ਅੱਧੀ ਰਾਤ ਨੂੰ ਸੜਕਾਂ ’ਤੇ ਉਤਰੇ ਡੀਆਈਜੀ, ਬਾਰਾਤੀਆਂ ਦੀ ਵੀ ਕੀਤੀ ਚੈਕਿੰਗ
ਜਾਸੰ, ਕਪੂਰਥਲਾ : ਪੰਜਾਬ
Publish Date: Tue, 10 Feb 2026 10:13 PM (IST)
Updated Date: Tue, 10 Feb 2026 10:14 PM (IST)

ਜਾਸੰ, ਕਪੂਰਥਲਾ : ਪੰਜਾਬ ਪੁਲਿਸ ਦੀ ਵਿਸ਼ੇਸ਼ ਮੁਹਿੰਮ ‘ਆਪ੍ਰੇਸ਼ਨ ਪ੍ਰਹਾਰ-2’ ਦੇ ਤਹਿਤ ਮੰਗਲਵਾਰ ਦੇਰ ਰਾਤ ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ ਨੇ ਕਪੂਰਥਲਾ ’ਚ ਖੁਦ ਮੋਰਚਾ ਸੰਭਾਲਿਆ ਤੇ ਪੂਰੀ ਰਾਤ ਚੈਕਿੰਗ ਕੀਤੀ। ਉਨ੍ਹਾਂ ਨਾਲ ਐੱਸਐੱਸਪੀ ਗੌਰਵ ਤੂਰ ਤੇ ਪੂਰੀ ਪੁਲਿਸ ਟੀਮ ਮੌਜੂਦ ਰਹੀ। ਮੁਹਿੰਮ ਰਾਤ ਲਗਪਗ ਦੋ ਵਜੇ ਤੱਕ ਚੱਲਦੀ ਰਹੀ•। ਮੁਹਿੰਮ ਦੀ ਸ਼ੁਰੂਆਤ ਰਾਤ 12 ਵਜੇ ਕਪੂਰਥਲਾ-ਜਲੰਧਰ ਰੋਡ ’ਤੇ ਸਿਟੀ ਥਾਣੇ ਦੇ ਨਾਕੇ ਤੋਂ ਹੋਈ, ਜਿਥੇ ਐੱਸਐੱਚਓ ਅਮਨ ਨਾਹਰ ਦੀ ਅਗਵਾਈ ’ਚ ਵਿਸ਼ੇਸ਼ ਚੈਕਿੰਗ ਚੱਲ ਰਹੀ ਸੀ। ਕੁਝ ਸਮੇਂ ਜਾਂਚ ਤੋਂ ਬਾਅਦ ਕਾਫਿਲਾ ਸਰਕੁਲਰ ਰੋਡ ਤੋਂ ਹੁੰਦਾ ਹੋਇਆ ਰਮਣੀਕ ਚੌਕ ਪਹੁੰਚਿਆ ਤੇ ਉਥੋਂ ਆਰਸੀਐੱਫ ਵੱਲ ਰਵਾਨਾ ਹੋਇਆ। ਆਰਸੀਐੱਫ ਗੇਟ ਨੰਬਰ-2 ਕੋਲ ਥਾਣਾ ਸਦਰ ਦੀ ਇੰਚਾਰਜ ਪ੍ਰਭਜੋਤ ਕੌਰ ਦੀ ਅਗਵਾਈ ’ਚ ਲਗਾਏ ਗਏ ਹਾਈਟੈੱਕ ਨਾਕੇ ਦੀ ਵੀ ਡੀਆਈਜੀ ਨੇ ਜਾਂਚ ਕੀਤੀ। ਇਸ ਤੋਂ ਬਾਅਦ ਕਾਫਿਲਾ ਸੁਲਤਨਾਪੁਰ ਲੋਧੀ ਵੱਲ ਵਧਿਆ, ਜਿਥੇ ਡੀਐੱਸਪੀ ਧੀਰੇਂਦਰ ਵਰਮਾ ਦੀ ਦੇਖ-ਰੇਖ ’ਚ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਦੇਰ ਰਾਤ ਜ਼ਿਆਦਾਤਰ ਵਾਹਨ ਵਿਆਹ ਸਮਾਰੋਹ ’ਤੋਂ ਪਰਤ ਰਹੇ ਬਾਰਾਤੀਆਂ ਦੇ ਸਨ। ਰਾਤ ਲਗਪਗ ਇਕ ਵਜੇ ਪੁਲਿਸ ਕਾਫਿਲਾ ਤਲਵੰਡੀ ਚੌਧਰੀਆਂ ਤੋਂ ਹੁੰਦੇ ਹੋਏ ਗੋਇੰਦਵਾਲ ਸਾਹਿਬ ਰੋਡ ’ਤੇ ਪਹੁੰਚਿਆ। ਉਥੇ ਪੁਲ ’ਤੇ ਲੱਗੇ ਹਾਈਟੈੱਕ ਨਾਕੇ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਗਈ। ਡੀਆਈਜੀ ਨੇ ਉਥੇ ਲੱਗੇ ਕੈਮਰਿਆਂ ਦੀ ਫੁਟੇਜ ਜਾਂਚੀ ਤੇ ਅੰਦਰ ਕਮਰਿਆਂ ਦਾ ਵੀ ਨਿਰੀਖਣ ਕੀਤਾ। ਇਸ ਦੌਰਾਨ ਇਕ ਸਜੀ-ਧੱਜੀ ਬਾਰਾਤ ਦੀ ਕਾਰ ਨੂੰ ਵੀ ਰੋਕ ਕੇ ਪੁੱਛਗਿੱਛ ਕੀਤੀ ਗਈ। ਲਗਪਗ 1.30 ਵਜੇ ਕਾਫਿਲਾ ਫੱਤੂਢੀਂਗਾ ਪਹੁੰਚਿਆ, ਜਿਥੇ ਥਾਣਾ ਮੁਖੀ ਦੀ ਅਗਵਾਈ ’ਚ ਮੁੱਖ ਸੜਕ ’ਤੇ ਨਾਕਾ ਲੱਗਾ ਹੋਇਆ ਸੀ। ਡੀਆਈਜੀ ਨਵੀਨ ਸਿੰਗਲਾ ਨੇ ਥਾਣੇ ਦਾ ਵੀ ਨਿਰੀਖਣ ਕੀਤਾ, ਮੁਲਾਜ਼ਮਾਂ ਦਾ ਉਤਸ਼ਾਹ ਵਧਾਇਆ ਤੇ ਸਪਸ਼ਟ ਨਿਰਦੇਸ਼ ਦਿੱਤੇ ਕਿ ਡਿਊਟੀ ’ਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਖਾਸ ਤੌਰ ’ਤੇ ਗੈਂਗਸਟਰਾਂ ਦੇ ਮਾਮਲਿਆਂ ’ਚ। ਉਨ੍ਹਾਂ ਨੇ ਥਾਣੇ ’ਚ ਬੰਦ ਕੈਦੀਆਂ ਦਾ ਰਿਕਾਰਡ ਵੀ ਚੈੱਕ ਕੀਤਾ। ਡੀਆਈਜੀ ਨਵੀਨ ਸਿੰਗਲਾ ਨੇ ਦੱਸਿਆ ਕਿ ਆਪ੍ਰੇਸ਼ਨ ਪ੍ਰਹਾਰ-2, 72 ਘੰਟਿਆਂ ਤੱਕ ਚਲਾਇਆ ਜਾ ਰਿਹਾ ਹੈ। ਜਲੰਧਰ ਰੇਂਜ ਦੇ ਸਾਰੇ ਜ਼ਿਲ੍ਹਿਆਂ ’ਚ ਵਾਰੀ-ਵਾਰੀ ਨਾਲ ਚੈਕਿੰਗ ਮੁਹਿੰਮ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦਾ ਟੀਚਾ ਉਨ੍ਹਾਂ ਗੈਂਗਸਟਰਾਂ ਤੇ ਗੈਰ ਸਮਾਜਿਕ ਅਨਸਰਾਂ ਨੂੰ ਫੜਨਾ ਹੈ, ਜੋ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।