ਆਂਗਨਵਾੜੀ ਵਰਕਰਾਂ ਲਈ 3 ਦਿਨਾਂ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ
ਬਲਾਕ ਨਡਾਲਾ ਦੀਆਂ ਆਂਗਨਵਾੜੀ ਵਰਕਰਾਂ ਦੀ“ਪੋਸ਼ਣ ਵੀ ਪੜ੍ਹਾਈ ਵੀ” ਸਬੰਧੀ 3 ਦਿਨਾਂ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ
Publish Date: Mon, 09 Mar 2026 08:18 PM (IST)
Updated Date: Mon, 09 Mar 2026 08:21 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਪੰਜਾਬ, ਚੰਡੀਗੜ੍ਹ ਦੇ ਨਿਰਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਕਪੂਰਥਲਾ ਦੀ ਯੋਗ ਅਗਵਾਈ ਹੇਠ ਸੀਡੀਪੀਓ ਦਫ਼ਤਰ ਨਡਾਲਾ ਵਿਖੇ ਪੋਸ਼ਣ ਅਭਿਆਨ ਅਧੀਨ “ਪੋਸ਼ਣ ਵੀ ਪੜ੍ਹਾਈ ਵੀ” ਸਬੰਧੀ ਤਿੰਨ ਦਿਨਾਂ ਟ੍ਰੇਨਿੰਗ ਪ੍ਰੋਗਰਾਮ 9 ਮਾਰਚ ਤੋਂ 11 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਇਸ ਟ੍ਰੇਨਿੰਗ ਦਾ ਦੂਸਰਾ ਬੈਚ 12 ਮਾਰਚ ਤੋਂ 14 ਮਾਰਚ ਤੱਕ ਕਰਵਾਇਆ ਜਾਣਾ ਹੈ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਆਂਗਣਵਾੜੀ ਵਰਕਰਾਂ ਨੂੰ ਅਰਲੀ ਚਾਇਲਡਹੁਡ ਕੇਅਰ ਐਂਡ ਐਜੂਕੇਸ਼ਨ ਤੇ ਰਾਸ਼ਟਰੀ ਸਿੱਖਿਆ ਨੀਤੀ ਅਧੀਨ ਬੱਚਿਆਂ ਦੇ ਸਮੂਹਿਕ ਵਿਕਾਸ ਲਈ ਤਿਆਰ ਕਰਨਾ ਹੈ। ਟ੍ਰੇਨਿੰਗ ਦੌਰਾਨ ਆਂਗਣਵਾੜੀ ਵਰਕਰਾਂ ਨੂੰ ਪੋਸ਼ਣ ਵੀ ਪੜ੍ਹਾਈ ਵੀ, ਅਰਲੀ ਚਾਇਲਡਹੁਡ ਕੇਅਰ ਐਂਡ ਐਜੂਕੇਸ਼ਨ ਪਾਠਕ੍ਰਮ, ਨਵ ਚੇਤਨਾ ਤੇ ਆਧਾਰਸ਼ਿਲਾ ਵਰਗੇ ਮਹੱਤਵਪੂਰਨ ਹਿੱਸਿਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਜੋ ਬੱਚਿਆਂ ਦੀ ਸ਼ੁਰੂਆਤੀ ਸਿੱਖਿਆ, ਪੋਸ਼ਣ ਜਾਗਰੂਕਤਾ ਤੇ ਉਨ੍ਹਾਂ ਦੇ ਸਰੀਰਕ, ਬੌਧਿਕ ਤੇ ਭਾਵਨਾਤਮਕ ਵਿਕਾਸ ‘ਤੇ ਕੇਂਦਰਿਤ ਹਨ। ਟ੍ਰੇਨਿੰਗ ਦਾ ਪਹਿਲਾ ਸੈਸ਼ਨ ਪ੍ਰਥਮ ਟੀਮ ਵੱਲੋਂ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਗਤੀਵਿਧੀਆਂ ਤੇ ਇੰਟਰਐਕਟਿਵ ਤਰੀਕਿਆਂ ਰਾਹੀਂ ਸਿਖਲਾਈ ਦਿੱਤੀ ਗਈ। ਇਹ ਗਤੀਵਿਧੀਆਂ ਬਹੁਤ ਹੀ ਰਚਨਾਤਮਕ ਸਨ ਤੇ ਸਾਰੇ ਭਾਗੀਦਾਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਟ੍ਰੇਨਿੰਗ ਪ੍ਰੋਗਰਾਮ ਵਿਚ ਕੁੱਲ 75 ਆਂਗਣਵਾੜੀ ਵਰਕਰਾਂ ਨੇ ਸੁਪਰਵਾਈਜ਼ਰਾਂ ਸਮੇਤ ਭਾਗ ਲਿਆ। ਇਹ ਟ੍ਰੇਨਿੰਗ ਆਂਗਣਵਾੜੀ ਪੱਧਰ ’ਤੇ ਬੱਚਿਆਂ ਦੀ ਪੋਸ਼ਣ ਸਥਿਤੀ, ਸ਼ੁਰੂਆਤੀ ਸਿੱਖਿਆ ਤੇ ਸਮੂਹਿਕ ਵਿਕਾਸ ਨੂੰ ਹੋਰ ਮਜ਼ਬੂਤ ਬਣਾਉਣ ਵਿਚ ਮਦਦਗਾਰ ਸਾਬਤ ਹੋਵੇਗੀ। ਇਸ ਟ੍ਰੇਨਿੰਗ ਦੌਰਾਨ ਬਾਲ ਵਿਕਾਸ ਪ੍ਰੋਜੈਕਟ ਅਫਸਰ ਬਲਵਿੰਦਰਜੀਤ ਸਿੰਘ, ਸੁਪਰਵਾਈਜ਼ਰ ਲਖਵਿੰਦਰ ਕੌਰ, ਕੰਵਲਜੀਤ ਕੌਰ ਤੇ ਵਰਕਰ ਹਾਜ਼ਰ ਸਨ।