ਏਡਿਡ ਸਕੂਲਾਂ ਦੇ ਅਧਿਆਪਕ ਤਨਖਾਹਾਂ ਤੋਂ ਵਾਂਝੇ
ਏਡਿਡ ਸਕੂਲਾਂ ਨੂੰ ਦੋ ਮਹੀਨਿਆਂ ਤੋਂ ਤਨਖਾਹ ਗਰਾਂਟਾਂ ਜਾਰੀ ਹੋਣ ਦੇ ਬਾਵਜੂਦ ਬਜਟ ਨਾ ਪੈਣ ਕਾਰਨ ਅਧਿਆਪਕ ਤਨਖਾਹਾਂ ਤੋਂ ਵਾਂਝੇ:
Publish Date: Thu, 26 Feb 2026 07:32 PM (IST)
Updated Date: Thu, 26 Feb 2026 07:34 PM (IST)

ਦੋ ਮਹੀਨਿਆਂ ਤੋਂ ਤਨਖਾਹ ਗਰਾਂਟਾਂ ਜਾਰੀ ਹੋਣ ਦੇ ਬਾਵਜੂਦ ਨਹੀਂ ਮਿਲੀ ਤਨਖਾਹ ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਕਈ ਜ਼ਿਲ੍ਹਿਆਂ ਦੇ ਅਧਿਆਪਕਾਂ ਨੂੰ ਮਈ 2025 ਤੋਂ ਹੁਣ ਤੱਕ ਦੀ ਤਨਖਾਹ ਹਾਲੇ ਤੱਕ ਨਸੀਬ ਨਹੀਂ ਹੋਈ ਹੈ, ਜਿਸ ਕਰਕੇ ਅਧਿਆਪਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੀ ਤਨਖਾਹ ਗਰਾਂਟ ਬੀਤੇ ਦੋ ਮਹੀਨੇ ਪਹਿਲਾਂ ਜਾਰੀ ਕਰ ਦਿੱਤੀ ਗਈ ਸੀ ਪਰ ਵਿਭਾਗ ਵੱਲੋਂ ਉਨ੍ਹਾਂ ਦਾ ਬਜਟ ਆਨਲਾਈਨ ਨਾ ਕੀਤੇ ਜਾਣ ਕਾਰਨ ਸੈਂਕੜੇ ਅਧਿਆਪਕ ਤਨਖਾਹਾਂ ਤੋਂ ਵਾਂਝੇ ਹਨ। ਇਸ ਸਬੰਧ ਵਿਚ ਪੰਜਾਬ ਏਡਿਡ ਸਕੂਲ ਤੇ ਹੋਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਤੇ ਸੂਬਾ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਵੱਲੋਂ ਬੀਤੇ ਦੋ ਮਹੀਨੇ ਪਹਿਲਾਂ ਪੰਜਾਬ ਦੇ ਤਰਨ ਤਾਰਨ, ਫਾਜ਼ਿਲਕਾ, ਲੁਧਿਆਣਾ ਤੇ ਹੋਰਨਾਂ ਕਈ ਜ਼ਿਲ੍ਹਿਆਂ ਦੀ ਤਨਖਾਹ ਗਰਾਂਟ ਜਾਰੀ ਕੀਤੀ ਜਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਵੀ ਹਾਲੇ ਤੱਕ ਤਨਖਾਹਾਂ ਦਾ ਬਜਟ ਆਨਲਾਈਨ ਨਹੀਂ ਕੀਤਾ ਗਿਆ, ਜਿਸ ਕਰਕੇ ਸੈਂਕੜੇ ਅਧਿਆਪਕਾਂ ਨੂੰ ਮਈ 2025 ਤੋਂ ਤਨਖਾਹ ਨਹੀਂ ਮਿਲ ਸਕੀ। ਯੂਨੀਅਨ ਆਗੂ ਨੇ ਕਿਹਾ ਕਿ ਇਸ ਸਬੰਧ ਵਿਚ ਜਲਦ ਹੀ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਬੁਲਾਈ ਜਾ ਰਹੀ ਹੈ, ਜਿਸ ਵਿਚ ਇਸ ਮੁੱਦੇ ਨੂੰ ਲੈ ਕੇ ਤਿੱਖਾ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਲੰਬੇ ਸਮੇਂ ਤੱਕ ਇਨ੍ਹਾਂ ਸਕੂਲਾਂ ਨੂੰ ਤਨਖਾਹ ਗਰਾਂਟ ਜਾਰੀ ਨਹੀਂ ਕੀਤੀ ਗਈ, ਫਿਰ ਜਦੋਂ ਤਨਖਾਹ ਗਰਾਂਟ ਜਾਰੀ ਕੀਤੀ ਗਈ ਤਾਂ ਹੁਣ ਆਨਲਾਈਨ ਬਜਟ ਨਹੀਂ ਪਾਇਆ ਗਿਆ, ਜਿਸ ਲਈ ਸਿੱਖਿਆ ਵਿਭਾਗ ਵੱਲੋਂ ਵਿੱਤ ਵਿਭਾਗ ਵੱਲੋਂ ਬਜਟ ਨਾ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇ ਵਿਭਾਗ ਨੇ ਜਲਦ ਬਜਟ ਆਨਲਾਈਨ ਨਾ ਕੀਤਾ ਤਾਂ ਵਿਧਾਨ ਸਭਾ ਦਾ ਘਿਰਾਓ ਕਰਨ ਤੇ ਹੋਰ ਕੋਈ ਤਿੱਖਾ ਸੰਘਰਸ਼ ਕਰਨ ਦਾ ਫੈਸਲਾ ਕੀਤਾ ਜਾ ਸਕਦਾ ਹੈ। ਇਸ ਸਬੰਧ ਵਿਚ ਯੂਨੀਅਨ ਵੱਲੋਂ ਜਲਦ ਹੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਬੁਲਾਈ ਜਾ ਰਹੀ ਹੈ। ਏਡਿਡ ਸਕੂਲਾਂ ਦੀ ਪੈਨਸ਼ਨਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ ਨੇ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਸਾਲਾਂ ਬੱਧੀ ਤਨਖਾਹ ਨਹੀਂ ਮਿਲ ਰਹੀ। ਪੰਜਾਬ ਦੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਸਮੇਤ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਏਡਿਡ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਦਾ ਬਜਟ ਤੁਰੰਤ ਪਾਇਆ ਜਾਵੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਏਡਿਡ ਸਕੂਲਾਂ ਦੇ ਅਧਿਆਪਕ ਤੇ ਪੈਨਸ਼ਨਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਮੋਨਿਕਾ ਸ਼ਰਮਾ ਤੇ ਜ਼ਿਲ੍ਹਾ ਸਕੱਤਰ ਬਲਵਿੰਦਰ ਕੌਰ ਨੇ ਕਿਹਾ ਕਿ ਜ਼ਿਲ੍ਹਾ ਕਪੂਰਥਲਾ ਦੀ ਵੀ ਮਈ ਤੋਂ ਦਸੰਬਰ ਤੱਕ ਦੀ ਗਰਾਂਟ ਜਾਰੀ ਹੋ ਚੁੱਕੀ ਹੈ ਪਰ ਬਜਟ ਨਾ ਪੈਣ ਦੇ ਕਾਰਨ ਅਧਿਆਪਕਾਂ ਦੇ ਖੀਸੇ ਖਾਲੀ ਹਨ। ਫਰਵਰੀ ਮਹੀਨਾ ਪੂਰਾ ਹੋਣ ਵਾਲਾ ਹੈ ਤੇ ਜੇ ਇਹੀ ਹਾਲ ਰਿਹਾ ਤਾਂ ਬਿਨਾਂ ਬਜਟ ਜਨਵਰੀ, ਫਰਵਰੀ ਦੀ ਤਨਖਾਹ ਕਿਵੇਂ ਜਾਰੀ ਹੋਵੇਗੀ। ਜੇ ਸਰਕਾਰ ਨੇ ਜਲਦ ਬਜਟ ਆਨਲਾਈਨ ਨਾ ਕੀਤਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਨਾਲ ਕਪੂਰਥਲਾ ਵੀ ਆਪਣੇ ਸਾਰੇ ਵਰਕਿੰਗ ਤੇ ਰਿਟਾਇਰ ਸਾਥੀਆਂ ਦੇ ਨਾਲ ਸੰਘਰਸ਼ ਦੇ ਰਾਹ ’ਤੇ ਤੁਰਨ ਲਈ ਮਜਬੂਰ ਹੋਵੇਗਾ।