ਪਾਈਪ ਲਾਈਨ ਵਿਛਾਉਣ ਲਈ ਪੁੱਟੀਆਂ ਗਲੀਆਂ, ਪਰ ਮੁਰੰਮਤ ਕਦੋਂ ਹੋਵੇਗੀ
ਪਾਈਪ ਲਾਈਨ ਵਿਛਾਉਣ ਲਈ ਪੁੱਟੀਆਂ ਗਲੀਆਂ ਦੀ ਜਲਦੀ ਮੁਰੰਮਤ ਕਰਨ ਦੀ ਮੰਗ
Publish Date: Sun, 08 Mar 2026 09:25 PM (IST)
Updated Date: Sun, 08 Mar 2026 09:27 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਕਸਬਾ ਨਡਾਲਾ ਵਿਚ ਇਸ ਸਮੇਂ ਪੀਣ ਵਾਲੇ ਪਾਣੀ ਦੀ ਨਵੀਂ ਪਾਈਪ ਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ ਕਸਬੇ ਦੀਆਂ ਕਈ ਗਲੀਆਂ ਤੇ ਸੜਕਾਂ ਦੇ ਕਿਨਾਰਿਆਂ ਨੂੰ ਖੁਦਾਈ ਕਰਕੇ ਪੁੱਟਿਆ ਗਿਆ ਹੈ ਪਰ ਕਈ ਗਲੀਆਂ ਨੂੰ ਪੁੱਟੇ ਹੋਏ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੀ ਮੁਰੰਮਤ ਅਜੇ ਤੱਕ ਨਹੀਂ ਕੀਤੀ ਗਈ, ਜਿਸ ਕਰਕੇ ਲੋਕਾਂ ਨੂੰ ਆਵਾਜਾਈ ਦੌਰਾਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਹੜੀਆਂ ਗਲੀਆਂ ਪਾਈਪ ਲਾਈਨ ਪਾਉਣ ਲਈ ਪੁੱਟੀਆਂ ਗਈਆਂ ਹਨ, ਉਨ੍ਹਾਂ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਈ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਗਲੀਆਂ ਪੁੱਟਣ ਤੋਂ ਬਾਅਦ ਉਨ੍ਹਾਂ ਨੂੰ ਠੀਕ ਢੰਗ ਨਾਲ ਦੁਬਾਰਾ ਤਿਆਰ ਨਹੀਂ ਕੀਤਾ ਗਿਆ। ਇਸ ਕਾਰਨ ਮੀਂਹ ਪੈਣ ਸਮੇਂ ਗਲੀਆਂ ਵਿਚ ਚਿਕੜ ਬਣ ਜਾਂਦਾ ਹੈ ਤੇ ਵਾਹਨਾਂ ਦੇ ਨਾਲ-ਨਾਲ ਪੈਦਲ ਲੰਘਣ ਵਾਲਿਆਂ ਨੂੰ ਵੀ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕਾ ਵਾਸੀਆਂ ਨੇ ਸਬੰਧਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਗਲੀਆਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਆਵਾਜਾਈ ਸੁਚਾਰੂ ਬਣ ਸਕੇ। ਇਸ ਸਬੰਧੀ ਜਦੋਂ ਵਿਭਾਗ ਦੇ ਜੇਈ ਐੱਨਪੀ ਬਿਸ਼ਨੋਈ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹੋਲੀ ਦੇ ਤਿਉਹਾਰ ਕਰਕੇ ਲੇਬਰ ਆਪਣੇ ਵਤਨਾਂ ਨੂੰ ਗਈ ਹੋਈ ਹੈ। ਜਿਵੇਂ ਹੀ ਲੇਬਰ ਵਾਪਸ ਆਵੇਗੀ, ਤੁਰੰਤ ਪੁੱਟੀਆਂ ਗਲੀਆਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।