤ
ਜ਼ਿਲ੍ਹਾ ਭਾਸ਼ਾ ਦਫ਼ਤਰ, ਸਿਰਜਣਾ ਕੇਂਦਰ ਕਪੂਰਥਲਾ ਅਤੇ ਇਪਟਾ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਦਾ ਕੀਤਾ ਸਵਾਗਤ
Publish Date: Thu, 09 Apr 2026 09:43 PM (IST)
Updated Date: Thu, 09 Apr 2026 09:44 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੀਮਤੀ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਤੇ ਸਿਰਜਣਾ ਕੇਂਦਰ ਕਪੂਰਥਲਾ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ (ਚੇਅਰਮੈਨ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਕਪੂਰਥਲਾ), ਕਿਤਾਬ ਮੰਚ ਕਪੂਰਥਲਾ ਦੇ ਸੰਸਥਾਪਕ ਤੇ ਇਪਟਾ ਕਪੂਰਥਲਾ ਦੇ ਪ੍ਰਧਾਨ ਡਾ. ਹਰਭਜਨ ਸਿੰਘ ਵੱਲੋਂ ਆਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਦਾ ਪੌਦੇ ਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਜ਼ਿਲ੍ਹਾ ਪੱਧਰੀ ਭਾਸ਼ਾ ਵਿਭਾਗ ਦੀ ਗਤੀਵਿਧੀਆਂ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਸਮੇਂ-ਸਮੇਂ ਵੱਖ-ਵੱਖ ਤਰ੍ਹਾਂ ਦੀਆਂ ਸਾਹਿਤਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਪੁਸਤਕ ਮੇਲੇ ਲਗਵਾਏ ਜਾਂਦੇ ਹਨ। ਹਰ ਮਹੀਨੇ ਸਮੁੱਚੇ ਸਰਕਾਰੀ ਅਦਾਰਿਆਂ ਦਾ ਕੰਮ ਕਾਜ ਪੰਜਾਬੀ ਭਾਸ਼ਾ ਵਿਚ ਹੋਣਾ ਯਕੀਨੀ ਬਣਾਉਣ ਸੰਬੰਧੀ ਰਿਪੋਰਟ ਸਰਕਾਰ ਨੂੰ ਭੇਜੀ ਜਾਂਦੀ ਹੈ। ਪ੍ਰਾਈਵੇਟ ਦੁਕਾਨਾਂ ਦੇ ਬੋਰਡਾਂ ਨੂੰ ਪੰਜਾਬੀ ਵਿਚ ਕਰਵਾਉਣ ਲਈ ਟਰੇਡ ਵਿੰਗ, ਕਿਰਤ ਕਮਿਸ਼ਨਰ ਵਿਭਾਗ ਨਾਲ ਮਿਲ ਕੇ ਯਤਨ ਕੀਤੇ ਜਾ ਰਹੇ ਹਨ ਤੇ ਹਰ ਮਹੀਨੇ ਇਸ ਦੀ ਸਰਕਾਰ ਨੂੰ ਰਿਪੋਰਟ ਵੀ ਭੇਜੀ ਜਾ ਰਹੀ ਹੈ। ਲਗਭਗ ਸਾਰੀਆਂ ਪ੍ਰਾਈਵੇਟ ਦੁਕਾਨਾਂ ਦੇ ਬੋਰਡ ਪੰਜਾਬੀ ਵਿਚ ਕਰਵਾ ਦਿੱਤੇ ਗਏ ਹਨ। ਪ੍ਰਾਈਵੇਟ ਸਕੂਲਾਂ ਦੇ ਲਗਭਗ ਸਾਰੇ ਹੀ ਬੋਰਡ ਪੰਜਾਬੀ ਵਿਚ ਹੋ ਚੁੱਕੇ ਹਨ। ਡਿਪਟੀ ਕਮੀਸ਼ਨਰ ਆਕਾਸ਼ ਬਾਂਸਲ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਦੇ ਕੰਮਕਾਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੀ ਗਤੀਵਿਧੀਆਂ ਜਿਥੇ ਸਮਾਜਿਕ ਸੋਚ ਨੂੰ ਸਹੀ ਦਿਸ਼ਾ ਤੇ ਦਸ਼ਾ ਪ੍ਰਦਾਨ ਕਰਦੀਆਂ ਹਨ, ਉਥੇ ਦਫ਼ਤਰ ਤੇ ਹੋਰ ਕਈ ਥਾਵਾਂ ’ਤੇ ਸਹੀ ਤੇ ਸ਼ੁੱਧ ਪੰਜਾਬੀ ਦੀ ਵਰਤੋਂ ਨੂੰ ਵੀ ਯਕੀਨੀ ਬਣਾਉਂਦੀ ਹੈ। ਸਿਰਜਣਾ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਦੱਸਿਆ ਕਿ ਪਿਛਲੇ ਤਕਰੀਬਨ 40 ਸਾਲਾਂ ਤੋਂ ਨਿਰੰਤਰ ਹਰ ਮਹੀਨੇ ਕੇਂਦਰ ਵੱਲੋਂ ਸਾਹਿਤਿਕ ਸਮਾਗਮ ਰਚਾਏ ਜਾਂਦੇ ਹਨ। ਡਾ. ਹਰਭਜਨ ਸਿੰਘ ਨੇ ਦੱਸਿਆ ਕਿ ਕਿਤਾਬ ਮੰਚ ਤੇ ਇਪਟਾ ਵੱਲੋਂ ਸਮੇਂ-ਸਮੇਂ ਸਮਾਗਮ ਕਰਵਾਏ ਜਾ ਰਹੇ ਹਨ।