ਮਹਾਸ਼ਿਵਰਾਤਰੀ ਨੂੰ ਸਰਕਾਰੀ ਸਨਮਾਨ ਨਾਲ ਮਨਾਉਣ ਦੀ ਮੰਗ
ਮਹਾਸ਼ਿਵਰਾਤਰੀ ਨੂੰ ਰਾਜਕੀ ਸਨਮਾਨ ਨਾਲ ਮਨਾਉਣ ਦੀ ਮੰਗ
Publish Date: Sun, 11 Jan 2026 07:58 PM (IST)
Updated Date: Sun, 11 Jan 2026 08:00 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਸਰਕਾਰ ਵੱਲੋਂ ਮਹਾਸ਼ਿਵਰਾਤਰੀ ਦੇ ਪਾਵਨ ਤਿਉਹਾਰ ਨੂੰ ਸਰਕਾਰੀ ਸਨਮਾਨ ਨਾਲ ਮਨਾਉਣ ਦੀ ਮੰਗ ਨੂੰ ਲੈ ਕੇ ਸ਼ਿਵ ਸੈਨਾ ਪੰਜਾਬ ਦੀ ਇਕ ਅਹਿਮ ਮੀਟਿੰਗ ਠਾਕੁਰਦੁਆਰਾ ਪ੍ਰਾਚੀਨ ਸ਼ਿਵ ਮੰਦਰ, ਸਰਾਏ ਰੋਡ ਫਗਵਾੜਾ ਵਿਚ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਦੇਸ਼-ਵਿਦੇਸ਼ ਵਿਚ ਵਸਦੇ ਸੌ ਕਰੋੜ ਤੋਂ ਵੱਧ ਹਿੰਦੂਆਂ ਦੀ ਆਸਥਾ ਦੇ ਪ੍ਰਤੀਕ ਮਹਾਸ਼ਿਵਰਾਤਰੀ ਤਿਉਹਾਰ ਨੂੰ ਰਾਜ ਪੱਧਰ ‘ਤੇ ਮਨਾਉਣ ਦੀ ਮੰਗ ਸਬੰਧੀ 15 ਜਨਵਰੀ (ਵੀਰਵਾਰ) ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਇਕ ਮੰਗ ਪੱਤਰ ਐੱਸਡੀਐੱਮ ਫਗਵਾੜਾ ਨੂੰ ਸੌਂਪਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਪ੍ਰਾਂਤੀ ਉਪ ਪ੍ਰਧਾਨ ਇੰਦਰਜੀਤ ਕਰਵਲ, ਰਾਜੇਸ਼ ਪਲਟਾ, ਵਿਪਿਨ ਸ਼ਰਮਾ ਅਤੇ ਸਿਟੀ ਪ੍ਰਧਾਨ ਅੰਕੁਰ ਬੇਦੀ ਨੇ ਦੱਸਿਆ ਕਿ ਪੰਜਾਬ ਪ੍ਰਧਾਨ ਸੰਜੀਵ ਘਨੌਲੀ ਅਤੇ ਪੰਜਾਬ ਚੇਅਰਮੈਨ ਰਾਜੀਵ ਟੰਡਨ ਦੀ ਅਗਵਾਈ ਹੇਠ ਸੂਬੇ ਭਰ ਵਿਚ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਹਿੰਦੂ ਸਮਾਜ ਦੀਆਂ ਭਾਵਨਾਵਾਂ ਅਤੇ ਆਸਥਾਵਾਂ ਦਾ ਸਨਮਾਨ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਅਤੇ ਮਹਾਸ਼ਿਵਰਾਤਰੀ ਨੂੰ ਵੀ ਹੋਰ ਧਰਮਾਂ ਦੇ ਤਿਉਹਾਰਾਂ ਵਾਂਗ ਰਾਜ ਪੱਧਰ ‘ਤੇ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਣਾ ਚਾਹੀਦਾ ਹੈ। ਇੰਦਰਜੀਤ ਕਰਵਲ ਅਤੇ ਰਾਜੇਸ਼ ਪਲਟਾ ਨੇ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਮਿਲੇ ਇਤਿਹਾਸਕ ਜਨਸਮਰਥਨ ਵਿਚ ਹਿੰਦੂ ਸਮਾਜ ਦੀ ਮਹੱਤਵਪੂਰਨ ਭੂਮਿਕਾ ਰਹੀ। ਹਿੰਦੂ ਸਮਾਜ ਨੂੰ ਉਮੀਦ ਸੀ ਕਿ ਹੁਣ ਉਨ੍ਹਾਂ ਦੀਆਂ ਭਾਵਨਾਵਾਂ ਦੀ ਅਣਦੇਖੀ ਨਹੀਂ ਹੋਵੇਗੀ। ਸ਼ਿਵ ਸੈਨਾ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿੱਖ, ਇਸਾਈ ਅਤੇ ਮੁਸਲਿਮ ਸਮਾਜ ਦੇ ਧਾਰਮਿਕ ਤਿਉਹਾਰ ਰਾਜ ਪੱਧਰ ‘ਤੇ ਮਨਾਏ ਜਾਂਦੇ ਹਨ, ਇਸ ਲਈ ਹਿੰਦੂ ਧਰਮ ਦੇ ਪ੍ਰਮੁੱਖ ਤਿਉਹਾਰ ਮਹਾਸ਼ਿਵਰਾਤਰੀ ਨੂੰ ਵੀ ਬਰਾਬਰ ਦਾ ਦਰਜਾ ਮਿਲਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ 15 ਫਰਵਰੀ ਨੂੰ ਆਉਣ ਵਾਲੀ ਮਹਾਸ਼ਿਵਰਾਤਰੀ ਨੂੰ ਸੰਤ ਸਮਾਜ ਦੀ ਅਗਵਾਈ ਹੇਠ ਰਾਜ ਪੱਧਰ ‘ਤੇ ਮਨਾਇਆ ਜਾਵੇ, ਸੂਬੇ ਭਰ ਵਿਚ ਨਿਕਲਣ ਵਾਲੀਆਂ ਸ਼ੋਭਾ ਯਾਤਰਾਵਾਂ ਦਾ ਪ੍ਰਸ਼ਾਸਨਿਕ ਸਨਮਾਨ ਨਾਲ ਸਵਾਗਤ ਕੀਤਾ ਜਾਵੇ ਤੇ ਪ੍ਰਾਚੀਨ ਤੇ ਇਤਿਹਾਸਕ ਸ਼ਿਵ ਮੰਦਰਾਂ ਦੇ ਨਵੀਨੀਕਰਨ ਲਈ ਵਿਸ਼ੇਸ਼ ਆਰਥਿਕ ਪੈਕੇਜ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਫਗਵਾੜਾ ਵਿਚ ਮਹਾਸ਼ਿਵਰਾਤਰੀ ਮੌਕੇ ਵਿਸ਼ਾਲ ਤੇ ਸ਼ਾਨਦਾਰ ਸ਼ੋਭਾ ਯਾਤਰਾ 13 ਫਰਵਰੀ (ਸ਼ੁੱਕਰਵਾਰ) ਨੂੰ ਦੁਪਹਿਰ 2 ਵਜੇ ਠਾਕੁਰਦੁਆਰਾ ਪ੍ਰਾਚੀਨ ਸ਼ਿਵ ਮੰਦਰ, ਸਰਾਏ ਰੋਡ ਤੋਂ ਸ਼ੁਰੂ ਕੀਤੀ ਜਾਵੇਗੀ। ਮੀਟਿੰਗ ਵਿਚ ਦਿਨੇਸ਼ ਬਾਂਸਲ, ਸੁਨੀਲ ਜਲੋਟਾ, ਗੋਪਾਲ ਚੋਪੜਾ, ਵਿਕਰਮ ਸ਼ਰਮਾ, ਅਮਨ, ਅਸ਼ਵਨੀ ਸ਼ਰਮਾ, ਕੁੰਦਨ ਸਿੰਘ, ਵਿਕੀ ਕੌਸ਼ਲ, ਲਖ਼ਸ਼ਮਣ ਸੁਮਨ, ਜਿਮੀ ਕਰਵਲ ਆਦਿ ਵੀ ਹਾਜ਼ਰ ਸਨ।