ਫਿਲੀਪੀਂਜ਼ ’ਚ ਬੁੱਢਾ ਦਰਿਆ ਦੀ ਕਾਰਸੇਵਾ ਦੀ ਚਰਚਾ
ਫਿਲੀਪਾਈਨ ਵਿੱਚ ਬੁੱਢਾ ਦਰਿਆ ਦੀ ਕਾਰਸੇਵਾ ਦੀ ਚਰਚਾ
Publish Date: Fri, 27 Feb 2026 09:08 PM (IST)
Updated Date: Fri, 27 Feb 2026 09:10 PM (IST)

ਸੰਤ ਸੀਚੇਵਾਲ ਨੇ ਪਰਵਾਸੀ ਪੰਜਾਬੀਆਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਕੀਤਾ ਪ੍ਰੇਰਿਤ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਤੇ ਵਾਤਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਫਿਲੀਪੀਂਜ਼ ਦੇ ਦੌਰੇ ਦੌਰਾਨ ਉਥੇ ਵਸਦੇ ਪੰਜਾਬੀ ਭਾਈਚਾਰੇ ਨਾਲ ਵਿਸ਼ੇਸ਼ ਮੁਲਾਕਾਤਾਂ ਕੀਤੀਆਂ ਤੇ ਧਾਰਮਿਕ ਸਮਾਗਮਾਂ ਵਿਚ ਸੰਬੋਧਨ ਕਰਦਿਆਂ ਪੰਜਾਬ ਦੇ ਇਤਿਹਾਸਕ ਬੁੱਢੇ ਦਰਿਆ ਦੀ ਚੱਲ ਰਹੀ ਕਾਰਸੇਵਾ ਦੀ ਚਰਚਾ ਕੀਤੀ। ਉਨ੍ਹਾਂ ਨੇ ਡਾਗੁਪਨ ਤੇ ਉਰਦਾਨੇਤਾ ਵਿਚ ਆਯੋਜਿਤ ਸਮਾਗਮਾਂ ਦੌਰਾਨ ਕਿਹਾ ਕਿ ਕਦੇ ਜੀਵਨ-ਰੇਖਾ ਮੰਨਿਆ ਜਾਣ ਵਾਲਾ ਬੁੱਢਾ ਦਰਿਆ ਬੇਧਿਆਨੀ ਤੇ ਪ੍ਰਦੂਸ਼ਣ ਕਾਰਨ ਹੌਲੀ-ਹੌਲੀ ਨਾਲੇ ਵਿਚ ਤਬਦੀਲ ਹੋ ਗਿਆ ਸੀ। ਇਹ ਸਥਿਤੀ ਸਮਾਜ ਲਈ ਚਿੰਤਾਜਨਕ ਸੀ, ਪਰ ਹੁਣ ਸੰਗਤਾਂ ਦੀ ਨਿਸ਼ਕਾਮ ਕਾਰਸੇਵਾ ਤੇ ਸਮੂਹਿਕ ਯਤਨਾਂ ਨਾਲ ਇਸਦੀ ਪੁਰਾਤਨ ਪਵਿੱਤਰਤਾ ਮੁੜ ਬਹਾਲ ਕਰਨ ਦੀ ਮਜ਼ਬੂਤ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਅਕਾਲ ਪੁਰਖ ਦੀ ਕਿਰਪਾ ਤੇ ਲੋਕਾਂ ਦੇ ਸਹਿਯੋਗ ਨਾਲ ਇਹ ਮੁਹਿੰਮ ਇਤਿਹਾਸਕ ਸਫਲਤਾ ਹਾਸਲ ਕਰੇਗੀ। ਸੰਤ ਸੀਚੇਵਾਲ ਨੇ ਕਿਹਾ ਕਿ ਦਰਿਆ ਸਿਰਫ਼ ਪਾਣੀ ਦੇ ਸਰੋਤ ਨਹੀਂ, ਸਗੋਂ ਕਿਸੇ ਵੀ ਸਭਿਆਚਾਰ ਦੀ ਆਤਮਾ ਹੁੰਦੇ ਹਨ। ਪੰਜ ਆਬਾਂ ਦੀ ਧਰਤੀ ਪੰਜਾਬ ਦੀ ਸ਼ਾਨ ਉਸਦੇ ਦਰਿਆ ਹੀ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦਰਿਆਵਾਂ ਦੀ ਸੰਭਾਲ ਤੇ ਪਵਿੱਤਰਤਾ ਬਰਕਰਾਰ ਰੱਖਣਾ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਫਿਲੀਪੀਂਜ਼ ਦੇ ਵੱਖ-ਵੱਖ ਸ਼ਹਿਰਾਂ ਤੇ ਟਾਪੂਆਂ ਵਿਚ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨਾਲ ਆਪਣਾ ਰੂਹਾਨੀ ਤੇ ਜਜ਼ਬਾਤੀ ਨਾਤਾ ਕਾਇਮ ਰੱਖਣ ਤੇ ਆਪਣੇ ਪਿੰਡਾਂ-ਕਸਬਿਆਂ ਵਿਚ ਵਗਦੀਆਂ ਛੋਟੀਆਂ-ਵੱਡੀਆਂ ਨਦੀਆਂ, ਚੋਆਂ ਤੇ ਤਲਾਬਾਂ ਦੀ ਸਫਾਈ ਲਈ ਅੱਗੇ ਆਉਣ। ਇਸ ਮੌਕੇ ਫਿਲੀਪਾਈਨ ਵਿਚ ਵਸਦੇ ਸੇਵਾਦਾਰਾਂ ਤੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਸੀਚੇਵਾਲ ਨੂੰ ਲੋਕ-ਭਲਾਈ ਤੇ ਵਾਤਾਵਰਣ ਲਈ ਕੀਤੇ ਜਾ ਰਹੇ ਕਾਰਜਾਂ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਦੌਰੇ ਨੇ ਪਰਵਾਸੀ ਪੰਜਾਬੀਆਂ ਵਿਚ ਵਾਤਾਵਰਣ ਪ੍ਰਤੀ ਨਵੀਂ ਚੇਤਨਾ ਜਗਾਉਂਦਿਆਂ ਬੁੱਢੇ ਦਰਿਆ ਦੀ ਕਾਰਸੇਵਾ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਨਵੀਂ ਪਹਚਾਣ ਬਖ਼ਸ਼ੀ ਹੈ।