ਧੀਆਂ ਬੋਝ ਨਹੀਂ, ਸਿਰ ਦਾ ਤਾਜ ਹੁੰਦੀਆਂ : ਸਰਬਜੀਤ ਰਾਜ
ਧੀਆਂ ਬੋਝ ਨਹੀਂ, ਸਿਰ ਦਾ ਤਾਜ ਹੁੰਦੀਆਂ ਨੇ : ਸਰਬਜੀਤ ਰਾਜ
Publish Date: Mon, 12 Jan 2026 06:32 PM (IST)
Updated Date: Mon, 12 Jan 2026 06:33 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਧੀਆਂ ਕਦੇ ਵੀ ਪਰਿਵਾਰ ਜਾਂ ਸਮਾਜ ਲਈ ਬੋਝ ਨਹੀਂ ਹੁੰਦੀਆਂ, ਸਗੋਂ ਉਹ ਮਾਪਿਆਂ ਦੇ ਸਿਰ ਦਾ ਤਾਜ ਹੁੰਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐੱਨਆਰਆਈ ਸਰਬਜੀਤ ਰਾਜ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਜਿਵੇਂ ਅਸੀਂ ਮੁੰਡਿਆਂ ਦੇ ਜਨਮ ’ਤੇ ਲੋਹੜੀ ਮਨਾਉਂਦੇ ਹਾਂ, ਉਸੇ ਤਰ੍ਹਾਂ ਧੀਆਂ ਦੀ ਲੋਹੜੀ ਵੀ ਪੂਰੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਉਣੀ ਚਾਹੀਦੀ ਹੈ, ਤਾਂ ਜੋ ਸਮਾਜ ਵਿਚ ਬਰਾਬਰੀ ਦਾ ਸੰਦੇਸ਼ ਜਾਵੇ ਅਤੇ ਧੀ-ਪੁੱਤਰ ਵਿਚ ਕੋਈ ਭੇਦਭਾਵ ਨਾ ਰਹੇ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਵੀ ਸਮਾਜ ਅੰਦਰ ਕੁਝ ਪੁਰਾਣੀਆਂ ਸੋਚਾਂ ਅਤੇ ਕੁਰੀਤੀਆਂ ਮੌਜੂਦ ਹਨ, ਜਿਨ੍ਹਾਂ ਕਾਰਨ ਧੀਆਂ ਨੂੰ ਉਹ ਸਨਮਾਨ ਨਹੀਂ ਮਿਲਦਾ ਜਿਸ ਦੀ ਉਹ ਹੱਕਦਾਰ ਹਨ। ਇਨ੍ਹਾਂ ਕੁਰੀਤੀਆਂ ਨੂੰ ਖਤਮ ਕਰਨ ਲਈ ਸਿਰਫ ਕਾਨੂੰਨ ਹੀ ਨਹੀਂ, ਸਗੋਂ ਲੋਕਾਂ ਦੀ ਸੋਚ ਬਦਲਣ ਦੀ ਸਖਤ ਲੋੜ ਹੈ। ਜਦ ਤੱਕ ਸੋਚ ਨਹੀਂ ਬਦਲੇਗੀ, ਤਦ ਤੱਕ ਅਸਲ ਸਮਾਜਿਕ ਬਦਲਾਅ ਸੰਭਵ ਨਹੀਂ। ਸਰਬਜੀਤ ਰਾਜ ਨੇ ਕਿਹਾ ਕਿ ਅੱਜ ਦੀਆਂ ਧੀਆਂ ਕਿਸੇ ਵੀ ਪੱਖੋਂ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਸਿੱਖਿਆ, ਖੇਡਾਂ, ਪ੍ਰਸ਼ਾਸਨ, ਸਿਹਤ, ਵਿਗਿਆਨ, ਫੌਜ, ਕਾਨੂੰਨ ਅਤੇ ਰਾਜਨੀਤੀ ਸਮੇਤ ਹਰ ਖੇਤਰ ਵਿਚ ਧੀਆਂ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ। ਉਹ ਹਰ ਫੀਲਡ ਵਿਚ ਮੁੰਡਿਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੀਆਂ ਹਨ ਅਤੇ ਕਈ ਖੇਤਰਾਂ ਵਿਚ ਤਾਂ ਮੁੰਡਿਆਂ ਨਾਲੋਂ ਵੀ ਅੱਗੇ ਹਨ। ਉਨ੍ਹਾਂ ਕਿਹਾ ਕਿ ਧੀਆਂ ਸਿਰਫ ਆਪਣੇ ਪਰਿਵਾਰਾਂ ਦਾ ਹੀ ਨਹੀਂ, ਸਗੋਂ ਦੇਸ਼ ਅਤੇ ਸਮਾਜ ਦਾ ਨਾਂ ਵੀ ਰੌਸ਼ਨ ਕਰ ਰਹੀਆਂ ਹਨ। ਅਜਿਹੀਆਂ ਅਨੇਕਾਂ ਮਿਸਾਲਾਂ ਸਾਡੇ ਸਾਹਮਣੇ ਹਨ, ਜਿਥੇ ਧੀਆਂ ਨੇ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਉੱਚੇ ਮੁਕਾਮ ਹਾਸਲ ਕੀਤੇ ਹਨ। ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਜੇ ਧੀਆਂ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣ, ਤਾਂ ਉਹ ਹਰ ਮੰਜ਼ਿਲ ਹਾਸਲ ਕਰ ਸਕਦੀਆਂ ਹਨ। ਸਰਬਜੀਤ ਰਾਜ ਨੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਧੀਆਂ ਨੂੰ ਪੜ੍ਹਾਈ, ਸਿਹਤ ਅਤੇ ਕਰੀਅਰ ਦੇ ਮਾਮਲੇ ਵਿਚ ਮੁੰਡਿਆਂ ਦੇ ਬਰਾਬਰ ਮੌਕੇ ਦੇਣ। ਧੀਆਂ ’ਤੇ ਭਰੋਸਾ ਕਰਨਾ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੰਖ ਲਾਉਣਾ ਸਾਡੇ ਸਮਾਜ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਆਪਣੇ ਬਿਆਨ ਦੇ ਅੰਤ ਵਿਚ ਫਿਰ ਦੁਹਰਾਇਆ ਕਿ ਧੀਆਂ ਬੋਝ ਨਹੀਂ, ਸਿਰ ਦਾ ਤਾਜ ਹੁੰਦੀਆਂ ਹਨ। ਜਦੋਂ ਸਮਾਜ ਇਹ ਗੱਲ ਦਿਲੋਂ ਮੰਨ ਲਵੇਗਾ, ਤਦ ਹੀ ਇਕ ਅੱਗੇ ਵਧਦਾ ਸਮਾਜ ਤਿਆਰ ਹੋ ਸਕੇਗਾ।