ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ
ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ, ਪੱਤੜ ਕਲਾਂ 'ਚ ਕਾਵਿ ਅਤੇ ਸੁਰ ਸੰਗਮ ਕਰਵਾਇਆ
Publish Date: Mon, 23 Mar 2026 08:14 PM (IST)
Updated Date: Mon, 23 Mar 2026 08:16 PM (IST)

--ਮਨਤਾਰ ਪਾਤਰ ਤੇ ਸੂਫੀ ਗਾਇਕ ਦੇਵ ਦਿਲਦਾਰ ਨੇ ਪਾਤਰ ਦੇ ਗੀਤਾਂ ਦੀ ਲਗਾਈ ਛਹਿਬਰ --ਕੌਮਾਂਤਰੀ ਕੱਬਡੀ ਖਿਡਾਰੀ ਬੋਲਾ ਪੱਤੜ ਦਾ ਕੀਤਾ ਸਨਮਾਨ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬੀ ਸਾਹਿਤ ਦੇ ਸ਼੍ਰੋਮਣੀ ਸਾਹਿਤਕਾਰ ਪਦਮਸ਼੍ਰੀ ਡਾ. ਸੁਰਜੀਤ ਪਾਤਰ ਦੀ ਮਿੱਠੀ ਯਾਦ ਨੂੰ ਸਮਰਪਿਤ ਉਨ੍ਹਾਂ ਦੀ ਜਨਮ ਭੋਇੰ ਪੱਤੜ ਕਲਾਂ ਵਿਖੇ ਉਸਤਾਦ ਸ਼ਾਇਰ ਸੁਰਜੀਤ ਸਾਜਨ ਦੀ ਰਹਿਨੁਮਾਈ ਚ ਸਮੂਹ ਪਿੰਡ ਨਿਵਾਸੀਆਂ ਵੱਲੋਂ ਉਨ੍ਹਾਂ ਦੇ ਸ਼ਬਦ ਸੰਸਾਰ ਦਾ ਵਿਰਦ ਕਰਨ ਲਈ ਕਾਵਿ ਤੇ ਸੁਰ ਸੰਗਮ ਕਰਵਾਇਆ ਗਿਆ। ਡਾ. ਪਾਤਰ ਦੀ ਮੁੱਢਲੀ ਸਿੱਖਿਆ ਦੇ ਗਵਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤੜ ਕਲਾਂ ਵਿਖੇ ਕਰਵਾਏ ਇਸ ਯਾਦਗਰੀ ਸਮਾਗਮ ’ਚ ਡਾ. ਭੁਪਿੰਦਰ ਕੌਰ ਪਾਤਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦਕਿ ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋਫੈਸਰ ਹਰਜੀਤ ਅਸ਼ਕ, ਕੌਮਾਂਤਰੀ ਕਬੱਡੀ ਖਿਡਾਰੀ ਦੇਵ ਬੋਲਾ, ਬੂਟੀ ਪਹਿਲਵਾਨ, ਕੁਲਭੂਸ਼ਨ, ਕੰਵਰ ਇਕਬਾਲ, ਪ੍ਰਵਾਸੀ ਸ਼ਾਇਰ ਤੇ ਚਿੱਤਰਕਾਰ ਜਤਿੰਦਰ ਪੱਤੜ (ਯੂਕੇ) ਮੰਗਲ ਸਿੰਘ ਭੰਡਾਲ, ਸੂਫ਼ੀ ਗਾਇਕ ਦੇਵ ਦਿਲਗੀਰ, ਰੂਪ ਦਬੂਰਜੀ, ਬੱਬੀ ਬਾਬਾ ਤੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਕੀਤੀ। ਇਸ ਹੀ ਪਿੰਡ ਦੇ ਪ੍ਰਵਾਸੀ ਸ਼ਾਇਰ ਮੋਹਣ ਪ੍ਰੀਤ ਸਿੰਘ ਪੱਤੜ (ਕੈਨੇਡਾ) ਦੀ ਨਵ-ਪ੍ਰਕਾਸ਼ਿਤ ਕਾਵਿ ਸੰਗ੍ਰਹਿ ਸਿਫ਼ਰ ਤੋਂ ਸਫ਼ਰ ਤੱਕ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਕਵੀ ਦਰਬਾਰ ਦਾ ਅਗਾਜ਼ ਮੁੱਖ ਮਹਿਮਾਨ ਡਾ. ਭੁਪਿੰਦਰ ਕੌਰ ਨੇ ਡਾ. ਸੁਰਜੀਤ ਪਾਤਰ ਦੀਆਂ ਰਚਨਾਵਾਂ ਨੂੰ ਤਰੰਨੁਮ ’ਚ ਪੇਸ਼ ਕਰਕੇ ਪਾਤਰ ਨੂੰ ਮੁੜ ਸੁਰਜੀਤ ਕਰ ਦਿੱਤਾ। ਮੰਚ ਸੰਚਾਲਕ ਸੁਰਜੀਤ ਸਾਜਨ ਦੀ ਝਾਕ ਨੂੰ ਕਾਵਿਕ ਹੂੰਗਾਰਾ ਦਿੰਦੇ ਹੋਏ ਜਿਥੇ ਪ੍ਰੋਫੈਸਰ ਹਰਜੀਤ ਅਸ਼ਕ ਨੇ ਪਾਤਰ ਸਾਹਿਬ ਨਾਲ ਗੁਜ਼ਾਰੇ ਕਾਲਜ ਦੇ ਦਿਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ, ਉਥੇ ਤਰੰਨੁਮ ’ਚ ਆਪਣੀ ਗ਼ਜ਼ਲ ਵੀ ਸਮਰਪਿਤ ਕੀਤੀ। ਸ਼ਾਇਰ ਕੰਵਰ ਇਕਬਾਲ, ਰੂਪ ਦਬੂਰਜੀ, ਮੰਗਲ ਭੰਡਾਲ, ਜਤਿੰਦਰ ਪੱਤੜ, ਮੋਹਨ ਪ੍ਰੀਤ ਸਿੰਘ ਪੱਤੜ ਆਦਿ ਸ਼ਾਇਰਾਂ ਨੇ ਡਾ. ਸੁਰਜੀਤ ਪਾਤਰ ਨੂੰ ਸਮਰਪਿਤ ਰਚਨਾਵਾਂ ਸੁਣਾਈਆਂ, ਉੱਥੇ ਸੂਫ਼ੀ ਗਾਇਕ ਦੇਵ ਦਿਲਦਾਰ, ਨਰਿੰਦਰ ਫੁੱਲ, ਸਨਮ ਪੱਤੜ, ਤੇਜਬੀਰ ਸਿੰਘ, ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਲੋਕ ਗਾਇਕ ਸੁਰਜੀਤ ਪੱਤੜ (ਕੈਨੇਡਾ) ਆਦਿ ਨੇ ਜਿਥੇ ਪਾਤਰ ਸਾਹਿਬ ਦੀਆਂ ਰਚਨਾਵਾਂ ਰਾਹੀਂ ਵਿਰਦ ਕੀਤਾ, ਉਥੇ ਪਾਤਰ ਸਾਹਿਬ ਦੇ ਸਪੁੱਤਰ ਮਨਰਾਜ ਪਾਤਰ ਨੇ ਵੀ ਪਾਤਰ ਸਾਹਿਬ ਦੇ ਅੰਦਾਜ਼ ਵਿਚ ਆਪਣੀ ਵਿਲੱਖਣ ਸਾਦਗੀ ਅੰਦਾਜ਼ ਨਾਲ ਸੁਰ ਸੰਗਮ ਨੂੰ ਸਿਖ਼ਰ ਉੱਤੇ ਪਹੁੰਚਾ ਦਿੱਤਾ। ਇਸ ਮੌਕੇ ਕਬੱਡੀ ਦੇ ਸਾਬਕਾ ਕੌਮਾਂਤਰੀ ਖਿਡਾਰੀ ਗੁਰਦੇਵ ਸਿੰਘ ਉਰਫ ਬੋਲਾ ਪੱਤੜ (ਯੂਕੇ) ਦਾ ਸਨਮਾਨ ਕਰਨ ਤੋਂ ਪਹਿਲਾਂ ਸੰਬੋਧਨ ਕਰਦਿਆਂ ਰੌਸ਼ਨ ਖੈੜਾ ਸਟੇਟ ਐਵਾਰਡੀ ਨੇ ਕਿਹਾ ਕਿ ਕਬੱਡੀ ਦੇ ਖੇਤਰ ਵਿਚ ਬੋਲਾ ਪੱਤੜ ਨਹੀਂ ਕਿਸੇ ਨੇ ਬਣ ਜਾਣਾ ਦੁਨੀਆਂ ਧੰਦ ਪਿੱਟਦੀ ..! ਉਨ੍ਹਾਂ ਕਿਹਾ ਕਿ ਕਬੱਡੀ ਦੇ ਬਾਬਾ ਬੋਹੜ ਸਰਵਣ ਸਿੰਘ ਬੱਲ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਦੇ ਕੋਚਿੰਗ ਸੈਂਟਰ ਤੋਂ ਸਿਖਲਾਈ ਲੈ ਕੇ ਬੋਲਾ ਪੱਤੜ ਕਬੱਡੀ ਦਾ ਅਜਿਹਾ ਚਮਕਦਾ ਹੀਰਾ ਸਾਬਿਤ ਹੋਇਆ, ਜਿਸ ਨੇ ਕਪੂਰਥਲਾ ਜ਼ਿਲ੍ਹੇ ਦੀ ਝੋਲੀ ਵਿਚ ਪੰਜਾਬ ਚੈਂਪੀਅਨਸ਼ਿਪ ਤੇ ਰਾਸ਼ਟਰੀ ਚੈਂਪੀਅਨਸ਼ਿਪ ਦੀਆਂ ਟਰਾਫੀਆਂ ਪਾਈਆਂ। ਬੋਲਾ ਵਿਦੇਸ਼ਾਂ ਵਿਚ ਕਬੱਡੀ ਦੇ ਗੋਲਡ ਕੱਪ ਖੇਡਦਾ ਖੇਡਦਾ ਹੀ ਇੰਗਲੈਂਡ ਦਾ ਪੱਕਾ ਵਾਸੀ ਬਣ ਗਿਆ, ਉਸ ਤੋਂ ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਦੀ ਕਬੱਡੀ ਟੀਮ ਦਾ ਕਪਤਾਨ ਰਿਹਾ, ਪੰਜਾਬ-ਹਰਿਆਣਾ ਕਬੱਡੀ ਦੇ ਫਾਈਨਲ ਮੈਚ ਨੂੰ ਜਿੱਤਣ ਲਈ ਬੋਲਾ ਪੱਤੜ ਨੇ ਲਗਾਤਾਰ 45 ਬੇਰੋਕ ਰੇਡਾਂ ਪਾਉਣ ਦਾ ਰਿਕਾਰਡ ਰੱਖਦੇ ਹੋਏ ਚੈਂਪੀਅਨਸ਼ਿਪ ਜਿੱਤੀ ਸੀ। ਰੌਸ਼ਨ ਖੈੜਾ ਨੇ ਕਿਹਾ ਕਿ ਪੱਤੜ ਕਲਾਂ ਦੀ ਜਰਖੇਜ਼ ਜ਼ਮੀਨ ਚ ਮਹਿਕਾਂ ਵੰਡਦੇ ਫੁੱਲ ਹੀ ਨਹੀਂ ਪੈਂਦਾ ਕੀਤੇ ਬਲਕਿ ਪੰਜਾਬੀ ਸਾਹਿਤ ਵਿਚ ਡਾ. ਸੁਰਜੀਤ ਪਾਤਰ ਤੇ ਕੌਮਾਂਤਰੀ ਪੱਧਰ ਦੀ ਗਾਇਕੀ ਵਿਚ ਦੀਦਾਰ ਪ੍ਰਦੇਸੀ ਵਰਗੇ ਬੋਹੜ ਵੀ ਪੈਦਾ ਕੀਤੇ ਹਨ, ਜਿਨ੍ਹਾਂ ਦੀ ਸੰਘਣੀ ਛਾਂ ਹੇਠ ਹੀ ਇਸ ਪਿੰਡ ਨੇ ਅਨੇਕਾਂ ਸ਼ਾਇਰ ਤੇ ਗਾਇਕ ਪੈਦਾ ਕੀਤੇ ਹਨ। ਖੈੜਾ ਨੇ ਇਸ ਗੱਲ ਉੱਤੇ ਅਫਸੋਸ ਪ੍ਰਗਟ ਕੀਤਾ ਕਿ ਪਦਮਸ਼੍ਰੀ ਡਾ. ਸੁਰਜੀਤ ਪਾਤਰ ਜੀ ਦੀ ਅੰਤਿਮ ਅਰਦਾਸ ਵੇਲੇ ਪੰਜਾਬ ਸਰਕਾਰ ਵੱਲੋਂ ਪਿੰਡ ਪੱਤੜ ਕਲਾਂ ਦੀ ਸੜਕ, ਸਕੂਲ ਤੇ ਲਾਇਬ੍ਰੇਰੀ ਜੋ ਪਾਤਰ ਸਾਹਿਬ ਦੀ ਯਾਦ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ ਸੀ, ਉਹ ਅਫ਼ਸਰਸ਼ਾਹੀ ਦੀ ਕਥਿਤ ਲਾਪ੍ਰਵਾਹੀ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ। ਹਾਲਾਂਕਿ ਉਹ ਆਮ ਆਦਮੀ ਪਾਰਟੀ ਦੇ ਨੇਤਾ ਤੇ ਸ਼ਾਇਰ ਕੰਵਰ ਇਕਬਾਲ ਦੇ ਨਾਲ ਪਿੰਡ ਦੇ ਵਫ਼ਦ ਸਮੇਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਮਿਲਣਗੇ ਤੇ ਇਸ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਹਰ ਸੰਭਵ ਯਤਨ ਕਰਨਗੇ। ਸਮਾਗਮ ਦੇ ਅੰਤ ਵਿਚ ਕਵੀਆਂ, ਗਾਇਕਾਂ ਤੇ ਪ੍ਰਬੰਧਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ।