ਡੀਸੀ ਵੱਲੋਂ ਦਾਣਾ ਮੰਡੀ ਦਾ ਦੌਰਾ, ਕਣਕ ਦੀ ਖ਼ਰੀਦ ਤੇ ਲਿਫਟਿੰਗ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਡਿਪਟੀ ਕਮਿਸ਼ਨਰ ਵੱਲੋਂ ਭੁਲੱਥ ਦਾਣਾ ਮੰਡੀ ਦਾ ਦੌਰਾ
Publish Date: Fri, 17 Apr 2026 08:48 PM (IST)
Updated Date: Fri, 17 Apr 2026 08:51 PM (IST)
- ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਚੁੱਕੇ ਜਾਣ ਦੀ ਵਚਨਬੱਧਤਾ ਨੂੰ ਦੁਹਰਾਇਆ
- ਕਿਸਾਨਾਂ ਦੇ ਖਾਤਿਆਂ ’ਚ 27.32 ਕਰੋੜ ਟਰਾਂਸਫ਼ਰ
ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ
ਭੁਲੱਥ : ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਦਾਣਾ ਮੰਡੀ ਭੁਲੱਥ ਦਾ ਦੌਰਾ ਕਰ ਕੇ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਸਮੂਹ ਖ਼ਰੀਦ ਏਜੰਸੀਆਂ ਅਤੇ ਸਬੰਧਿਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਮੰਡੀਆਂ ਵਿੱਚ ਆ ਰਹੀ ਫਸਲ ਦੀ ਸਮੇਂ ਸਿਰ ਢੋਆ-ਢੁਆਈ (ਲਿਫਟਿੰਗ) ਨੂੰ ਯਕੀਨੀ ਬਣਾਇਆ ਜਾਵੇ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਵੇਚੀ ਹੋਈ ਫਸਲ ਦੀ ਅਦਾਇਗੀ ਨਿਰਧਾਰਿਤ ਸਮੇਂ ਦੇ ਅੰਦਰ-ਅੰਦਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿਕੱਤ ਨਹੀਂ ਆਉਣ ਦਿੱਤੀ ਜਾਵੇਗੀ।
ਖ਼ਰੀਦ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਕਣਕ ਖ਼ਰੀਦ ਦੇ ਨਿਯਮਾਂ ਵਿੱਚ ਵਿਸ਼ੇਸ਼ ਛੋਟ ਦਿੱਤੀ ਗਈ ਹੈ, ਜਿਸ ਤਹਿਤ ਹੁਣ 70 ਫ਼ੀਸਦੀ ਤੱਕ ਬਦਰੰਗ ਕਣਕ ਅਤੇ 15 ਫ਼ੀਸਦੀ ਤੱਕ ਟੁੱਟੇ ਤੇ ਸੁੰਗੜੇ ਦਾਣੇ ਦੀ ਖ਼ਰੀਦ ਵੀ ਘੱਟੋ-ਘੱਟ ਸਮਰਥਨ ਮੁੱਲ ’ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਵੇਂ ਮਾਪਦੰਡਾਂ ਅਨੁਸਾਰ ਖ਼ਰੀਦੇ ਗਏ ਇਸ ਸਟਾਕ ਦਾ ਨਿਪਟਾਰਾ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਤਾਂ ਜੋ ਖ਼ਰੀਦ ਪ੍ਰਕਿਰਿਆ ਵਿੱਚ ਕੋਈ ਰੁਕਾਵਟ ਨਾ ਆਵੇ। ਜ਼ਿਲ੍ਹੇ ਵਿੱਚ ਕਣਕ ਦੀ ਆਮਦ ਬਾਰੇ ਦੱਸਦਿਆਂ ਅਕਾਸ਼ ਬਾਂਸਲ ਨੇ ਕਿਹਾ ਕਿ ਚਾਲੂ ਸੀਜ਼ਨ ਦੌਰਾਨ ਜ਼ਿਲ੍ਹੇ ਭਰ ਵਿੱਚ 3,19,155 ਮੀਟ੍ਰਿਕ ਟਨ ਕਣਕ ਦੀ ਆਮਦ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਲਈ 42 ਪੱਕੀਆਂ ਅਤੇ ਕੁਝ ਆਰਜ਼ੀ ਮੰਡੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 42,592.99 ਮੀਟ੍ਰਿਕ ਟਨ ਕਣਕ ਦੀ ਆਮਦ ਦਰਜ ਕੀਤੀ ਗਈ ਹੈ, ਜਿਸ ਵਿੱਚੋਂ 40,232.50 ਮੀਟ੍ਰਿਕ ਟਨ ਦੀ ਖ਼ਰੀਦ ਵੱਖ-ਵੱਖ ਏਜੰਸੀਆਂ ਵੱਲੋਂ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ ਪਨਗਰੇਨ ਵੱਲੋਂ ਸਭ ਤੋਂ ਵੱਧ 15,127.5 ਮੀਟ੍ਰਿਕ ਟਨ। ਇਸੇ ਤਰ੍ਹਾਂ ਮਾਰਕਫੈੱਡ ਵੱਲੋਂ 11,973 ਮੀਟ੍ਰਿਕ ਟਨ, ਪਨਸਪ ਵੱਲੋਂ 6,992 ਮੀਟ੍ਰਿਕ ਟਨ ਤੇ ਪੰਜਾਬ ਸਟੇਟ ਵੇਅਰ ਹਾਊਸ ਵੱਲੋਂ 6,140 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੂੰ 27.32 ਕਰੋੜ ਰੁਪਏ ਦੀ ਅਦਾਇਗੀ ਮਿੱਥੇ ਸਮੇਂ ਅੰਦਰ ਕੀਤੀ ਜਾ ਚੁੱਕੀ ਹੈ।