ਨੰਬਰਦਾਰਾਂ ਦੀਆਂ ਮੁਸ਼ਕਿਲਾਂ ਸਬੰਧੀ ਏਡੀਸੀ ਨੂੰ ਦਿੱਤਾ ਮੰਗ ਪੱਤਰ
ਨੰਬਰਦਾਰਾਂ ਦੀਆਂ ਮੁਸ਼ਕਿਲਾਂ ਸਬੰਧੀ ਏਡੀਸੀ ਨੂੰ ਦਿੱਤਾ ਮੰਗ ਪੱਤਰ
Publish Date: Tue, 10 Mar 2026 10:09 PM (IST)
Updated Date: Tue, 10 Mar 2026 10:12 PM (IST)

ਨੰਬਰਦਾਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇ : ਜਰਨੈਲ ਬਾਜਵਾ ਕੁੰਦਨ ਸਿੰਘ ਸਰਾਂ ਪੰਜਾਬੀ ਜਾਗਰਣ ਭੁਲੱਥ : ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਵੱਲੋਂ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਨਾਮ ਮੰਗ ਪੱਤਰ ਅਡੀਸ਼ਨਲ ਡਿਪਟੀ ਕਮਿਸ਼ਨਰ ਮੈਡਮ ਨਵਨੀਤ ਕੌਰ ਬੱਲ ਨੂੰ ਦਿੱਤਾ ਗਿਆ। ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਪੰਜਾਬ ਦੇ ਜਨਰਲ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਬਾਜਵਾ ਨੇ ਕਿਹਾ ਕਿ ਨੰਬਰਦਾਰਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਤਹਿਸੀਲ ਕਪੂਰਥਲਾ, ਸਬ ਤਹਿਸੀਲ ਢਿੱਲਵਾਂ ਤੇ ਭੁਲੱਥ ਤਹਿਸੀਲ ਦੇ ਨੰਬਰਦਾਰਾਂ ਦਾ ਮਾਣ-ਭੱਤਾ ਪਿਛਲੇ ਕਈ ਮਹੀਨਿਆਂ ਤੋਂ ਖਾਤਿਆਂ ਵਿਚ ਨਹੀਂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਕਈ ਨੰਬਰਦਾਰਾਂ ਦਾ ਤਾਂ ਉਸ ਤੋਂ ਵੀ ਪਿਛਲਾ ਬਕਾਇਆ ਰਹਿੰਦਾ ਹੈ, ਉਨ੍ਹਾਂ ਨੂੰ ਜਲਦ ਖਾਤਿਆਂ ਵਿਚ ਪਾਇਆ ਜਾਵੇ। ਬਾਜਵਾ ਨੇ ਕਿਹਾ ਕਿ ਨੰਬਰਦਾਰਾਂ ਦਾ ਮਾਣ-ਭੱਤਾ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਬੈਠਣ ਵਾਸਤੇ ਤਹਿਸੀਲ ਕੰਪਲੈਕਸ ਵਿਚ ਕਮਰਾ ਅਲਾਟ ਕੀਤਾ ਜਾਵੇ, ਟੋਲ ਪਲਾਜ਼ਿਆਂ ਤੇ ਬੱਸਾਂ ਵਿਚ ਕਿਰਾਇਆ ਮੁਆਫ ਕੀਤਾ ਜਾਵੇ, ਹਰ ਸਾਲ ਸਰਕਲ ਵਿਚ ਪਟਵਾਰੀਆਂ ਤੇ ਕਾਨੂੰਗੋ ਦੀ ਪੱਕੀ ਨਿਯੁਕਤੀ ਕੀਤੀ ਜਾਵੇ, ਸਦਰ ਕਾਨੂੰਗੋ ਦਫਤਰ ਵਿਚ ਬਿੱਲ ਕਲਰਕ ਦੀ ਨਿਯੁਕਤੀ ਪੱਕੀ ਕੀਤੀ ਜਾਵੇ, ਸ਼ਿਕਾਇਤ ਨਿਵਾਰਣ ਕਮੇਟੀਆਂ ਵਿਚ ਨੰਬਰਦਾਰਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ, ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਦੀ ਬੋਲੀ ਸਮੇਂ ਨੰਬਰਦਾਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਬਾਜਵਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਯੂਨੀਅਨ ਵੱਲੋਂ ਵੱਡਾ ਇਕੱਠ ਕੀਤਾ ਜਾਵੇਗਾ। ਇਸ ਮੌਕੇ ਸੁਰਿੰਦਰ ਸਿੰਘ ਖਾਲੂ, ਬਸੰਤ ਸਿੰਘ ਕੋਲੀਆਂਵਾਲ, ਹਰਭਜਨ ਸਿੰਘ ਫੂਲੇਵਾਲ, ਗੁਰਮੀਤ ਸਿੰਘ ਹਮੀਰਾ, ਕੇਵਲ ਸਿੰਘ ਦੇਵਲਾਂਵਾਲ, ਬਲਵੀਰ ਸਿੰਘ ਠੀਕਰੀਵਾਲ, ਤੇਜਪਾਲ ਸਿੰਘ ਵਡਾਲਾ, ਦਿਲਬਾਗ ਸਿੰਘ ਸ਼ਾਹਪੁਰ, ਸੁੱਚਾ ਸਿੰਘ ਬੀਬੜੀ, ਕੰਵਲਜੀਤ ਸਿੰਘ ਖੈੜਾ ਦੋਨਾ, ਊਧਮ ਸਿੰਘ ਔਜਲਾ, ਹਰਭਜਨ ਸਿੰਘ ਕਾਂਜਲੀ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।