ਮੌਤ ਤੋਂ ਪਹਿਲਾਂ ਦਲਿਤ ਨੌਜਵਾਨ ਰਵੀ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ
ਮ੍ਰਿਤਕ ਰਵੀ ਦੇ ਪੋਸਟਮਾਰਟਮ ਰਿਪੋਰਟ ਚ ਸੱਟਾਂ ਦਾ ਵੇਰਵਾ ਆਇਆ ਸਾਹਮਣੇ
Publish Date: Fri, 20 Mar 2026 08:43 PM (IST)
Updated Date: Fri, 20 Mar 2026 08:46 PM (IST)

ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ’ਚ ਸੱਟਾਂ ਦਾ ਵੇਰਵਾ ਮਿਲਿਆ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਸੁਭਾਨਪੁਰ ਪੁਲਿਸ ਵੱਲੋਂ ਨੇੜਲੇ ਪਿੰਡ ਜੱਗਾ ਦੇ ਵਸਨੀਕ ਮ੍ਰਿਤਕ ਰਵੀ ਦਾ ਸਿਵਲ ਹਸਪਤਾਲ ਕਪੂਰਥਲਾ ਦੇ ਤਿੰਨ ਮੈਂਬਰੀ ਮੈਡੀਕਲ ਬੋਰਡ ਤੋਂ ਕਰਵਾਏ ਗਏ ਪੋਸਟਮਾਰਟਮ ਰਿਪੋਰਟ ’ਚ ਡਾਕਟਰਾਂ ਨੇ ਮਰਨ ਤੋਂ ਪਹਿਲਾਂ ਉਸਦੇ ਕੁੱਲ 5 ਸੱਟਾਂ ਲੱਗਣ ਦਾ ਵੇਰਵਾ ਦਿੱਤਾ ਹੈ। ਥਾਣਾ ਸੁਭਾਨਪੁਰ ਅੱਗੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ 13 ਮਾਰਚ ਤੋਂ ਲਗਾਏ ਦਿਨ-ਰਾਤ ਦੇ ਧਰਨੇ ਦੌਰਾਨ ਪੀੜਤ ਪਰਿਵਾਰ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਤੇ ਯੂਨੀਅਨ ਦੇ ਯੂਥ ਵਿੰਗ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਦੋਸ਼ ਲਗਾਇਆ ਕਿ ਰਿਪੋਰਟ ’ਚ ਦਰਜ ਸੱਟਾਂ ਕੁੱਟਮਾਰ ਕਰਨ ਨਾਲ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਡਾਕਟਰੀ ਰਿਪੋਰਟ ਅਨੁਸਾਰ ਮ੍ਰਿਤਕ ਰਵੀ ਦੇ ਸਰੀਰ ਦੇ ਨਾਜ਼ੁਕ ਹਿੱਸਿਆਂ ਸਿਰ ’ਤੇ ਸੱਟਾਂ ਤੋਂ ਇਲਾਵਾ ਖੱਬੇ ਕੰਨ, ਅੱਖ ਦੇ ਭਰਵੱਟੇ ਦੇ ਨਾਲ-ਨਾਲ ਲੱਤਾਂ, ਪੈਰਾਂ, ਖੱਬੇ ਹੱਥ ਦੀਆਂ ਉਂਗਲਾਂ ਉੱਪਰ ਅਣਗਿਣਤ ਸੱਟਾਂ ਪਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੁੱਟਮਾਰ ਕਰਨ ਨਾਲ ਲੱਗੀਆਂ ਸੱਟਾਂ ਕਾਰਨ ਉਸਦਾ ਜ਼ਿਆਦਾ ਖ਼ੂਨ ਵਹਿਣ ਕਰਕੇ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਦਲਿਤ ਨੌਜਵਾਨ ਰਵੀ ਦੀ ਹਮਲਾਵਰਾਂ ਨੇ ਦਰਿੰਦਗੀ ਨਾਲ ਕੁੱਟਮਾਰ ਕੀਤੀ, ਜਿਸ ਕਰਕੇ ਉਸ ਦੀ ਜਾਨ ਗਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਵਾਅਦੇ ਅਨੁਸਾਰ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦਿਵਾਉਣ ਤੇ ਕਾਨੂੰਨ ਅਨੁਸਾਰ ਪੀੜਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਯੂਨੀਅਨ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਵਾਅਦੇ ਅਨੁਸਾਰ ਮੰਗਾਂ ਉੱਪਰ ਅਮਲ ਨਾ ਕਰਨ ਦੀ ਸੂਰਤ ਵਿਚ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਯੂਨੀਅਨ ਆਗੂ ਜਸਵਿੰਦਰ ਟਾਹਲੀ ਤੇ ਲਾਡੀ ਜੱਗਾ ਤੇ ਪੀੜਤ ਪਰਿਵਾਰ ਸਮੇਤ ਵੱਡੀ ਗਿਣਤੀ ’ਚ ਲੋਕ ਧਰਨੇ ਉੱਤੇ ਮੌਜੂਦ ਸਨ।