ਆਪ ਨੇਤਾ ਦਲਜੀਤ ਰਾਜੂ ਨੂੰ ਮੁੜ ਮਿਲੀ ਧਮਕੀ
ਦਲਜੀਤ ਰਾਜੂ ਨੂੰ ਮੁੜ ਮਿਲੀ ਧਮਕੀ
Publish Date: Sat, 17 Jan 2026 07:37 PM (IST)
Updated Date: Sat, 17 Jan 2026 07:40 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਸ਼ਹਿਰ ਦੀ ਇਕ ਹਰਦਿਲ ਅਜ਼ੀਜ਼ ਹਸਤੀ, ਜਿਸ ਨੂੰ ਕਿ ਫਗਵਾੜਾ ਦੇ ਲਗਭਗ ਸਾਰੇ ਪਿੰਡਾਂ ਦੇ ਲੋਕਾਂ ਦੇ ਨਾਮ ਮੂੰਹ ਜ਼ੁਬਾਨੀ ਰਟੇ ਹੋਏ ਹਨ। ਪਿੰਡਾਂ ਵਿਚ ਤੇ ਫਗਵਾੜਾ ਸ਼ਹਿਰ ਅੰਦਰ ਆਪਣਾ ਵੱਖਰਾ ਰਸੂਖ ਰੱਖਣ ਵਾਲੇ ਦਲਜੀਤ ਰਾਜੂ ਦਰਵੇਸ਼ ਪਿੰਡ ਨੂੰ ਵਾਰ-ਵਾਰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲਣਾ ਕਾਨੂੰਨ ਵਿਵਸਥਾ ’ਤੇ ਤਾਂ ਸਵਾਲ ਖੜ੍ਹੇ ਕਰਦਾ ਹੀ ਹੈ, ਨਾਲ ਦੀ ਨਾਲ ਦਲਜੀਤ ਰਾਜੂ ਲਈ ਖਤਰੇ ਦੀ ਘੰਟੀ ਵੀ ਵਜਾ ਰਿਹਾ ਹੈ। ਉਨ੍ਹਾਂ ਨੂੰ ਇਸ ਸੰਵੇਦਨਸ਼ੀਲ ਮੁੱਦੇ ਸਬੰਧੀ ਧਿਆਨ ਵੀ ਜ਼ਰੂਰ ਰੱਖਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਨਸ਼ਾ ਮੁਕਤੀ ਮੁਹਿੰਮ ਦੇ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਦੇ ਘਰ ’ਤੇ ਦੋ ਅਣਪਛਾਤੇ ਅਨਸਰਾਂ ਨੇ ਦੋ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਸਨ। ਪੁਲਿਸ ਪ੍ਰਸ਼ਾਸਨ ਵੱਲੋਂ ਸਮੇਂ ਦੀ ਸੰਜ਼ੀਦਗੀ ਨੂੰ ਦੇਖਦੇ ਹੋਏ ਭਾਵੇਂ ਉਨ੍ਹਾਂ ਨੂੰ ਸਕਿਓਰਿਟੀ ਗਾਰਡ ਮੁਹੱਈਆ ਕਰਵਾ ਦਿੱਤੇ ਸਨ ਪਰ ਉਸ ਘਟਨਾ ਦੇ ਕੁਝ ਦਿਨਾਂ ਬਾਅਦ ਹੀ ਹੁਣ ਮੁੜ ਗੈਂਗਸਟਰਾਂ ਵੱਲੋਂ ਵਾਇਸ ਮੈਸੇਜ ਭੇਜ ਕੇ ਜਾਨੀ-ਮਾਲੀ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਕਾਰਨ ਜਿਥੇ ਫਗਵਾੜਾ ਦੇ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ। ਉਥੇ ਹੀ ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ’ਤੇ ਵੀ ਸਵਾਲੀਆ ਨਿਸ਼ਾਨ ਲੱਗਦਾ ਜਾ ਰਿਹਾ ਹੈ। ਦਲਜੀਤ ਰਾਜੂ ਦਰਵੇਸ਼ ਪਿੰਡ ਨੂੰ ਗੈਂਗਸਟਰਾਂ ਵੱਲੋਂ ਜਾਨ ਤੋਂ ਮਾਰਨ ਦੀ ਦਿੱਤੀ ਗਈ ਧਮਕੀ ’ਚ ਸਿੱਧੇ ਤੌਰ ’ਤੇ ਕਿਹਾ ਗਿਆ ਹੈ ਕਿ ਦਲਜੀਤ ਰਾਜੂ ਨੂੰ ਨਾ ਤੇ ਪੁਲਿਸ ਬਚਾ ਸਕਦੀ ਹੈ, ਨਾ ਮੁੱਖ ਮੰਤਰੀ ਤੇ ਨਾ ਹੀ ਪੰਜਾਬ ਦਾ ਡੀਜੀਪੀ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਗੈਂਗਸਟਰਾਂ ਵਿਚ ਕਿਸੇ ਦਾ ਵੀ ਡਰ ਤੇ ਭੈਅ ਨਹੀਂ ਰਿਹਾ। ਦਲਜੀਤ ਰਾਜੂ ਦਰਵੇਸ਼ ਪਿੰਡ ਦਾ ਫਗਵਾੜਾ ਸ਼ਹਿਰ ਤੇ ਪਿੰਡਾਂ ਦੇ ਲੋਕਾਂ ਨਾਲ ਘਰੇਲੂ ਰਿਸ਼ਤਾ ਹੈ। ਫਗਵਾੜਾ ਦੀ ਇਕ ਅਹਿਮ ਸ਼ਖਸ਼ੀਅਤ ਵਜੋਂ ਜਾਣੇ ਜਾਂਦੇ ਦਲਜੀਤ ਰਾਜੂ ਨੂੰ ਮਿਲ ਰਹੀਆਂ ਧਮਕੀਆਂ ਨੂੰ ਪੁਲਿਸ ਤੇ ਪ੍ਰਸ਼ਾਸਨ ਨੂੰ ਸੰਜ਼ੀਦਗੀ ਨਾਲ ਲੈਣਾ ਚਾਹੀਦਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲਾਂ ਵੀ ਦਲਜੀਤ ਰਾਜੂ ਦੀ ਸੁਰੱਖਿਆ ਸਬੰਧੀ ਦੋ ਸਕਿਉਰਟੀ ਗਾਰਡ ਮੁਹੱਈਆ ਕਰਵਾਏ ਹੋਏ ਹਨ, ਇਸ ਦੇ ਬਾਵਜੂਦ ਵੀ ਗੈਂਗਸਟਰਾਂ ਵੱਲੋਂ ਮੁੜ ਧਮਕੀ ਮਿਲਣਾ ਜ਼ਰੂਰ ਚਿੰਤਾ ਦਾ ਵਿਸ਼ਾ ਹੈ।