ਡਿਪਟੀ ਕਮਿਸ਼ਨਰ ਕਪੂਰਥਲਾ ਨੇ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਡਿਪਟੀ ਕਮਿਸ਼ਨਰ ਕਪੂਰਥਲਾ ਨੇ ਸਬੰਧੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਦਾ ਲਿਆ ਜਾਇਜਾ
Publish Date: Thu, 29 Jan 2026 07:42 PM (IST)
Updated Date: Thu, 29 Jan 2026 07:43 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਗਰੀਬਾਂ ਤੇ ਮਜ਼ਲੂਮਾਂ ਦੇ ਮੁਕਤੀਦਾਤਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਫਗਵਾੜਾ ਵਿਚ ਸਜਾਈ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸਬੰਧੀ ਐੱਸਡੀਐੱਮ ਦਫ਼ਤਰ ਫਗਵਾੜਾ ਵਿਖੇ ਮੀਟਿੰਗ ਹੋਈ, ਜਿਸਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਕੀਤੀ ਤੇ ਇਸ ਵਿਚ ਸਾਰੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਸ਼ਾਮਲ ਹੋਏ। ਆਮ ਆਦਮੀ ਪਾਰਟੀ ਫਗਵਾੜਾ ਦੇ ਹਲਕਾ ਇੰਚਾਰਜ ਹਰਨੂਰ ਸਿੰਘ ਮਾਨ ਵੀ ਉਚੇਰੇ ਤੌਰ ’ਤੇ ਮੀਟਿੰਗ ‘ਚ ਹਾਜ਼ਰ ਰਹੇ। ਇਸ ਦੌਰਾਨ ਸ਼ੋਭਾ ਯਾਤਰਾ ਲਈ ਪ੍ਰਕਾਸ਼, ਸਫਾਈ, ਟਰੈਫਿਕ ਪ੍ਰਬੰਧਨ ਤੇ ਹੋਰ ਜ਼ਰੂਰੀ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਆਪਸੀ ਤਾਲਮੇਲ ਰਾਹੀਂ ਸਾਰੇ ਪ੍ਰਬੰਧ ਸਮੇਂ ਸਿਰ ਪੂਰੇ ਕੀਤੇ ਜਾਣਗੇ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਇਹ ਸ਼ੋਭਾ ਯਾਤਰਾ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਪੂਰੀ ਸ਼ਰਧਾ, ਸਤਿਕਾਰ ਤੇ ਸ਼ਾਨੋ-ਸ਼ੌਕਤ ਨਾਲ ਪੂਰੀ ਹੋਵੇਗੀ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ਤੋਂ ਬਾਅਦ ਹਲਕਾ ਇੰਚਾਰਜ ਹਰਨੂਰ ਸਿੰਘ ਮਾਨ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੀਵਨ ਤੇ ਸਿੱਖਿਆਵਾਂ ਸਮਾਜ ਨੂੰ ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਦਾ ਸੰਦੇਸ਼ ਦਿੰਦੀਆਂ ਹਨ। ਇਸ ਲਈ ਸ਼ੋਭਾ ਯਾਤਰਾ ਜਾਂ ਨਗਰ ਕੀਰਤਨ ਸਿਰਫ਼ ਧਾਰਮਿਕ ਸਮਾਗਮ ਹੀ ਨਹੀਂ, ਸਗੋਂ ਸਮਾਜਿਕ ਏਕਤਾ ਤੇ ਸਦਭਾਵਨਾ ਦੇ ਪ੍ਰਤੀਕ ਵੀ ਬਣਦੇ ਹਨ। ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਸ਼ਰਧਾਲੂਆਂ ਦੀ ਸਹੂਲਤ ਤੇ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਸ਼ੋਭਾ ਯਾਤਰਾ ਸ਼ਾਂਤੀਪੂਰਨ ਅਤੇ ਸਤਿਕਾਰਯੋਗ ਵਾਤਾਵਰਣ ਵਿਚ ਸੰਪਨ ਕਰਵਾਈ ਜਾਵੇਗੀ। ਮੀਟਿੰਗ ਵਿਚ ਏਡੀਸੀ ਫਗਵਾੜਾ ਸ਼ਿਖਾ ਭਗਤ, ਐੱਸਡੀਐੱਮ ਜਸ਼ਨਜੀਤ ਸਿੰਘ, ਮੇਅਰ ਰਾਮਪਾਲ ਉੱਪਲ, ਐੱਸਪੀ ਮਾਧਵੀ ਸ਼ਰਮਾ, ਡੀਐੱਸਪੀ ਭਾਰਤ ਭੂਸ਼ਣ ਸੈਣੀ, ਗੁਰਦੀਪ ਸਿੰਘ ਦੀਪਾ ਤੇ ਸ਼੍ਰੀ ਰਵਿਦਾਸ ਮੰਦਰ ਚੱਕ ਹਕੀਮ ਦੇ ਪ੍ਰਧਾਨ ਦਵਿੰਦਰ ਕੁਲਥਮ ਆਦਿ ਮੌਜੂਦ ਸਨ।