- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਘਣੀ ਧੁੰਦ ਦਾ ਪ੍ਰਕੋਪ ਜਾਰੀ, ਤਾਪਮਾਨ ਵਧਣ ਦੇ ਬਾਵਜੂਦ ਠੰਡ ਤੋਂ ਰਾਹਤ ਨਹੀਂ

ਸੜਕਾਂ ’ਤੇ ਰਿਫਲੈਕਟਰ ਤੇ ਚਿੱਟੀ ਪੱਟੀ ਨਾ ਹੋਣ ਕਾਰਨ ਵਾਪਰ ਸਕਦੈ ਹਾਦਸਾ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸਰਦੀਆਂ ਦੇ ਮੌਸਮ ਵਿਚ ਹਾਲੇ ਤੱਕ ਇਕ ਵੀ ਭਾਰੀ ਬਾਰਿਸ਼ ਨਾ ਹੋਣ ਕਾਰਨ ਸੰਘਣੀ ਧੁੰਦਾ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਤੋਂ ਹਾਲੇ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਸਵੇਰੇ ਅਤੇ ਦੇਰ ਸ਼ਾਮ ਪੈ ਰਹੀ ਸੰਘਣੀ ਧੁੰਦ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਧੁੰਦ ਦੀ ਸਫੈਦ ਚਾਦਰ ਨੇ ਪਾਵਨ ਨਗਰੀ ਦੇ ਅੰਦਰੂਨੀ ਸ਼ਹਿਰੀ ਹਿੱਸਿਆਂ ਨੂੰ ਵੀ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਤੇ ਇਹ ਤਸਵੀਰ ਕਿਸੇ ਪਹਾੜੀ ਖੇਤਰ ਤੋਂ ਘੱਟ ਪ੍ਰਤੀਤ ਨਹੀਂ ਹੋ ਰਹੀ। ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਹੋਣ ਨਾਲ ਸੜਕਾਂ ’ਤੇ ਵਾਹਨਾਂ ਦੀ ਰਫਤਾਰ ਬਹੁਤ ਹੌਲੀ ਹੋ ਗਈ ਹੈ, ਜਿਸ ਨਾਲ ਦਫਤਰ ਜਾਣ ਵਾਲੇ ਕਰਮਚਾਰੀ, ਵਿਦਿਆਰਥੀ ਤੇ ਹੋਰ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਰੋਡਵੇਜ਼ ਬੱਸਾਂ ਤੇ ਰੇਲ ਗੱਡੀਆਂ ਵੀ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਰਵਾਨਾ ਹੋ ਰਹੀਆਂ ਹਨ। ਰੋਜ਼ਾਨਾ ਹਾਦਸੇ ਵਾਪਰ ਰਹੇ ਹਨ, ਜਿਸ ਕਾਰਨ ਟਰੈਫਿਕ ਪੁਲਿਸ ਵੱਲੋਂ ਡਰਾਈਵਰਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਸੜਕਾਂ ’ਤੇ ਮਿੱਟੀ ਤੇ ਰੇਤਾ ਢੋਹਣ ਵਾਲੇ ਕਈ ਟਰੈਕਟਰ ਟਰਾਲੀਆਂ ਪੁਰਾਣੇ ਮਾਡਲ ਦੇ ਹੋਣ ਕਾਰਨ ਉਨ੍ਹਾਂ ’ਤੇ ਕੋਈ ਵੀ ਰਿਫਲੈਕਟਰ ਨਹੀਂ ਲੱਗਿਆ ਤੇ ਹਰ ਸਮੇਂ ਦੁਰਘਟਨਾ ਦਾ ਸਬੱਬ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਕਈ ਸਕੂਲਾਂ ਵੱਲੋਂ ਪੁਰਾਣੀਆਂ ਤੇ ਕੰਡਮ ਬੱਸਾਂ ਨਾਲ ਕੰਮ ਚਲਾਇਆ ਜਾ ਰਿਹਾ ਹੈ, ਜਿਸ ਕਾਰਨ ਨੰਨੇ-ਮੁੰਨ੍ਹੇ ਬੱਚਿਆਂ ਦੀ ਜ਼ਿੰਦਗੀ ਵੀ ਦਾਅ ’ਤੇ ਲੱਗ ਜਾਂਦੀ ਹੈ। 12 ਵਜੇ ਦੁਪਹਿਰ ਤੋਂ ਬਾਅਦ ਤਿੱਖੀ ਧੁੱਪ ਨਿਕਲਣ ’ਤੇ ਤਾਪਮਾਨ 3 ਡਿਗਰੀ ਘੱਟ ਹੋਣ ਕਾਰਨ ਬਹੁਤ ਵੱਡੀ ਰਾਹਤ ਮਹਿਸੂਸ ਕੀਤੀ ਗਈ।
ਕਪੂਰਥਲਾ-ਸੁਲਤਾਨਪੁਰ ਲੋਧੀ ਹਾਈਵੇ ’ਤੇ ਸਫਰ ਕਰਨਾ ਖਤਰਨਾਕ
ਪੰਜਾਬ ਸਰਕਾਰ ਵੱਲੋਂ ਕਪੂਰਥਲਾ-ਸੁਲਤਾਨਪੁਰ ਲੋਧੀ ਮਾਰਗ ’ਤੇ ਭਾਣੋ ਲੰਗਾ ਤੋਂ ਚੱਲ ਰਹੇ ਪ੍ਰਮੁੱਖ ਹਾਈਵੇ ਮਾਰਗ ਦਾ ਕੰਮ ਲੰਮੇ ਸਮੇਂ ਤੋਂ ਬੰਦ ਹੈ। ਅੱਧਾ-ਅਧੂਰਾ ਕੰਮ ਛੱਡਣ ਕਾਰਨ ਨਾ ਤਾਂ ਡਿਵਾਈਡਰ ’ਤੇ ਕੋਈ ਰੈਡੀਅਮ, ਰਿਫਲੈਕਟਰ ਲੱਗੇ ਹਨ ਤੇ ਨਾ ਹੀ ਸੜਕ ’ਤੇ ਕੋਈ ਸਫੈਦ ਪੱਟੀ ਲਗਾਈ ਹੋਈ ਹੈ। ਸੜਕ ’ਤੇ ਵਾਹਨ ਲੰਘਣ ਸਮੇਂ ਬਹੁਤ ਹਾਦਸੇ ਹੋ ਰਹੇ ਹਨ ਪ੍ਰੰਤੂ ਪ੍ਰਸ਼ਾਸਨ ਚੁੱਪ-ਚਾਪ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਤੇ ਕਿਸੇ ਵੱਡੀ ਦੁਰਘਟਨਾ ਵਾਪਰਨ ਦਾ ਇੰਤਜ਼ਾਰ ਕਰ ਰਿਹਾ ਹੈ। ਸਮਾਜ ਸੇਵੀ ਸੰਸਥਾਵਾਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਕਿਸੇ ਅਣਹੋਣੀ ਘਟਨਾ ਵਾਪਰਨ ਤੋਂ ਪਹਿਲਾਂ ਇਸ ਮੁੱਖ ਮਾਰਗ ’ਤੇ ਸਫੈਦ ਪੱਟੀ ਤੇ ਰਿਫਲੈਕਟਰ ਲਗਾ ਕੇ ਅਧੂਰੀ ਸੜਕ ਨੂੰ ਪੂਰਾ ਕੀਤਾ ਜਾਵੇ ।
ਸਕੂਲੀ ਬੱਚਿਆਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ
ਵਧਦੀ ਠੰਢ ਤੇ ਸੰਘਣੀ ਧੁੰਦ ਕਾਰਨ ਸਰਕਾਰ ਵੱਲੋਂ ਸਕੂਲਾਂ ਦੇ ਸਮੇਂ ਵਿਚ ਤਬਦੀਲੀ ਕਰਨ ਦੇ ਬਾਵਜੂਦ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਪੇਂਡੂ ਖੇਤਰ ’ਚੋਂ ਆਉਣ ਵਾਲਿਆਂ ਨੂੰ ਸੰਘਣੀ ਧੁੰਦ ਵਿਚ ਸਵੇਰੇ ਆਉਣ ਸਮੇਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਿਦਿਆਰਥੀ ਪਿੰਡ ਤੋਂ ਸ਼ਹਿਰ ਮੋਟਰਸਾਈਕਲ ’ਤੇ ਆਉਂਦੇ ਹਨ ਤੇ ਧੁੰਦ ਕਾਰਨ ਕੁਝ ਵੀ ਵਿਖਾਈ ਨਹੀਂ ਦਿੰਦਾ ਤਾਂ ਉਹ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ। ਪ੍ਰਾਈਵੇਟ ਟੈਂਪੂ, ਆਟੋ ਵਿਚ ਸਕੂਲ ਆਉਂਦੇ ਬੱਚਿਆਂ ਨੂੰ ਹੱਡ ਚੀਰਵੀਂ ਠੰਢ ਤੇ ਧੁੰਦ ਕਾਰਨ ਆਪਣਾ ਬਚਪਨ ਵੀ ਦਾਅ ’ਤੇ ਲਗਾਉਣਾ ਪੈ ਰਿਹਾ ਹੈ।