ਦਯਾਵੰਤੀ ਫਾਊਂਡੇਸ਼ਨ ਨੇ ਲਗਾਇਆ ਫਰੀ ਆਯੁਰਵੈਦਿਕ ਕੈਂਪ
ਦਯਾਵੰਤੀ ਫਾਊਂਡੇਸ਼ਨ ਨੇ ਲਗਾਇਆ ਫਰੀ ਆਯੁਰਵੈਦਿਕ ਕੈਂਪ
Publish Date: Wed, 18 Mar 2026 08:00 PM (IST)
Updated Date: Thu, 19 Mar 2026 04:11 AM (IST)

ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਦਯਾਵੰਤੀ ਆਯੂਕੇਅਰ ਚੈਰੀਟੇਬਲ ਡਿਸਪੈਂਸਰੀ, ਬੰਸੀ ਲਾਲ ਮਾਰਕੀਟ, ਬੰਗਾ ਰੋਡ, ਫਗਵਾੜਾ ਵਲੋਂ ਫਾਊਂਡੇਸ਼ਨ ਦੇ ਚੇਅਰਮੈਨ ਸਤੀਸ਼ ਕੁਮਾਰ ਬੱਤਰਾ (ਫਰੰਟੀਅਰ ਕਲੌਥ ਹਾਊਸ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਰੀ ਆਯੁਰਵੈਦਿਕ ਮੈਡੀਕਲ ਕੈਂਪ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਲਗਾਇਆ ਗਿਆ। ਫਾਊਂਡੇਸ਼ਨ ਦੇ ਪ੍ਰਬੰਧਕ ਪਰਮਜੀਤ ਸਿੰਘ ਚੱਗਰ ਅਤੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਦੀ ਨਿਗਰਾਨੀ ਹੇਠ ਆਯੋਜਿਤ ਇਸ ਕੈਂਪ ਦਾ ਉਦਘਾਟਨ ਖਾਲਸਾ ਹਾਈ ਸਕੂਲ ਮਾਡਲ ਟਾਊਨ ਫਗਵਾੜਾ ਦੇ ਪ੍ਰਿੰਸੀਪਲ ਸੀਮਾ ਸ਼ਰਮਾ ਵਲੋਂ ਆਪਣੇ ਕਰ ਕਮਲਾਂ ਦੇ ਨਾਲ ਕੀਤਾ ਗਿਆ।ਉਨ੍ਹਾਂ ਫਾਉਂਡੇਸ਼ਨ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਕੈਂਪ ਲੋੜਵੰਦ ਮਰੀਜਾਂ ਲਈ ਬਹੁਤ ਲਾਹੇਵੰਦ ਸਾਬਿਤ ਹੁੰਦੇ ਹਨ। ਕੈਂਪ ਦੌਰਾਨ ਡਾ. ਰੀਤੂ ਢੀਂਗਰਾ ਗਰੋਵਰ (ਬੀ.ਏ.ਐਮ.ਐਸ., ਡੀ ਫਾਰਮੈਸੀ) ਅਤੇ ਸਹਾਇਕ ਪਰਮਿੰਦਰ ਸਿੰਘ ਦੀ ਟੀਮ ਨੇ 53 ਲੋੜਵੰਦ ਮਰੀਜਾ ਦੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕਰਕੇ ਲੋੜ ਅਨੁਸਾਰ ਫਰੀ ਦਵਾਈਆਂ ਦਿੱਤੀਆਂ। ਲੋੜਵੰਦ ਮਰੀਜਾਂ ਨੂੰ ਇਕ ਹਫਤੇ ਦੀ ਫਰੀ ਦਵਾਈ ਦੇਣ ਦੇ ਨਾਲ ਲੋੜ ਮੁਤਾਬਕ ਵਾਧੂ ਦਵਾਈ ਬੰਗਾ ਰੋਡ ਸਥਿਤ ਡਿਸਪੈਂਸਰੀ ਤੋਂ ਪ੍ਰਾਪਤ ਕਰਨ ਦੀ ਹਦਾਇਤ ਕੀਤੀ ਗਈ। ਮਲਕੀਅਤ ਸਿੰਘ ਰਘਬੋਤਰਾ ਨੇ ਹਾਜਰੀਨ ਨੂੰ ਦੱਸਿਆ ਕਿ ਮਹਾਰਿਸ਼ੀ ਚਰਕ ਦੇ ਅਨੁਸਾਰ ਇੱਕ ਸਿਹਤਮੰਦ ਵਿਅਕਤੀ ਦੀ ਸਿਹਤ ਦੀ ਰੱਖਿਆ ਕਰਨ ਅਤੇ ਮਰੀਜ਼ ਦੀ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਦਾ ਗਿਆਨ ਆਯੁਰਵੇਦ ਪ੍ਰਣਾਲੀ ਵਿੱਚ ਮੌਜੂਦ ਹੈ। ਹਜ਼ਾਰਾਂ ਸਾਲ ਪੁਰਾਣੀ ਅਤੇ ਸੁਰੱਖਿਅਤ ਆਯੁਰਵੈਦਿਕ ਪ੍ਰਣਾਲੀ ‘ਚ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਦੀ ਤਾਕਤ ਹੈ। ਜੇਕਰ ਮਾਹਿਰ ਆਯੁਰਵੈਦ ਡਾਕਟਰ ਦੀ ਸਲਾਹ ਦੇ ਨਾਲ ਇਨ੍ਹਾਂ ਦਵਾਈਆਂ ਦਾ ਸੇਵਨ ਕੀਤਾ ਜਾਵੇ ਤਾਂ ਸਰੀਰ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ। ਡਾ. ਰੀਤੂ ਢੀਂਗਰਾ ਗਰੋਵਰ ਨੇ ਦੱਸਿਆ ਕਿ ਆਯੁਰਵੈਦਿਕ ਦਵਾਈਆਂ ਇੱਕ ਸਿਹਤਮੰਦ ਵਿਅਕਤੀ ਦੁਆਰਾ ਵੀ ਵਰਤੀਆਂ ਜਾ ਸਕਦੀਆਂ ਹਨ ਕਿਉਂਕਿ ਇਹ ਸਾਡੀ ਆਧੁਨਿਕ ਜੀਵਨ ਸ਼ੈਲੀ ਨੂੰ ਸਹੀ ਦਿਸ਼ਾ ਦਿੰਦੀਆਂ ਹਨ ਅਤੇ ਸਿਹਤ ਲਈ ਲਾਭਦਾਇਕ ਆਦਤਾਂ ਵਿਕਸਤ ਕਰਦੀਆਂ ਹਨ। ਆਯੁਰਵੈਦਿਕ ਦਵਾਈਆਂ ਜੜ੍ਹੀ ਬੂਟੀਆਂ ਅਤੇ ਹੋਰ ਕੁਦਰਤੀ ਚੀਜ਼ਾਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ। ਜਿਸਦੀ ਵਰਤੋਂ ਨਾਲ ਜੀਵਨ ਖੁਸ਼ਹਾਲ, ਤਨਾਅ ਮੁਕਤ ਅਤੇ ਬਿਮਾਰੀ ਮੁਕਤ ਹੋ ਜਾਂਦਾ ਹੈ। ਇਸ ਦੌਰਾਨ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਵੀ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ। ਉਨ੍ਹਾਂ ਨੇ ਆਪਣਾ ਮੈਡੀਕਲ ਚੈਕਅਪ ਕਰਵਾਇਆ ਅਤੇ ਲੋੜ ਅਨੁਸਾਰ ਦਵਾਈ ਪ੍ਰਾਪਤ ਕੀਤੀ। ਅਖੀਰ ਵਿੱਚ ਫਾਊਂਡੇਸ਼ਨ ਦੇ ਮੈਨੇਜਰ ਪਰਮਜੀਤ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਤਬੀਰ ਸਿੰਘ ਸਾਬੀ ਅਤੇ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਤਬੀਰ ਸਿੰਘ ਸਾਬੀ, ਗੁਰਦੁਆਰਾ ਸਾਹਿਬ ਦੇ ਮੈਨੇਜਰ ਦੀਪਿਕਾ, ਭਾਈ ਨਰਿੰਦਰ ਸਿੰਘ ਹੈਡ ਗ੍ਰੰਥੀ, ਜਸਬੀਰ ਸਿੰਘ, ਡਾ. ਅੰਜੂ ਡੈਂਟਿਸਟ ਆਦਿ ਹਾਜਰ ਸਨ।