ਪ੍ਰਾਪਰਟੀ ਟੈਕਸ ਬ੍ਰਾਂਚ ਨੇ ਚਲਾਈ ਵਿਸ਼ੇਸ਼ ਮੁਹਿੰਮ, 5 ਦੁਕਾਨਾਂ ਕੀਤੀਆਂ ਸੀਲ
-ਬੱਸ ਸਟੈਂਡ ਦੇ ਦੋ
Publish Date: Mon, 16 Feb 2026 10:04 PM (IST)
Updated Date: Mon, 16 Feb 2026 10:06 PM (IST)
-ਬੱਸ ਸਟੈਂਡ ਦੇ ਦੋ ਦੁਕਾਨਦਾਰਾਂ ਦਿੱਤੇ ਚੈੱਕ
-ਸਬਜ਼ੀ ਮੰਡੀ ’ਚ ਪੰਜ ਦੁਕਾਨਾਂ ਨੂੰ ਦਿੱਤੇ ਨੋਟਿਸ
ਸੰਵਾਦ ਸਹਿਯੋਗੀ, ਜਾਗਰਣ
ਕਪੂਰਥਲਾ : ਨਗਰ ਨਿਗਮ ਨੇ ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਨੂੰ ਲੈ ਕੇ ਸ਼ਹਿਰ ’ਚ ਵਿਸ਼ੇਸ਼ ਮੁਹਿੰਮ ਚਲਾਈ। ਪ੍ਰਾਪਰਟੀ ਟੈਕਸ ਇੰਸਪੈਕਟਰ ਭਜਨ ਸਿੰਘ ਦੀ ਅਗਵਾਈ ’ਚ ਬਣਾਈ ਟੀਮ ਨੇ ਸ਼ਹਿਰ ਦੇ ਮੁੱਕ ਕਾਰੋਬਾਰੀ ਇਲਾਕਿਆਂ ਦੀ ਜਾਂਚ ਕਰਕੇ ਬਕਾਏਦਾਰ ਦੁਕਾਨਦਾਰਾਂ ਵਿਰੁੱਧ ਕਾਰਵਾਈ ਕੀਤੀ। ਸਭ ਤੋਂ ਪਹਿਲਾਂ ਟੀਮ ਸਬਜ਼ੀ ਮੰਡੀ ਪਹੁੰਚੀ, ਜਿਥੇ ਪੰਜ ਦੁਕਾਨਾਂ ਨੂੰ ਪਹਿਲਾਂ ਹੀ ਸੀਲਿੰਗ ਨੋਟਿਸ ਜਾਰੀ ਕੀਤੇ ਗਏ ਸਨ। ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਸਪਸ਼ਟ ਚੇਤਾਵਨੀ ਦਿੱਤੀ ਸੀ ਕਿ ਜੇ ਬਕਾਇਆ ਪ੍ਰਾਪਰਟੀ ਟੈਕਸ ਤੁਰੰਤ ਜਮ੍ਹਾਂ ਨਹੀਂ ਕਰਵਾਇਆ ਗਿਆ ਤਾਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਜਾਵੇਗਾ। ਕਾਰਵਾਈ ਦੌਰਾਨ ਨੋਟਿਸ ਪ੍ਰਾਪਤ ਦੁਕਾਨਦਾਰਾਂ ’ਚ ਹੜਕੰਪ ਮਚ ਗਿਆ ਤੇ ਸਾਰੇ ਪੰਜ ਦੁਕਾਨਦਾਰਾਂ ਨੇ ਮੌਕੇ ’ਤੇ ਹੀ ਬਕਾਇਆ ਰਾਸ਼ੀ ਦੇ ਚੈੱਕ ਜਮ੍ਹਾਂ ਕਰਵਾ ਦਿੱਤੇ। ਚੈੱਕ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਦੁਕਾਨਾਂ ਦੀ ਸੀਲਿੰਗ ਟਾਲ ਦਿੱਤੀ ਗਈ ਤੇ ਉਨ੍ਹਾਂ ਨੂੰ ਆਖਰੀ ਚੇਤਾਵਨੀ ਦਿੰਦੇ ਹੋਏ ਭਵਿੱਖ ’ਚ ਸਮੇਂ ’ਤੇ ਟੈਕਸ ਜਮ੍ਹਾਂ ਕਰਨ ਦੀ ਹਿਦਾਇਤ ਕੀਤੀ ਗਈ। ਇਸ ਤੋਂ ਬਾਅਦ ਨਗਰ ਨਿਗਮ ਦੀ ਟੀਮ ਨੇ ਬੱਸ ਸਟੈਂਡ ਖੇਤਰ ’ਚ ਜਾਂਚ ਮੁਹਿੰਮ ਚਲਾਈ। ਇਥੇ ਕਈ ਦੁਕਾਨਾਂ ’ਤੇ ਲੰਬੇ ਸਮੇਂ ਤੋਂ ਪ੍ਰਾਪਰਟੀ ਟੈਕਸ ਬਕਾਇਆ ਚੱਲ ਰਿਹਾ ਸੀ। ਜਾਂਚ ਦੌਰਾਨ ਦੋ ਦੁਕਾਨਦਾਰਾਂ ਨੇ ਤੁਰੰਤ ਚੈੱਕ ਦਿੱਤੇ, ਜਿਸ ਨਾਲ ਉਨ੍ਹਾਂ ਦੀਆਂ ਦੁਕਾਨਾਂ ਨੂੰ ਸੀਲਿੰਗ ਤੋਂ ਰਾਹਤ ਮਿਲ ਗਈ। ਉੱਧਰ ਪੰਜ ਦੁਕਾਨਦਾਰਾਂ ਵੱਲੋਂ ਟੈਕਸ ਜਮ੍ਹਾਂ ਨਾ ਕਰਾਉਣ ’ਤੇ ਨਗਰ ਨਿਗਮ ਨੇ ਸਖਤ ਕਦਮ ਚੁੱਕਦੇ ਹੋਏ ਉਨ੍ਹਾਂ ਦੀਆਂ ਦੁਕਾਨਾਂ ਨੂੰ ਸੀਲ ਕਰ ਦਿੱਤਾ। ਦੁਕਾਨਾਂ ਦੇ ਸ਼ਟਰ ’ਤੇ ਸੀਲ ਲਗਾ ਕੇ ਨੋਟਿਸ ਲਗਾ ਦਿੱਤੇ ਗਏ, ਤਾਂ ਕਿ ਹੋਰ ਬਕਾਏਦਾਰਾਂ ਨੂੰ ਵੀ ਸਖਤ ਸੰਦੇਸ਼ ਮਿਲ ਸਕੇ।
ਨਿਗਮ ਕਮਿਸ਼ਨਰ ਅਨੁਪਮ ਕਲੇਰ ਨੇ ਕਿਹਾ ਕਿ ਪ੍ਰਾਪਰਟੀ ਟੈਕਸ ਨਗਰ ਨਿਗਮ ਦੀ ਆਮਦਨ ਦਾ ਮੁੱਖ ਸ੍ਰੋਤ ਹੈ, ਜਿਸ ਨਾਲ ਸ਼ਹਿਰ ’ਚ ਸਫਾਈ ਵਿਵਸਥਾ, ਸਟ੍ਰੀਟ ਲਾਈਟ, ਸੜਕਾਂ ਦੀ ਮੁਰੰਮਤ ਤੇ ਹੋਰ ਵਿਕਾਸ ਕਾਰਜ ਕੀਤੇ ਜਾਂਦੇ ਹਨ। ਜੇ ਲੋਕ ਸਮੇਂ ’ਤੇ ਟੈਕਸ ਜਮ੍ਹਾਂ ਨਹੀਂ ਕਰਦੇ ਤਾਂ ਸ਼ਹਿਰ ਦੇ ਵਿਕਾਸ ਕਾਰਜ ਪ੍ਰਭਾਵਿਤ ਹੁੰਦੇ ਹਨ। ਇਸ ਲਈ ਬਕਾਇਆ ਵਸੂਲੀ ਲਈ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਨੇ ਸਾਰੇ ਵਪਾਰੀਆਂ ਤੇ ਜਾਇਦਾਦ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਅੱਗੇ ਆ ਕੇ ਆਪਣਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਤਾਂ ਕਿ ਉਨ੍ਹਾਂ ਨੂੰ ਸੀਲਿੰਗ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਜੂਨੀਅਰ ਸਹਾਇਕ ਗੌਰਵ ਸ਼ੁਕਲਾ, ਪ੍ਰਭਜੋਤ ਕੌਰ, ਨਵਜੋਤ ਸਿੰਘ, ਮੁਨੀਸ਼, ਸਾਗਰ, ਬੋਨਿਤ ਸਹੋਤਾ ਤੇ ਹੋਰ ਕਰਮਚਾਰੀ ਮੌਜੂਦ ਰਹੇ।