ਪੰਜਾਬ ਦੇ ਖਜ਼ਾਨੇ ਨੂੰ ਸਿਉਂਕ ਵਾਂਗ ਚਿੰਬੜੇ ਦਿੱਲੀ ਵਾਲੇ : ਘੁੰਮਣ
ਪੰਜਾਬ ਦੇ ਖਜ਼ਾਨੇ ਨੂੰ ਸਿਉਂਕ ਵਾਂਗ ਚਿੰਬੜੇ ਦਿੱਲੀ ਵਾਲੇ, ਜਸਵਿੰਦਰ ਘੁੰਮਣ
Publish Date: Tue, 17 Feb 2026 07:12 PM (IST)
Updated Date: Tue, 17 Feb 2026 07:15 PM (IST)

ਜਾਗਰਣ ਪ੍ਰਤੀਨਿਧ, ਫਗਵਾੜਾ : ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਇਥੇ ਸੱਤਾ ਸੰਭਾਲਦਿਆਂ ਹੁਣ ਚਾਰ ਸਾਲ ਹੋ ਗਏ ਹਨ, ਨੌਜਵਾਨਾਂ ਨੂੰ ਨੌਕਰੀਆਂ ਤੇ ਪਤਾ ਨਹੀਂ ਮਿਲੀਆਂ ਕਿ ਨਹੀਂ ਪਰ ਪੰਜਾਬ ਦੇ ਖਜ਼ਾਨੇ ਨੂੰ ਦਿੱਲੀ ਵਾਲੇ ਲੀਡਰ ਜ਼ਰੂਰ ਸਿਉਂਕ ਵਾਂਗ ਚਿੰਬੜ ਚੁੱਕੇ ਹਨ, ਜਿਸ ਨੂੰ ਹਟਾਉਣਾ ਹੁਣ ਪੰਜਾਬ ਦੇ ਲੋਕਾਂ ਲਈ ਬਹੁਤ ਜ਼ਰੂਰੀ ਹੋ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਸਤਵਿੰਦਰ ਸਿੰਘ ਘੁੰਮਣ, ਜਸਵਿੰਦਰ ਸਿੰਘ ਘੁੰਮਣ, ਗੁਰਸਿਮਰ ਸਿੰਘ, ਰਣਜੀਤ ਸਿੰਘ ਜੀਤੀ ਖੇੜਾ, ਪਰਮਿੰਦਰ ਸਿੰਘ ਲਾਡੀ ਸ਼ੇਰ ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹਰ ਰੈਲੀ ਵਿਚ ਸਾਰਾ ਸਾਜ਼ੋ-ਸਮਾਨ ਦਿੱਲੀਓਂ ਲਿਆਂਦਾ ਜਾ ਰਿਹਾ ਹੈ, ਕੀ ਪੰਜਾਬ ’ਚ ਕੋਈ ਸਾਜ਼ੋ-ਸਮਾਨ ਮੌਜੂਦ ਨਹੀਂ ਹੈ? ਕੀ ਪੰਜਾਬ ਦੇ ਟੈਂਟ ਵਾਲੇ ਜਾਂ ਹੋਰ ਨੌਜਵਾਨ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਲਈ ਠੀਕ ਨਹੀਂ ਬੈਠਦੇ? ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਪੰਜਾਬ ਦੇ ਪੈਸੇ ਨੂੰ ਦਿੱਲੀ ਵਾਲਿਆਂ ਨੂੰ ਕਿਉਂ ਵੰਡ ਰਹੇ ਹਨ ਜਦ ਕਿ ਪੰਜਾਬ ਅੰਦਰ ਵੀ ਰੈਲੀਆਂ ਲਈ ਹਰ ਤਰ੍ਹਾਂ ਦਾ ਸਾਜ਼ੋ-ਸਮਾਨ ਮੌਜੂਦ ਹੈ ਤੇ ਲਗਭਗ ਸਾਰੀਆਂ ਹੀ ਪਾਰਟੀਆਂ ਪੰਜਾਬ ’ਚ ਪੰਜਾਬ ਦੇ ਲੋਕਾਂ ਦਾ ਸਾਜ਼ੋ-ਸਮਾਨ ਲਗਾ ਕੇ ਰੈਲੀਆਂ ਕਰਦੇ ਹਨ ਪਰ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਦਾ ਸਾਰਾ ਸਾਜ਼ੋ-ਸਮਾਨ ਪਤਾ ਨਹੀਂ ਕਿਉਂ ਦਿਲੀਓਂ ਮੰਗਵਾਇਆ ਜਾ ਰਿਹਾ ਹੈ? ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਦੇ ਖਜ਼ਾਨੇ ਨੂੰ ਦਿੱਲੀ ਵਾਲੇ ਸਿਉਂਕ ਵਾਂਗ ਚਿੰਬੜ ਚੁੱਕੇ ਹਨ, ਇਨ੍ਹਾਂ ਨੂੰ ਹੁਣ ਪੰਜਾਬ ਦੇ ਲੋਕ ਹੀ 2027 ਵਿਧਾਨ ਸਭਾ ਚੋਣਾਂ ਵਿਚ ਉਤਾਰ ਕੇ ਪੰਜਾਬ ਦਾ ਭਲਾ ਕਰਨਗੇ। ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਆਪ ਕੋਲ ਕੋਈ ਰਣਨੀਤੀ ਨਹੀਂ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੇ ਬਿਆਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਅਕਾਲੀ ਆਗੂਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਪੰਜਾਬ ਅੰਦਰ ਨਸ਼ਾ ਲਿਆਂਦਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਨੂੰ ਸਲਾਖਾਂ ਪਿਛੇ ਬਿਠਾਉਣਾ ਚਾਹੀਦਾ ਸੀ, ਪਰ ਦਿੱਲੀ ਵਿਚੋਂ ਬੁਰੀ ਤਰ੍ਹਾਂ ਹਾਰ ਕੇ ਪੰਜਾਬ ਪੁੱਜੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਆਖ ਰਹੇ ਹਨ ਕਿ ਅਕਾਲੀ ਦਲ ਭਾਜਪਾ ਨੇ ਸੂਬੇ ਨੂੰ ਨਸ਼ੇ ਵਿਚ ਧਕਿਆ ਹੈ। ਜੇਕਰ ਉਨ੍ਹਾਂ ਕੋਲ ਕੋਈ ਸਬੂਤ ਹੈ ਤਾਂ ਲੋਕਾਂ ਦੀ ਕਚਹਿਰੀ ਵਿਚ ਪੇਸ਼ ਕਿਉਂ ਨਹੀਂ ਕਰਦੇ? ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਆਮ ਆਦਮੀ ਪਾਰਟੀ ਕੋਲ ਹੋਰ ਕੋਈ ਵੀ ਰਣਨੀਤੀ ਨਹੀਂ ਹੈ। ਜਿਵੇਂ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਹਾਲ ਕੀਤਾ ਹੈ, ਉਹੀ ਹਸ਼ਰ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਅੰਦਰ ਵੀ ਦੇਖਣ ਨੂੰ ਮਿਲੇਗਾ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਅੰਦਰ ਜੇਕਰ ਕੋਈ ਵਿਕਾਸ ਕਾਰਜ ਕੀਤਾ ਹੈ ਤਾਂ ਉਸ ਦੀ ਵੀ ਜਾਣਕਾਰੀ ਲੋਕਾਂ ਦੀ ਕਚਹਿਰੀ ਵਿਚ ਪੇਸ਼ ਕਰਨ ਤੇ ਨਾਲ ਦੀ ਨਾਲ ਜੇਕਰ ਅਕਾਲੀ ਦਲ-ਭਾਜਪਾ ਨੇ ਪੰਜਾਬ ਨੂੰ ਨਸ਼ੇ ਵਿਚ ਧੱਕਿਆ ਹੈ ਤਾਂ ਉਸ ਦੇ ਸਬੂਤ ਵੀ ਲੋਕਾਂ ਸਾਹਮਣੇ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਇਸ ਝੂਠ ਦੀ ਰਾਜਨੀਤੀ ਨੂੰ ਜ਼ਿਆਦਾ ਦੇਰ ਬਰਦਾਸ਼ਤ ਕਰਨ ਵਾਲੇ ਨਹੀਂ ਹਨ। ਮੋਗਾ ਵਿਚ ਹੋਈ ਆਮ ਆਦਮੀ ਪਾਰਟੀ ਦੀ ਫਲਾਪ ਰੈਲੀ ’ਤੇ ਤੰਜ਼ ਕਸਦਿਆਂ ਅਕਾਲੀ ਦਲ ਆਗੂਆਂ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ਦਿੱਲੀ ਦੇ ਲਾਲੇ ਸਿਰਫ ਪੰਜਾਬ ਦੀ ਲੁੱਟ-ਖਸੁੱਟ ਕਰਨ ਲਈ ਆਏ ਹੋਏ ਹਨ, ਜਿਨ੍ਹਾਂ ਨੇ ਪੰਜਾਂ ਸਾਲਾਂ ਵਿਚ ਪੰਜਾਬ ’ਤੇ ਇਕ ਲੱਖ ਕਰੋੜ ਤੋਂ ਵੀ ਜ਼ਿਆਦਾ ਦਾ ਕਰਜ਼ਾ ਚੜ੍ਹਾ ਦਿੱਤਾ ਹੈ ਜਦ ਕਿ ਪਿਛਲੇ 70 ਸਾਲਾਂ ਵਿਚ ਪੰਜਾਬ ’ਤੇ ਕਦੇ ਵੀ ਐਨਾ ਕਰਜ਼ਾ ਨਹੀਂ ਚੜਿਆ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਇਨ੍ਹਾਂ ਦੀਆਂ ਚਲਾਕੀਆਂ ਸਮਝ ਚੁੱਕੇ ਹਨ, ਜਿਸ ਦਾ ਜਵਾਬ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਜ਼ਰੂਰ ਦੇਣਗੇ ਤੇ ਜਿਵੇਂ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਸੂਪੜਾ ਸਾਫ ਕੀਤਾ ਹੈ, ਅਜਿਹਾ ਹਾਲ ਪੰਜਾਬ ਅੰਦਰ ਵੀ ਦੇਖਣ ਨੂੰ ਮਿਲੇਗਾ।