- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਘਣੀ ਧੁੰਦ ਦਾ ਕਹਿਰ ਜਾਰੀ, ਵਿਜ਼ੀਬਿਲਟੀ ਘਟੀ

--ਠੰਢ ਦਾ ਕਹਿਰ, ਲਾਈਟਾਂ ਜਗਾ ਕੇ ਗੱਡੀ ਚਲਾਉਣ ਲਈ ਲੋਕ ਹੋਏ ਮਜ਼ਬੂਰ
ਅਮਰੀਕ ਮੱਲ੍ਹੀ/ਸੁਖਪਾਲ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਭਾਰੀ ਧੁੰਦ ਅਤੇ ਕੋਹਰੇ ਨੇ ਸ਼ੁੱਕਰਵਾਰ ਨੂੰ ਵਿਰਾਸਤੀ ਸ਼ਹਿਰ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਲਿਆ। ਦਿਨ ਭਰ ਪੂਰੀ ਤਰ੍ਹਾਂ ਧੁੰਦ ਛਾਈ ਰਹੀ। ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ ਬਜ਼ਾਰਾਂ ਅਤੇ ਸੜਕਾਂ ’ਤੇ ਥੋੜੀ ਜਿਹੀ ਹਲਚਲ ਦੇਖਣ ਨੂੰ ਮਿਲੀ ਪਰ ਚਾਰ ਵਜੇ ਤੋਂ ਬਾਅਦ ਫਿਰ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਅਤੇ ਸ਼ਾਮ 6 ਵਜੇ ਤੱਕ ਸੰਘਣੀ ਧੁੰਦ ਦੀ ਚਾਦਰ ਵਿਛ ਗਈ, ਜਿਸ ਕਾਰਨ ਜਨਜੀਵਨ ਠੱਪ ਹੋ ਕੇ ਰਹਿ ਗਿਆ। ਧੁੰਦ ਇੰਨੀ ਜ਼ਿਆਦਾ ਸੀ ਕਿ ਵਾਹਨ ਚਾਲਕਾਂ ਨੂੰ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਸੜਕਾਂ ’ਤੇ ਚੱਲਣ ਲਈ ਮਜ਼ਬੂਰ ਹੋਣਾ ਪਿਆ। ਦੁਪਹਿਰ 12 ਵਜੇ ਤੱਕ ਵੀ ਧੁੰਦ ਹਟਣ ਦਾ ਨਾਂ ਨਹੀਂ ਲੈ ਰਹੀ ਸੀ। ਅੱਜ ਸਵੇਰ ਤੋਂ ਹੀ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸੰਘਣੀ ਧੁੰਦ ਦੀ ਚਾਦਰ ਵਿਛੀ ਹੋਈ ਸੀ, ਜਿਸ ਕਾਰਨ ਸਵੇਰ ਤੋਂ ਬਾਹਰ ਨਿਕਲਣ ਵਾਲੇ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਵੇਰੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਵੀ ਕਾਫੀ ਘੱਟ ਗਈ। ਦਿਨ ਭਰ ਧੁੰਦ ਦੇ ਨਾਲ ਠੰਢ ਦਾ ਕਹਿਰ ਜਾਰੀ ਰਿਹਾ।
--ਠੰਢ ਤੋਂ ਬਚਣ ਦੀ ਕੋਸ਼ਿਸ਼ ਕਰੋ
ਇਸ ਪੈ ਰਹੀ ਸੰਘਣੀ ਧੁੰਦ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਕਾਫੀ ਵੱਧ ਗਈਆਂ ਹਨ, ਲੋਕਾਂ ਨੂੰ ਠੰਢ ਤੋਂ ਬਚਣ ਲਈ ਅੱਗ ਦਾ ਸਹਾਰਾ ਲੈਣਾ ਪਿਆ। ਦੁਕਾਨਦਾਰ ਅਤੇ ਹੋਰ ਲੋਕ ਅੱਗ ਸੇਕਦੇ ਦੇਖੇ ਗਏ। ਸਥਾਨਕ ਸਦਰ ਬਜ਼ਾਰ ਵਿਚ ਵੀ ਦੁਕਾਨਦਾਰ ਅੱਗ ਬਾਲ ਕੇ ਆਪਣੇ-ਆਪ ਨੂੰ ਠੰਢ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਠੰਢ ਬਹੁਤ ਹੈ ਅਜਿਹੇ ’ਚ ਗ੍ਰਾਹਕ ਵੀ ਘਰ ਤੋਂ ਬਾਹਰ ਨਹੀਂ ਨਿਕਲਦੇ, ਜਿਸ ਕਾਰਨ ਬਜ਼ਾਰ ਦਾ ਕਾਰੋਬਾਰ ਵੀ ਕਾਫੀ ਠੰਢਾ ਹੈ। ਇਸ ਲਈ ਉਹ ਕੁਝ ਸਮੇਂ ਲਈ ਅੱਗ ਨਾਲ ਹੱਥ ਗਰਮ ਕਰਦੇ ਹਨ ਅਤੇ ਫਿਰ ਕੰਮ ਕਰਦੇ ਹਨ।
--ਸਰਦੀਆਂ ਦੇ ਕੱਪੜਿਆਂ ਦੀ ਮੰਗ ਵਧੀ
ਦੂਜੇ ਪਾਸੇ ਗਰਮ ਕੱਪੜੇ ਵੇਚਣ ਵਾਲੇ ਦੁਕਾਨਦਾਰਾਂ ਦੇ ਕਾਰੋਬਾਰ ਨੂੰ ਨਿੱਘ ਮਿਲ ਰਿਹਾ ਹੈ। ਇਨ੍ਹਾਂ ਦੁਕਾਨਾਂ ’ਤੇ ਲੋਕ ਸਰਦੀਆਂ ਦੇ ਕੱਪੜਿਆਂ ਦੀ ਖ਼ਰੀਦਦਾਰੀ ਕਰਦੇ ਦੇਖੇ ਜਾ ਸਕਦੇ ਹਨ। ਇਸ ਮੌਸਮ ਵਿਚ ਰਿਕਸ਼ਾ ਚਾਲਕਾਂ ਤੇ ਦਿਹਾੜੀਦਾਰਾਂ ਦੇ ਕੰਮ ਠੱਪ ਹੋ ਕੇ ਰਹਿ ਗਏ ਹਨ। ਇਨ੍ਹਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ।
--ਗੱਡੀਆਂ ਦੀਆਂ ਲਾਈਟਾਂ ਦਿਨੇ ਵੀ ਜਗਦੀਆਂ ਰਹੀਆਂ
ਸੂਰਜ ਨਾ ਚਮਕਣ ਕਾਰਨ ਲੋਕ ਠਰੂ-ਠਰੂ ਕਰਦੇ ਦੇਖੇ ਗਏ। ਵਾਹਨ ਚਾਲਕਾਂ ਨੂੰ ਵਾਹਨ ਚਲਾਉਣ ਵਿਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸੜਕਾਂ ’ਤੇ ਭੀੜ ਵੀ ਘੱਟ ਸੀ। ਠੰਢੀ ਹਵਾ ਕਾਰਨ ਵਪਾਰੀ ਆਪਣੀਆਂ ਦੁਕਾਨਾਂ ਜਲਦੀ ਬੰਦ ਕਰਕੇ ਘਰਾਂ ਨੂੰ ਚਲੇ ਗਏ। ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ਵਿਚ ਤਾਪਮਾਨ ਹੋਰ ਹੇਠਾਂ ਜਾਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਜਿਹੇ ’ਚ ਲੋਕਾਂ ਨੇ ਆਪਣੇ ਘਰਾਂ ’ਚ ਰਹਿਣਾ ਹੀ ਬੇਹਤਰ ਸਮਝਿਆ।
--ਦਿਨ ਭਰ ਧੁੰਦ ਬਣੀ ਰਹੀ
ਧੁੰਦ ਕਾਰਨ ਜਿਥੇ ਵਾਹਨ ਚਾਲਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਹਾਈਵੇਅ ’ਤੇ ਹਾਦਸਿਆਂ ਦਾ ਖ਼ਤਰਾ ਵੀ ਵੱਧ ਗਿਆ ਹੈ। ਲੋਕਾਂ ਨੂੰ ਕਈ ਥਾਵਾਂ ’ਤੇ ਅੱਗ ਬਾਲ ਕੇ ਜੀਵਨ ਲੀਲਾ ਚਲਾਉਣੀ ਪੈ ਰਹੀ ਹੈ। ਵੀਰਵਾਰ ਨੂੰ ਸ਼ਹਿਰ ਵਿਚ ਹੀ ਨਹੀਂ ਸਗੋਂ ਪੇਂਡੂ ਖੇਤਰਾਂ ਵਿਚ ਵੀ ਇੰਨੀ ਜ਼ਿਆਦਾ ਧੁੰਦ ਛਾਈ ਰਹੀ ਕਿ ਦਿਨ ਭਰ ਹੱਟਣ ਦਾ ਨਾਂ ਨਹੀਂ ਲੈ ਰਹੀ ਸੀ। ਰੋਜ਼ਾਨਾ ਆਟੋ ਅਤੇ ਹੋਰ ਵਾਹਨ ਚਲਾਉਂਣ ਵਾਲੇ ਡਰਾਈਵਰਾਂ ਦਾ ਕਹਿਣਾ ਹੈ ਕਿ ਧੁੰਦ ਦਾ ਕਹਿਰ ਇਸ ਤਰ੍ਹਾਂ ਹੈ ਕਿ ਦੁਪਹਿਰ 1 ਵਜੇ ਤੱਕ ਵੀ ਲਾਈਟਾਂ ਜਗਾ ਕੇ ਵਾਹਨ ਚਲਾਉਣੇ ਪੈਂਦੇ ਹਨ।