ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ :
ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ :
Publish Date: Thu, 04 Jun 2026 09:17 PM (IST)
Updated Date: Fri, 05 Jun 2026 03:41 PM (IST)

ਕੁਦਰਤੀ ਨਿਆਮਤਾਂ ਨੂੰ ਸਤਿਕਾਰਨਾ ਮਨੁੱਖਤਾ ਲਈ ਕਲਿਆਣਕਾਰੀ ਸਾਬਿਤ ਹੋਵੇਗਾ : ਭਾਟੀਆ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਮਨੁੱਖੀ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਮਨੁੱਖ ਆਪਣੇ ਆਲੇ-ਦੁਆਲੇ ਤੇ ਆਪਣੇ-ਆਪ ਬਾਰੇ ਚੇਤੰਨ ਹੋਵੇ। ਆਪਣੇ ਚੌਗਿਰਦੇ ਪ੍ਰਤੀ ਜਿੰਨਾ ਵਧੇਰੇ ਚਿੰਤਨਸ਼ੀਲ ਹੋਵੇਗਾ, ਓਨਾ ਹੀ ਜ਼ਿਆਦਾ ਉਹ ਆਪਣੇ ਚੌਗਿਰਦੇ ਤੋਂ ਲਾਭ ਦਾ ਪਾਤਰ ਬਣੇਗਾ। ਗੁਰਬਾਣੀ ਸਪੱਸ਼ਟ ਕਰਦੀ ਹੈ ਕਿ ਸਾਡੇ ਆਲੇ-ਦੁਆਲੇ ਪਸਰੀ ਹੋਈ ਹਰ ਸ਼ੈਅ ਜਿਹੜੀ ਸਾਨੂੰ ਕਿਸੇ ਨਾ ਕਿਸੇ ਰੂਪ ਵਿਚ ਪ੍ਰਭਾਵਿਤ ਕਰਦੀ ਹੈ, ਉਹ ਸਹੀ ਹੈ। ਚੌਗਿਰਦੇ ਦੇ ਵਿਸ਼ਾਲ ਪਸਾਰੇ ਨੂੰ ਕੁਦਰਤ ਦਾ ਇਨਾਮ ਦਿੱਤਾ ਗਿਆ ਹੈ, ਜਿਸ ਨੂੰ ਕਾਦਰ (ਪਰਮਾਤਮਾ) ਦੀ ਸਿਰਜਣਾ ਮੰਨਿਆ ਗਿਆ ਹੈ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਇਹ ਸਪਸ਼ਟ ਕੀਤਾ ਹੈ ਕਿ ਕੁਦਰਤ ਬੇਅੰਤ ਹੈ, ਇਸ ਕੁਦਰਤ ਦਾ ਕਰਤਾ-ਕਾਦਰ /ਪਰਮਾਤਮਾ ਹੈ, ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ। ਮਨੁੱਖੀ ਜੀਵਨ ਦਾ ਉਦੇਸ਼ ਕੁਦਰਤ ਦੀ ਸਿਰਜਣਾ ਕਰਨ ਵਾਲੇ ਕਾਦਰ ਤਕ ਪੁੱਜਣਾ ਹੈ। ਕਾਦਰ ਤੱਕ ਸਿੱਧੇ ਤੇ ਸੌਖੇ ਹੀ ਨਹੀਂ ਪਹੁੰਚਿਆ ਜਾ ਸਕਦਾ, ਉਸ ਤੱਕ ਪਹੁੰਚਣ ਲਈ ਕੁਦਰਤ ਦੇ ਸਹਾਰੇ ਦੀ ਲੋੜ ਪੈਂਦੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੁਖਵਿੰਦਰ ਮੋਹਨ ਸਿੰਘ ਭਾਟੀਆ ਚੀਫ਼ ਆਰਗੇਨਾਈਜ਼ਰ ਭਾਰਤੀ ਜੀਵਨ ਬੀਮਾ ਨਿਗਮ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮਨੁੱਖ ਦੀ ਹੋਂਦ ਵੀ ਕੁਦਰਤ ਦੀਆਂ ਵਸਤਾਂ ਤੋਂ ਹੀ ਹੋਈ ਹੈ। ਮਨੁੱਖ ਕੁਦਰਤ ਤੋਂ ਬਾਹਰ ਨਹੀਂ ਤੇ ਮਨੁੱਖ ਦੀ ਦੁਨਿਆਵੀ ਹੋਂਦ ਵੀ ਕੁਦਰਤੀ ਵਸਤਾਂ ਤੋਂ ਹੋਈ ਮੰਨੀ ਜਾਂਦੀ ਹੈ। ਕੁਦਰਤੀ ਤੱਤ ਹਵਾ, ਪਾਣੀ ਤੇ ਅਗਨੀ ਜੀਵਨ ਦਾ ਅਧਾਰ ਮੰਨੇ ਜਾਂਦੇ ਹਨ ਤੇ ਮਨੁੱਖੀ ਮਨ ਨੂੰ ਹੁਲਾਰਾ, ਖੁਸ਼ੀ ਤੇ ਸ਼ਾਂਤੀ ਪ੍ਰਦਾਨ ਕਰਦੇ ਹਨ। ਕੁਦਰਤ ਵਿਚਲੀ ਹਰ ਵਸਤੂ ਮਨੁੱਖੀ ਜੀਵਨ ਦੇ ਵਿਕਾਸ ਲਈ ਜ਼ਰੂਰੀ ਹੈ ਤੇ ਇਨ੍ਹਾਂ ਦਾ ਨਾਸ਼ ਸਾਰੀ ਮਨੁੱਖਤਾ ਦਾ ਨਾਸ਼ ਕਰਨ ਦੇ ਬਰਾਬਰ ਹੈ, ਕਿਉਂਕਿ ਕੁਦਰਤੀ ਦਾਤਾਂ ਨੂੰ ਪ੍ਰਮੁੱਖਤਾ ਦਿੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਸੁੰਦਰ ਉਚਾਰਨ ਕੀਤਾ ਹੈ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।’ ਗੁਰਬਾਣੀ ਵਿਚ ਪਾਣੀ ਨੂੰ ਜੀਵਨ ਦਾ ਮੂਲ ਮੰਨਦੇ ਹੋਏ ਇਸਨੂੰ ਜੀਵ ਕਿਹਾ ਗਿਆ ਹੈ, ਜਿਸ ਦੀ ਹੋਂਦ ਨਾਲ ਹੀ ਸਮੁੱਚੀ ਪ੍ਰਕਿਰਤੀ ਹੋਂਦ ਵਿਚ ਆਈ ਹੈ ਤੇ ਵਿਕਾਸ ਲਈ ਪਾਣੀ ਬਹੁਤ ਮਹੱਤਵਪੂਰਨ ਹੈ ਪਰ ਪਾਣੀ ਵਿਚ ਫ਼ੈਲ ਰਿਹਾ ਪ੍ਰਦੂਸ਼ਣ ਸਮੁੱਚੀ ਕੁਦਰਤ ਨੂੰ ਵਿਨਾਸ਼ ਦੀ ਦਿਸ਼ਾ ਵੱਲ ਲਿਜਾ ਰਿਹਾ ਹੈ, ਜੋ ਕਿ ਖਤਰੇ ਦੀ ਘੰਟੀ ਹੈ। ਧਰਤੀ ਨੂੰ ਧਰਮਸਾਲ ਭਾਵ ਧਰਮ ਕਮਾਉਣ ਦਾ ਸਥਾਨ ਕਿਹਾ ਹੈ। ਭਾਟੀਆ ਨੇ ਕਿਹਾ ਕਿ ਮਨੁੱਖ ਨੇ ਧਰਤੀ ਦਾ ਪੇਟ ਚੀਰ ਕੇ ਅਨਾਜ ਪੈਦਾ ਕੀਤਾ, ਤੇਲ ਤੇ ਪਾਣੀ ਕੱਢਿਆ, ਖਣਿਜ ਪਦਾਰਥ ਹਾਸਲ ਕੀਤੇ ਪਰ ਇਸ ਕਾਰਜ ਵਿਚ ਉਸ ਨੇ ਧਰਤੀ ਨੂੰ ਕਿੰਨੀ ਹਾਨੀ ਪਹੁੰਚਾਈ ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਧਰਤੀ ਦੂਸ਼ਤ ਹੋ ਗਈ, ਪਾਣੀ ਰਾਹੀਂ ਕੀਟਨਾਸ਼ਕਾਂ ਨੇ ਜਿਥੇ ਫ਼ਸਲ ਨੂੰ ਕੀੜਿਆਂ ਤੋਂ ਬਚਾਇਆ, ਉਥੇ ਧਰਤੀ ਨੂੰ ਬੰਜਰ ਕਰਦਿਆਂ ਹੇਠਲੇ ਪਾਣੀ ਨੂੰ ਵੀ ਦੂਸ਼ਤ ਕਰ ਦਿੱਤਾ ਹੈ। ਇਸੇ ਕਰਕੇ ਸਾਡੇ ਲੋਕਾਂ ਵਿਚ ਚਮੜੀ ਰੋਗ ਤੇ ਕੈਂਸਰ ਵਰਗੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲ ਰਹੀਆਂ ਹਨ। ਗੁਰੂ ਸਾਹਿਬਾਨ ਨੇ ਮਨੁੱਖੀ ਵਿਕਾਸ ਵਿਚ ਕੁਦਰਤ ਤੋਂ ਪ੍ਰੇਰਨਾ ਲੈ ਕੇ ਅੱਗੇ ਨੂੰ ਵਧਣ ਦੇ ਆਦੇਸ਼ ਦਿੱਤੇ, ਜਿਵੇਂ ਕੁਦਰਤ ਬਿਨਾਂ ਕਿਸੇ ਲਾਲਚ ਤੋਂ ਸਾਨੂੰ ਕੁਝ ਨਾ ਕੁਝ ਦਿੰਦੀ ਰਹਿੰਦੀ ਹੈ ਪ੍ਰੰਤੂ ਅਜੋਕਾ ਮਨੁੱਖ ਕੁਦਰਤ ਦੇ ਇਸ ਨਿਯਮ ਤੋਂ ਕੁਝ ਸਿੱਖਣ ਦੀ ਬਜਾਏ ਇਸ ਨੂੰ ਬਰਬਾਦ ਕਰਨ ਵੱਲ ਲੱਗਾ ਹੋਇਆ ਹੈ। ਆਉ, ਸਾਰੇ ਕੁਦਰਤੀ ਸੋਮਿਆਂ ਨੂੰ ਬਚਾਉਣ ਪ੍ਰਤੀ ਜਾਗਰੂਕ ਹੋਈਏ ਤੇ ਦੂਸਰਿਆਂ ਨੂੰ ਵੀ ਸੰਦੇਸ਼ ਦੇਈਏ ਕਿ ਸਰੀਰਿਕ ਤੰਦਰੁਸਤੀ ਤੇ ਨਿਰੋਗੀ ਜੀਵਨ ਕੁਦਰਤ ਦੀ ਗੋਦ ਵਿਚ ਬੈਠ ਕੇ ਹੀ ਮਾਨਿਆ ਜਾ ਸਕਦਾ ਹੈ।