ਆਰਸੀਐੱਫ ’ਚ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਵਿਚਾਰ-ਚਰਚਾ ਕਰਵਾਈ
ਅੰਤਰਰਾਸ਼ਤੀ ਮਹਿਲਾ ਦਿਵਸ ਨੂੰ ਸਮਰਪਿਤ ਵਿਚਾਰ ਚਰਚਾ
Publish Date: Sun, 08 Mar 2026 08:27 PM (IST)
Updated Date: Sun, 08 Mar 2026 08:30 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਵਿਚਾਰ-ਚਰਚਾ ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਦੇ ਸਥਾਨਕ ਵਰਕਰ ਕਲੱਬ ਵਿਚ ਆਰਸੀਐੱਫ ਇੰਪਲਾਈਜ਼ ਯੂਨੀਅਨ ਤੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ (ਮਹਿਲਾ ਵਿੰਗ) ਵੱਲੋਂ ਕਰਵਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਕੰਨੂਪ੍ਰੀਆ ਦੀ ਕਵਿਤਾ ‘ਮਾਏ ਨੀ ਇਕ ਲੋਰੀ ਦੇ ਦੇ’ ਕਵਿਤਾ ਗਾ ਕੇ ਕੀਤੀ ਗਈ। ਇਸ ਤੋਂ ਇਲਾਵਾ ਬੱਚੀਆਂ ਦੁਆਰਾ ਔਰਤਾਂ ਦੀ ਸਮਾਜਿਕ ਸਥਿਤੀ ਨੂੰ ਬਿਆਨ ਕਰਦੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਸਵਾਗਤੀ ਭਾਸ਼ਣ ਵਿਚ ਰਿੰਪਲਪ੍ਰੀਤ ਨੇ ਸਾਡੇ ਦੇਸ਼ ਭਾਰਤ ਵਿਚ ਔਰਤਾਂ ਦੀ ਸੰਘਰਸ਼ ਭਰੀ ਜ਼ਿੰਦਗੀ, ਪ੍ਰਾਪਤੀਆਂ ਤੇ ਹੁੰਦੇ ਅਨਿਆਂ ਬਾਰੇ ਸੰਖੇਪ ਜਾਣਕਾਰੀ ਅੰਕੜਿਆਂ ਸਹਿਤ ਦੱਸੀ। ਪ੍ਰੋਫੈਸਰ ਭੁਪਿੰਦਰ ਕੌਰ ਨੇ ਦੱਸਿਆ ਕਿ ਅੱਜ ਔਰਤਾਂ ਉਸ ਮੁਕਾਮ ’ਤੇ ਵਿਦਿਆ ਰਾਹੀਂ ਪਹੁੰਚ ਗਈਆਂ ਹਨ ਚਾਹੇ ਉਹ ਰਾਜਨੀਤੀ ਦਾ ਖੇਤਰ ਹੋਵੇ, ਵਿਗਿਆਨ ਦੇ ਖੇਤਰ ਵਿਚ ਕਲਪਨਾ ਚਾਵਲਾ ਵਰਗੀਆਂ ਤੇ ਸਮਾਜਿਕ ਖੇਤਰ ਵਿਚ ਅਣਗਿਣਤ ਔਰਤਾਂ ਆਪਣਾ ਬਾਖੂਬੀ ਯੋਗਦਾਨ ਪਾ ਰਹੀਆਂ ਹਨ। ਮੁੱਖ ਵਕਤਾ ਦੇ ਤੌਰ ’ਤੇ ਅਮਨਦੀਪ ਕੌਰ ਐਡਵੋਕੇਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ, ਸਟੇਟ ਕਮੇਟੀ ਮੈਂਬਰ ਜਮਹੂਰੀ ਅਧਿਕਾਰ ਸਭਾ ਨੇ ਔਰਤ ਦਿਵਸ ਮਨਾਉਣ ਦੇ ਪਿੱਛੇ ਕਾਰਨ ਤੇ ਕਦੋਂ ਇਸ ਦੀ ਸ਼ੁਰੂਆਤ ਹੋਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਅੱਜ ਤੋਂ 125 ਸਾਲ ਪਹਿਲਾਂ ਜਦੋਂ ਔਰਤਾਂ-ਮਰਦਾਂ ਦੇ ਬਰਾਬਰ ਕੰਮ ਕਰਦੀਆਂ ਸਨ ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਮਰਦਾਂ ਦੇ ਬਰਾਬਰ ਕੰਮ ਕਰਨ ’ਤੇ ਵੀ ਸਹੂਲਤਾਂ ਤੇ ਤਨਖਾਹ ਕਿਉਂ ਨਹੀਂ ਮਿਲਦੀਆਂ ਹਨ, ਨਾ ਹੀ ਉਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਸੀ, ਰਾਜਨੀਤੀ ਵਿਚ ਵੀ ਭਾਗੇਦਾਰੀ ਨਹੀਂ ਸੀ, ਜਦਕਿ ਆਬਾਦੀ ਦਾ ਅੱਧਾ ਹਿੱਸਾ ਔਰਤਾਂ ਦਾ ਹੈ। 1908 ਵਿਚ ਸ਼ੁਰੂ ਹੋਏ ਲੰਬੇ ਸੰਘਰਸ਼ਾਂ ਤੋਂ ਬਾਅਦ ਉਨ੍ਹਾਂ ਨੇ ਆਪਣੇ ਮਾਣ-ਸਨਮਾਨ ਲਈ ਅੱਠ ਮਾਰਚ ਔਰਤ ਦਿਵਸ ਦਾ ਹੱਕ ਪ੍ਰਾਪਤ ਕੀਤਾ। ਅੱਜ ਵੀ ਭਾਵੇਂ ਔਰਤਾਂ ਗਿਆਨ ਪ੍ਰਾਪਤ ਕਰਕੇ ਦੁਨੀਆਂ ਦੇ ਹਰੇਕ ਖੇਤਰ ਵਿਚ ਆਪਣੀ ਭਾਗੇਦਾਰੀ ਰਾਹੀਂ ਬਰਾਬਰ ਦਾ ਯੋਗਦਾਨ ਪਾ ਰਹੀਆਂ ਹਨ, ਪਰ ਪਿਛਾਕੜੀ ਸੋਚ ਕਾਰਨ ਤੇ ਸਮਾਜ ਤੇ ਆਪਣੀ ਚੌਧਰ ਕਾਇਮ ਰੱਖਣ ਦੇ ਲਈ ਮਰਦਾਂ ਵੱਲੋਂ ਉਨ੍ਹਾਂ ਦਾ ਬਣਦਾ ਮਾਣ-ਸਨਮਾਨ ਵੀ ਨਹੀਂ ਦਿੱਤਾ ਜਾ ਰਿਹਾ। ਅੱਜ ਵੀ ਬੱਚੀਆਂ ਨੂੰ ਜਨਮ ਲੈਣ ਤੋਂ ਲੈ ਕੇ ਪੂਰੀ ਜ਼ਿੰਦਗੀ ਉਨ੍ਹਾਂ ਨੂੰ ਆਜ਼ਾਦੀ ਨਾਲ ਜੀਨ ਦਾ ਹੱਕ ਨਹੀਂ ਦਿੱਤਾ ਜਾ ਰਿਹਾ। ਪੈਰ-ਪੈਰ ’ਤੇ ਬੇਲੋੜੀਆਂ ਬੰਦਿਸ਼ਾਂ ਲਾ ਰੱਖੀਆਂ ਹਨ। ਇਸ ਤੋਂ ਇਲਾਵਾ ਕਾਰਪੋਰੇਟ ਚਮਕ-ਦਮਕ ਭਰੇ ਮਾਡਲ ਵਿਚ ਔਰਤਾਂ ਨੂੰ ਵਸਤੂ ਤੋਂ ਇਲਾਵਾ ਕੁਝ ਨਹੀਂ ਦੱਸਿਆ ਜਾ ਰਿਹਾ। ਦੇਸ਼ਾਂ ਦੇ ਬਟਵਾਰੇ ਵੇਲੇ ਚਾਹੇ ਉਹ ਭਾਰਤ ਪਾਕਿਸਤਾਨ ਦਾ ਹੋਵੇ ਉਸ ਵਿਚ ਵੀ ਔਰਤਾਂ ਸਭ ਤੋਂ ਵੱਧ ਜੁਲਮਾਂ ਦਾ ਸ਼ਿਕਾਰ ਹੋਈਆਂ ਸਨ, ਅੱਜ ਵੀ ਸਮਰਾਜਵਾਦੀਆਂ ਵੱਲੋਂ ਆਪਣੀਆਂ ਕਠਪੁਤਲੀਆਂ ਸਰਕਾਰਾਂ ਦੁਆਰਾ ਭਾਵੇਂ ਉਹ ਆਪਣੇ-ਆਪ ਨੂੰ ਸਭਿਅਕ ਤੇ ਉੰਨਤ ਦੱਸਦੇ ਹਨ। ਦੇਸ਼ ਦੇ ਲੋਕਾਂ ਦੇ ਕੁਦਰਤੀ ਸਰੋਤਾਂ ਤੇ ਕਬਜ਼ੇ ਨੂੰ ਲੈ ਕੇ ਨਿਹਕੀ ਜੰਗਾਂ ਥੋਪ ਰਹੇ ਹਨ, ਉਸ ਜੰਗਾਂ ਵਿਚ ਵੀ ਔਰਤਾਂ ਨੂੰ ਖਾਸ ਨਿਸ਼ਾਨਾ ਬਣਾ ਕੇ ਜ਼ੁਲਮ ਢਾਏ ਜਾ ਰਹੇ ਹਨ। ਜੇਕਰ ਚੰਗਾ ਰਹਿਣ ਯੋਗ ਸਮਾਜ ਬਣਾਉਣਾ ਹੈ ਤਾਂ ਸਾਨੂੰ ਇਸ ਦੀ ਸ਼ੁਰੂਆਤ ਆਪਣੇ ਘਰਾਂ ਤੋਂ ਹੀ ਕਰਨੀ ਪੈਣੀ ਹੈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮੈਡਮ ਪਰਮਿੰਦਰ ਕੌਰ ਮੋਗਾ ਨੇ ਬਾਖੂਬੀ ਨਿਭਾਈ ਤੇ ਨਾਲ ਹੀ ਵਿਚਾਰ ਚਰਚਾ ਵਿਚ ਸ਼ਾਮਲ ਹੋਈਆਂ ਮਹਿਲਾਵਾਂ ਨੂੰ ਸੱਦਾ ਦਿੱਤਾ ਕਿ ਸਾਨੂੰ ਵੀ ਇਕੱਠੇ ਹੋ ਕੇ ਆਪਣੀ ਸ਼ਕਤੀ ਨੂੰ ਪਹਿਚਾਣ ਕੇ ਸੰਗਠਿਤ ਹੋਣਾ ਚਾਹੀਦਾ ਹੈ ਤੇ ਆਪਣੇ ਜਾਇਜ਼ ਹੱਕ ਅਧਿਕਾਰਾਂ ਲਈ ਜੱਦੋ-ਜਹਿਦ ਕਰਨੀ ਚਾਹੀਦੀ ਹੈ। ਪ੍ਰਧਾਨਗੀ ਮੰਡਲ ਵਿਚ ਸ਼ਾਮਲ ਭੈਣਾਂ ਗੁਰਮੀਤ ਕੌਰ, ਦਰਸ਼ਨਾਂ ਰਾਣੀ, ਮੋਨਿਕਾ, ਮੈਡਮ ਕਾਂਤਾ, ਭੁਪਿੰਦਰ ਕੌਰ, ਪਰਮਿੰਦਰ ਕੌਰ ਅਤੇ ਪ੍ਰੋਗਰਾਮ ਨੂੰ ਸਫਲ ਕਰਨ ਵਿਚ ਆਪਣਾ ਬਹੁਮੁੱਲਾ ਯੋਗਦਾਨ ਪਾਉਣ ਲਈ ਆਸ਼ਾ ਰਾਣੀ, ਵੀਨਾ ਰਾਣੀ, ਅਮਨ, ਕੁਲਜੀਤ ਕੌਰ, ਇੰਦਰਜੀਤ ਕੌਰ, ਹਾਜ਼ਰੀਨ ਸਰੋਤਾਗਨ ਚਰਨਜੀਤ ਕੌਰ, ਸਿੰਦਰ ਕੌਰ, ਪਰਮਜੀਤ ਕੌਰ, ਸੁਨੀਤਾ ਰਾਣੀ, ਕ੍ਰਿਸ਼ਨਾ ਦੇਵੀ, ਜਸਬੀਰ ਕੌਰ, ਸ਼ੈਲੀ ਸ਼ਰਮਾ, ਨਿਰਮਲਾ ਰਾਣੀ, ਮੰਜੂ ਆਦੀ ਤੋ ਇਲਾਵਾ ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ, ਸੈਕਟਰੀ ਸਰਬਜੀਤ ਸਿੰਘ, ਮਨਜੀਤ ਸਿੰਘ ਬਾਜਵਾ, ਭਰਤ ਰਾਜ, ਜਸਪਾਲ ਸਿੰਘ ਸੇਖੋਂ, ਪ੍ਰਦੀਪ ਕੁਮਾਰ, ਬਰਜਿੰਦਰ ਪਾਲ, ਸ਼ਿਵ ਲਾਲ ਮੀਨਾ, ਰਜਿੰਦਰ ਕੁਮਾਰ, ਸੱਤਪਾਲ ਸਿੰਘ, ਪਰਵਿੰਦਰ ਕੁਮਾਰ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਪ੍ਰਧਾਨ ਧਰਮਪਾਲ, ਸੈਕਟਰੀ ਚੰਦਰ ਭਾਨ, ਵਿਨੋਦ ਕੁਮਾਰ, ਰਾਮ ਦਾਸ, ਸੁਰਿੰਦਰ ਕੁਮਾਰ, ਰਾਜ ਕੁਮਾਰ ਪਰਜਾਪਤੀ, ਜਸਵੰਤ ਸਿੰਘ ਗਿੱਲ, ਤਰਸੇਮ ਸਿੰਘ ਗੋਗੀ, ਗੁਰਜਿੰਦਰ ਸਿੰਘ, ਵਰਕਰ ਕਲੱਬ ਕਮੇਟੀ ਮੈਂਬਰ ਅਵਤਾਰ ਸਿੰਘ ਜੀ, ਅਸ਼ਵਨੀ ਕੁਮਾਰ, ਹਰਪ੍ਰੀਤ ਸਿੰਘ ਆਈਆਰਟੀਸੀ ਤੋਂ ਦਰਸ਼ਨ ਲਾਲ, ਵਿਕਾਸ ਕੁਮਾਰ, ਮਹਿੰਦਰ ਬਿਸ਼ਨੋਈ, ਪੂਰਨ ਜੀ ਤੇ ਓਬੀਸੀ ਤੋਂ ਅਰਵਿੰਦ ਕੁਮਾਰ ਆਪਣੀ ਟੀਮ ਦੇ ਨਾਲ ਸ਼ਾਮਲ ਹੋਏ।