ਬੇਗੋਵਾਲ-ਨਡਾਲਾ-ਸੁਭਾਨਪੁਰ ਰੋਡ ’ਤੇ ਭਾਰੀ ਵਾਹਨਾਂ ‘ਤੇ ਪਾਬੰਦੀ ਲਗਾਈ ਜਾਵੇ
ਬੇਗੋਵਾਲ–ਨਡਾਲਾ–ਸੁਭਾਨਪੁਰ ਰੋਡ‘ਤੇ ਦਿਨ ਵੇਲੇ ਭਾਰੀ ਟਿੱਪਰ ਟਰਾਲਿਆਂ ਦੀ ਆਵਾਜਾਈ‘ਤੇ ਪਾਬੰਦੀ ਦੀ ਮੰਗ
Publish Date: Sat, 14 Feb 2026 09:06 PM (IST)
Updated Date: Sat, 14 Feb 2026 09:09 PM (IST)

ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ ਨਡਾਲਾ : ਬੇਗੋਵਾਲ-ਨਡਾਲਾ-ਸੁਭਾਨਪੁਰ ਰੋਡ ‘ਤੇ ਦਿਨ ਦੇ ਸਮੇਂ ਭਾਰੀ ਟਿੱਪਰ-ਟਰਾਲਿਆਂ ਦੀ ਵਧ ਰਹੀ ਆਵਾਜਾਈ ਕਾਰਨ ਸਥਾਨਕ ਵਸਨੀਕਾਂ ਤੇ ਰਾਹਗੀਰਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਇਲਾਕਾ ਨਿਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਉਨ੍ਹਾਂ ’ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਬਲਵਿੰਦਰ ਸਿੰਘ ਬਿੱਟੂ ਖੱਖ, ਅਵਤਾਰ ਸਿੰਘ, ਜਸਵਿੰਦਰ ਸਿੰਘ ਪੋਂਪੀ, ਰਕੇਸ਼ ਕੁਮਾਰ, ਵਿਨੋਦ ਸੱਭਰਵਾਲ ਸਮੇਤ ਹੋਰ ਵਸਨੀਕਾਂ ਨੇ ਦੱਸਿਆ ਕਿ ਦਿਨ ਦੇ ਵੇਲੇ ਇਸ ਸੜਕ ‘ਤੇ ਸਕੂਲੀ ਬੱਚਿਆਂ, ਦਫ਼ਤਰੀ ਕਰਮਚਾਰੀਆਂ ਤੇ ਆਮ ਯਾਤਰੀਆਂ ਦੀ ਭਾਰੀ ਆਵਾਜਾਈ ਰਹਿੰਦੀ ਹੈ। ਅਜਿਹੇ ਵਿਚ ਭਾਰੀ ਵਾਹਨਾਂ ਦੀ ਤੇਜ਼ ਰਫ਼ਤਾਰ ਤੇ ਬੇਤਰਤੀਬ ਪਾਰਕਿੰਗ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਟਿੱਪਰ-ਟਰਾਲਿਆਂ ਦੀ ਬੇਲਗਾਮ ਰਫ਼ਤਾਰ ਕਾਰਨ ਅਕਸਰ ਟ੍ਰੈਫਿਕ ਜਾਮ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਇਨ੍ਹਾਂ ਵਾਹਨਾਂ ਕਾਰਨ ਕਈ ਗੰਭੀਰ ਹਾਦਸੇ ਹੋ ਚੁੱਕੇ ਹਨ ਤੇ ਕੁਝ ਲੋਕ ਆਪਣੀ ਜਾਨ ਵੀ ਗੁਆ ਚੁੱਕੇ ਹਨ। ਬੀਤੇ ਸਾਲ ਇਕ ਸਕੂਲੀ ਬੱਸ ਵੀ ਟਿੱਪਰ ਨਾਲ ਟਕਰਾਉਣ ਕਾਰਨ ਹਾਦਸੇ ਦਾ ਸ਼ਿਕਾਰ ਹੋਈ ਸੀ, ਜਿਸ ਨਾਲ ਮਾਪਿਆਂ ਤੇ ਇਲਾਕਾ ਨਿਵਾਸੀਆਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਵਸਨੀਕਾਂ ਨੇ ਦੋਸ਼ ਲਗਾਇਆ ਕਿ ਪਠਾਨਕੋਟ ਤੇ ਜੰਮੂ ਵੱਲ ਜਾਣ ਵਾਲੇ ਕਈ ਭਾਰੀ ਟਿੱਪਰ-ਟਰਾਲੇ ਟੋਲ ਟੈਕਸ ਤੋਂ ਬਚਣ ਲਈ ਇਨ੍ਹਾਂ ਅੰਦਰੂਨੀ ਰਸਤਿਆਂ ਦਾ ਇਸਤੇਮਾਲ ਕਰ ਰਹੇ ਹਨ, ਜਿਸ ਨਾਲ ਸਥਾਨਕ ਲੋਕਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਜ਼ਿਕਰਯੋਗ ਹੈ ਕਿ ਸਬ-ਡਿਵੀਜ਼ਨ ਭੁਲੱਥ ਦੇ ਐੱਸਡੀਐੱਮ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਭੁਲੱਥ ਇਲਾਕੇ ਵਿਚ ਰੇਤ ਤੇ ਬੱਜਰੀ ਨਾਲ ਭਰੇ ਟਰੱਕਾਂ/ਟਰਾਲਿਆਂ ਦੀ ਆਵਾਜਾਈ ‘ਤੇ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਪਾਬੰਦੀ ਲਗਾਈ ਗਈ ਸੀ। ਹਾਲਾਂਕਿ ਇਹ ਹੁਕਮ ਬੀਤੀ 12 ਅਕਤੂਬਰ ਨੂੰ ਮਿਆਦ ਪੂਰੀ ਹੋਣ ਕਾਰਨ ਖਤਮ ਹੋ ਚੁੱਕੇ ਹਨ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਲੋਕਾਂ ਦੀ ਸੁਰੱਖਿਆ ਤੇ ਟ੍ਰੈਫਿਕ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ ਇਹ ਹੁਕਮ ਮੁੜ ਲਾਗੂ ਕੀਤੇ ਜਾਣ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤੀ ਨਾਲ ਇਨ੍ਹਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਆਸ ਜਤਾਈ ਕਿ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਕਾਰਵਾਈ ਕਰੇਗਾ ਤਾਂ ਜੋ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਰਾਹਤ ਮਿਲੇ।