- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੱਖ-ਵੱਖ ਕਾਰਨਾਂ ਕਰਕੇ ਹੋਈ ਸੁਲਤਾਨਪੁਰ ਲੋਧੀ ਵਿੱਚ ਮਹਿਲਾ ਦੇ ਪੁੱਤਰਾਂ ਦੀ ਮੌਤ- ਐਸਐਸਪੀ

--ਜ਼ਿਲ੍ਹਾ ਪੁਲਿਸ ਵੱਲੋਂ ਗੰਭੀਰਤਾ ਨਾਲ ਕੀਤੀ ਗਈ ਮਾਮਲੇ ਦੀ ਜਾਂਚ
--ਮਾਮਲਾ ਇਕ ਮਹਿਲਾ ਦੇ ਚਾਰ ਪੁੱਤਰਾਂ ਦੀ ਮੌਤ ਦਾ
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਇਕ ਮਹਿਲਾ ਵੱਲੋਂ ਜੋ ਦਾਅਵਾ ਕੀਤਾ ਗਿਆ ਕਿ ਉਸਦੇ 4 ਪੁੱਤਰ ਨਸ਼ਿਆਂ ਕਾਰਨ ਮਰ ਗਏ ਹਨ ਤੇ ਉਸਦੇ ਪੰਜਵੇਂ ਪੁੱਤਰ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ, ਉਸ ਬਾਰੇ ਜ਼ਿਲ੍ਹਾ ਪੁਲਿਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਗਈ ਹੈ। ਮੌਕੇ ’ਤੇ ਕੀਤੀ ਗਈ ਜਾਂਚ ਅਨੁਸਾਰ, ਮਹਿਲਾ ਦੇ ਚਾਰ ਪੁੱਤਰਾਂ ਦੀ ਮੌਤ ਪਿਛਲੇ ਲਗਭਗ 8 ਸਾਲਾਂ ਦੇ ਅੰਤਰਾਲ ਵਿਚ ਵੱਖ-ਵੱਖ ਕਾਰਨਾਂ ਕਰਕੇ ਹੋਈ ਹੈ।
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਸਦੇ ਇਕ ਪੁੱਤਰ ਦੀ ਮੌਤ ਲਗਭਗ 8 ਸਾਲ ਪਹਿਲਾਂ ਸੰਭਾਵਿਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ। ਇਕ ਪੁੱਤਰ ਦੀ ਮੌਤ ਲਗਭਗ 7 ਸਾਲ ਪਹਿਲਾਂ ਅੱਗ ’ਚ ਸੜਨ ਨਾਲ ਹੋਈ, ਜਦ ਕਿ ਇਕ ਹੋਰ ਪੁੱਤਰ ਦੀ ਮੌਤ 7 ਸਾਲ ਪਹਿਲਾਂ ਜੇਲ੍ਹ ਵਿਚ ਹੋਈ (ਉਸ ਉੱਤੇ 2 ਅਪਰਾਧਿਕ ਕੇਸ ਸਨ, ਜਿਨ੍ਹਾਂ ਵਿਚੋਂ ਇਕ ਐੱਨਡੀਪੀਐੱਸ ਐਕਟ ਹੇਠ ਸੀ)। ਇਸੇ ਤਰ੍ਹਾਂ ਨਾਲ ਇਕ ਹੋਰ ਪੁੱਤਰ ਦੀ ਮੌਤ 2 ਸਾਲ ਪਹਿਲਾਂ ਸੰਭਾਵਿਤ ਜਿਗਰ ਫੇਲ੍ਹ ਹੋਣ (ਲੰਬੇ ਸਮੇਂ ਦੀ ਸ਼ਰਾਬਖੋਰੀ) ਕਾਰਨ ਹੋਈ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੌਜੂਦਾ ਪੁੱਤਰ ਕਈ ਸਿਹਤ ਸਮੱਸਿਆਵਾਂ ਤੋਂ ਪੀੜਤ ਹੈ। ਉਸਦੇ ਖ਼ਿਲਾਫ਼ 2023 ਵਿਚ ਐੱਨਡੀਪੀਐੱਸ ਐਕਟ ਹੇਠ ਕੇਸ ਦਰਜ ਹੋਇਆ ਸੀ, ਜਿਸ ਵਿਚ ਉਹ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਇਸੇ ਕੇਸ ਵਿਚ 29.11.2025 ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ। ਹ ਵੀ ਦੱਸਣਾ ਜ਼ਰੂਰੀ ਹੈ ਕਿ ਉਕਤ ਵਿਅਕਤੀ ਨਸ਼ਾ ਕਰਨ ਵਾਲਾ ਹੈ ਤੇ ਉਸਨੂੰ ਡੀ-ਐਡਿਕਸ਼ਨ ਇਲਾਜ ਲਈ ਓਟਸ ਸੈਂਟਰ ਵਿਚ ਦਾਖ਼ਲ ਕੀਤਾ ਗਿਆ ਸੀ, ਜਿਥੇ ਉਸਨੂੰ 30.03.2026 ਨੂੰ ਦਵਾਈ ਦਿੱਤੀ ਗਈ। ਮਰੀਜ਼ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਵਿਸ਼ੇਸ਼ ਇਲਾਜ ਲਈ ਅੰਮ੍ਰਿਤਸਰ ਭੇਜਿਆ ਗਿਆ ਹੈ।
ਪੁਲਿਸ ਦੀ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ
ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨਸ਼ਾ ਤਸਕਰਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕਰ ਰਹੀ ਹੈ। ਇਸ ਇਲਾਕੇ ਵਿਚ ਹਾਲ ਹੀ ਵਿਚ ਨਸ਼ਿਆਂ ਕਾਰਨ ਕੋਈ ਮੌਤ ਦਰਜ ਨਹੀਂ ਹੋਈ। ਪੁਲਿਸ ਵੱਲੋਂ ਪਿਛਲੇ ਕੁਝ ਦਿਨਾਂ ਵਿਚ ਇਸੇ ਮੁਹੱਲੇ ਵਿਚ ਐੱਨਡੀਪੀਐੱਸ ਐਕਟ ਹੇਠ 4 ਕੇਸ ਦਰਜ ਕਰਕੇ ਸਰਗਰਮ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ‘ਤੇ ਕੀਤੀਆਂ ਗਈਆਂ ਕਾਰਵਾਈਆਂ ਦੇ ਤਹਿਤ ਐੱਨਡੀਪੀਐੱਸ ਐਕਟ ਹੇਠ 1300 ਤੋਂ ਵੱਧ ਸ਼ਿਕਾਇਤਾਂ ਦਰਜ ਤੇ 1637 ਤੋਂ ਵੱਧ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ, 900 ਤੋਂ ਵੱਧ ਵਿਅਕਤੀ ਡੀ-ਐਡਿਕਸ਼ਨ ਸੈਂਟਰ ਵਿਚ ਦਾਖ਼ਲ ਤੇ 2125 ਤੋਂ ਵੱਧ ਨਸ਼ਾ ਆਦੀ ਓਟਸ ਸੈਂਟਰਾਂ ਵਿਚ ਇਲਾਜ ਹੇਠ ਹਨ। ਇਸੇ ਤਰ੍ਹਾਂ 605 ਨਸ਼ਾ ਆਦੀਆਂ ਨੇ ਇਲਾਜ ਕਰਵਾ ਕੇ ਐੱਨਡੀਪੀਐੱਸ ਐਕਟ ਦੀ ਧਾਰਾ 64 ਏ ਹੇਠ ਛੁਟਕਾਰਾ ਪ੍ਰਾਪਤ ਕੀਤਾ। ਪਿਛਲੇ ਇਕ ਮਹੀਨੇ ਵਿਚ ₹1.3 ਕਰੋੜ ਤੋਂ ਵੱਧ ਦੀ ਸੰਪਤੀ ਜ਼ਬਤ ਕੀਤੀ ਗਈ। ਸੇਫ ਪੰਜਾਬ ਹੈਲਪਲਾਈਨ 9779100200 ‘ਤੇ ਮਿਲੀਆਂ ਸੂਚਨਾਵਾਂ ’ਤੇ 629 ਸ਼ਿਕਾਇਤਾਂ ਦਰਜ ਤੇ 753 ਦੋਸ਼ੀਆਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਕਪੂਰਥਲਾ ਪੁਲਿਸ ਨਸ਼ਾ ਤਸਕਰੀ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਜਨਤਾ ਤੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਨਸ਼ਾ ਆਦੀਆਂ ਨੂੰ ਜਲਦੀ ਤੋਂ ਜਲਦੀ ਡੀ-ਐਡਿਕਸ਼ਨ ਸੈਂਟਰ ’ਚ ਇਲਾਜ ਲਈ ਲਿਆਉਣ ਤੇ ਪ੍ਰਸ਼ਾਸਨ ਦਾ ਸਾਥ ਦੇਣ।