ਸਰਕਾਰ ਤੋਂ ਨਿਰਾਸ਼ ਦਿਵਿਆਂਗ ਵਰਗ ਐਕਸ਼ਨ ਲਈ ਮਜਬੂਰ : ਸੈਣੀ
ਸਰਕਾਰ ਦੇ ਚਾਰ ਸਾਲਾਂ ਕਾਰਗੁਜ਼ਾਰੀ ਕਾਰਡ ਤੋਂ ਨਿਰਾਸ਼ ਦਿਿਵਆਂਗ ਵਰਗ ਐਕਸ਼ਨ ਲਈ ਮਜ਼ਬੂਰ - ਸੈਣੀ
Publish Date: Thu, 26 Mar 2026 07:25 PM (IST)
Updated Date: Thu, 26 Mar 2026 07:29 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਜਾਰੀ ਪ੍ਰੈੱਸ ਨੋਟ ਦਾ ਜਵਾਬ ਦਿੰਦਿਆਂ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ, ਮਨਜਿੰਦਰ ਸਿੰਘ ਮੀਤ ਖ਼ਜ਼ਾਨਚੀ ਤੇ ਗੁਰਮੁਖ ਸਿੰਘ ਕਾਜ਼ੀ ਕੋਟ ਬਲਾਕ ਪ੍ਰਧਾਨ ਤਰਨਤਾਰਨ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਸਭ ਤੋਂ ਲੋੜਵੰਦ ਵਰਗ ਜੋ ਆਪਣੀ ਜ਼ਿੰਦਗੀ ਜਿਊਣ ਲਈ ਜਿਥੇ ਰੋਜ਼ੀ-ਰੋਟੀ ਕਮਾਉਣ ਤੋਂ ਵੀ ਅਸਮਰਥ ਹੈ, ਉਨ੍ਹਾਂ ਲਈ ਪੰਜਾਬ ਸਰਕਾਰ ਦੇ ਚਾਰ ਸਾਲਾ ਕਾਰਗੁਜ਼ਾਰੀ ਕਾਰਡ ਵਿਚ ਦਿਵਿਆਂਗ ਵਰਗ ਲਈ ਇਕ ਵੀ ਉਪਲਬਧੀ ਦਰਜ ਨਹੀਂ ਹੈ। ਐਕਸ਼ਨ ਕਮੇਟੀ ਵੱਲੋਂ ਲਗਾਤਾਰ ਚਾਰ ਸਾਲਾਂ ਤੋਂ ਹੱਕੀ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ ਦੌਰਾਨ ਸਿਰਫ਼ ਇਕ ਵਾਰ ਹੀ ਮਾਣਯੋਗ ਮੁੱਖ ਮੰਤਰੀ ਪੰਜਾਬ ਨੇ ਮੀਟਿੰਗ ਲਈ ਸਮਾਂ ਦਿੱਤਾ ਪ੍ਰੰਤੂ ਉਸਦਾ ਵੀ ਕੋਈ ਫਾਇਦਾ ਨਹੀਂ ਹੋਇਆ। ਅਮਨ ਅਰੋੜਾ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ, ਐੱਮਸੀਜ਼, ਸਰਪੰਚਾਂ, ਪੰਚਾਂ ਨੂੰ ਪੰਜਾਬ ਸਰਕਾਰ ਦੇ ਚਾਰ ਸਾਲਾ ਰਿਪੋਰਟ ਕਾਰਡ ਦਾ ਘਰ-ਘਰ ਪ੍ਰਚਾਰ ਕਰਨ ਲਈ ਕਿਹਾ ਗਿਆ ਹੈ ਪ੍ਰੰਤੂ ਜਦੋਂ ਉਕਤ ਵਰਕਰ ਸਾਡੇ ਘਰਾਂ ਵਿਚ ਆਉਣਗੇ ਤਾਂ ਦਿਵਿਆਂਗ ਵਰਗ ਨੂੰ ਦਿੱਤੀ ਹੋਈ 2500/ ਰੁਪਏ ਪੈਨਸ਼ਨ ਦੀ ਚੋਣ ਗਰੰਟੀ ਤੋਂ ਇਲਾਵਾ ਅੰਗਹੀਣ ਭਲਾਈ ਐਕਟ 2016 ਕਾਨੂੰਨ ਨੂੰ ਲਾਗੂ ਕਰਨ, 4% ਨੌਕਰੀਆਂ ਦਾ ਬੈਕਲਾਗ, ਨੈਸ਼ਨਲ ਤੇ ਇੰਟਰਨੈਸ਼ਨਲ ਪੈਰਾ ਖਿਡਾਰੀਆਂ ਨੂੰ ਯੋਗਤਾ ਅਨੁਸਾਰ ਨੌਕਰੀ, ਬੱਸ ਸਫ਼ਰ ਮੁਫ਼ਤ, ਅੰਤੋਧਿਆ ਅੰਨ ਯੋਜਨਾ ਤਹਿਤ ਸਮਾਰਟ ਰਾਸ਼ਨ ਕਾਰਡ ਬਣਾਉਣ, ਟੋਲ ਪਲਾਜ਼ਿਆਂ ’ਤੇ ਯੂਡੀਆਈ ਕਾਰਡਾਂ ਨੂੰ ਲੈ ਕੇ ਕਰਿੰਦਿਆਂ ਵੱਲੋਂ ਬਹਿਸਬਾਜ਼ੀ, ਦਿਵਿਆਂਗਾਂ ਦੇ ਲਟਕਦੇ ਬਿਜਲੀ ਬਿੱਲ ਮੁਆਫ ਕਰਨ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਦਿਵਿਆਂਗ ਵਿਅਕਤੀਆਂ ਨੂੰ ਪਹਿਲੀ ਲਿਸਟ ਵਿਚੋਂ ਬਾਹਰ ਰੱਖਣ, ਪੰਦਰਾਂ ਸੌ ਰੁਪਏ ਪੈਨਸ਼ਨ ਦੀ ਸਮੇਂ ਸਿਰ ਅਦਾਇਗੀ ਨਾ ਹੋਣ ਵਰਗੇ ਗੰਭੀਰ ਤੇ ਅਹਿਮ ਮੁੱਦਿਆਂ ’ਤੇ ਘ- ਘਰ ਪ੍ਰਚਾਰ ਕਰਨ ਵਾਲਿਆਂ ਤੋਂ ਜਵਾਬ ਮੰਗਿਆ ਜਾਵੇ। ਸੈਣੀ ਨੇ ਦੱਸਿਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁਲਿਸ ਮੁਲਾਜ਼ਮਾਂ ਵੱਲੋਂ ਵੀ ਰੋਜ਼ੀ-ਰੋਟੀ ਲਈ ਈ-ਰਿਕਸ਼ਾ ਚਲਾ ਰਹੇ ਦਿਵਿਆਂਗ ਵਿਅਕਤੀਆਂ ਨੂੰ ਐਕਸੀਡੈਂਟ ਦੇ ਡਰਾਵਿਆਂ ਨਾਲ਼ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਖਜ਼ਾਨਾ ਭਰਿਆ ਹੋਇਆ ਹੈ, ਫਿਰ ਸਾਰਾ ਮਹੀਨਾ ਬੀਤਣ ਵਾਲਾ ਹੈ ਪਰ ਕਈ ਜ਼ਿਲਿਆਂ ਵਿਚ ਫਰਵਰੀ ਮਹੀਨੇ ਦੀ ਅੰਗਹੀਣ, ਵਿਧਵਾ, ਬੁੱਢਾਪਾ ਪੈਨਸ਼ਨਾਂ ਜਾਰੀ ਕਿਉਂ ਨਹੀਂ ਹੋਈਆਂ, ਜਿਸ ਸਬੰਧੀ ਗੁਪਤ ਐਕਸ਼ਨ ਲਈ ਰੂਪ-ਰੇਖਾ ਤਿਆਰ ਕੀਤੀ ਗਈ ਹੈ।