ਐੱਲਪੀਜੀ ਸਿਲੰਡਰਾਂ ਦੀ ਨਿਰਵਿਘਨ ਸਪਲਾਈ ਲਈ ਗੈਸ ਏਜੰਸੀਆਂ ’ਤੇ ਛਾਪੇ
ਐਲਪੀਜੀ ਸਿਲੰਡਰਾਂ ਦੀ ਨਿਰਵਿਘਨ ਸਪਲਾਈ ਦੇ ਲਈ ਲਗਾਤਾਰ ਕੀਤੀ ਜਾ ਰਹੀ ਹੈ ਗੈਸ ਏਜੰਸੀਆਂ ਦੀ ਚੈਕਿੰਗ
Publish Date: Sat, 14 Mar 2026 07:18 PM (IST)
Updated Date: Sat, 14 Mar 2026 07:21 PM (IST)

--ਡਿਪਟੀ ਕਮਿਸ਼ਨਰ ਨੇ ਦਿੱਤੇ ਜਮ੍ਹਾਂਖੋਰੀ ਜਾਂ ਓਵਰ ਚਾਰਜਿੰਗ ’ਤੇ ਸਖਤ ਕਾਰਵਾਈ ਦੇ ਨਿਰਦੇਸ਼ --ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਵੱਲੋਂ ਇੰਸਪੈਕਟਰਾਂ ਹੇਠ ਬਣਾਈ ਗਈ ਟੀਮ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਚੈਕਿੰਗ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹੇ ਵਿਚ ਐੱਲਪੀਜੀ ਸਿਲਿੰਡਰਾਂ ਦੀ ਰੈਗੂਲਰ ਸਪਲਾਈ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਚੈਕਿੰਗ ਟੀਮ ਵੱਲੋਂ ਅੱਜ ਜ਼ਿਲ੍ਹੇ ਦੀਆਂ ਵੱਖ-ਵੱਖ ਗੈਸ ਏਜੰਸੀਆਂ ਤੇ ਸਿਲੰਡਰ ਦੇ ਗੋਦਾਮਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਐੱਲਪੀਜੀ ਸਿਲੰਡਰਾਂ ਦੀ ਲਗਾਤਾਰ ਸਪਲਾਈ ਯਕੀਨੀ ਬਣਾਉਣ ਲਈ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਵੱਲੋਂ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਤੇ ਹੋਰ ਵਿਭਾਗਾਂ ਦੇ ਨਾਲ ਟੀਮਾਂ ਬਣਾ ਕੇ ਲਗਾਤਾਰ ਗੈਸ ਏਜੰਸੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ’ਚ ਐੱਲਪੀਜੀ ਸਿਲੰਡਰਾਂ, ਪੈਟਰੋਲ, ਡੀਜ਼ਲ ਤੇ ਹੋਰ ਘਰੇਲੂ ਵਰਤੋਂ ਲਈ ਐੱਲਪੀਜੀ ਦੀ ਨਿਰਵਿਘਨ ਸਪਲਾਈ ਸਰਕਾਰ ਵੱਲੋਂ ਤੈਅ ਕੀਤੇ ਗਏ ਰੇਟਾਂ ’ਤੇ ਕੀਤੀ ਜਾ ਰਹੀ ਹੈ। ਸਾਰੇ ਗੈਸ ਏਜੰਸੀ ਮਾਲਕਾਂ ਤੇ ਪੈਟਰੋਲ ਪੰਪ ਮਾਲਕਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਗੈਸ/ਤੇਲ ਦੀ ਜਮ੍ਹਾਂਖੋਰੀ ਜਾਂ ਕਾਲਾ ਬਜ਼ਾਰੀ ਨਾ ਕਰੇ ਤੇ ਖਪਤਕਾਰਾਂ ਨੂੰ ਸਮੇਂ ਸਿਰ ਗੈਸ ਤੇ ਤੇਲ ਦੀ ਸਪਲਾਈ ਸਰਕਾਰ ਵੱਲੋਂ ਨਿਰਧਾਰਿਤ ਰੇਟਾਂ ’ਤੇ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲਗਾਤਾਰ ਚੈਕਿੰਗ ਕਰਕੇ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਪੈਟਰੋਲ ਪੰਪ ਮਾਲਕ ਜਾਂ ਗੈਸ ਏਜੰਸੀ ਮਾਲਕ ਜਾਂ ਉਨ੍ਹਾਂ ਦਾ ਕੋਈ ਕਰਮਚਾਰੀ ਖਪਤਕਾਰਾਂ ਤੋਂ ਸਪਲਾਈ ਦੀ ਸ਼ਾਰਟੇਜ ਦੇ ਬਹਾਨੇ ਓਵਰ ਚਾਰਜ ਨਾ ਕਰੇ ਤੇ ਜੇਕਰ ਕੋਈ ਪੈਟਰੋਲ ਪੰਪ ਜਾਂ ਗੈਸ ਏਜੰਸੀ ਮਾਲਕ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਕਾਲਾ ਬਾਜ਼ਾਰੀ ਜਾਂ ਐੱਲਪੀਜੀ ਸਿਲੰਡਰਾਂ ਦੀ ਜਮ੍ਹਾਂਖੋਰੀ ਕਰਦਾ ਪਾਇਆ ਗਿਆ ਤਾਂ ਇਸ ਸਬੰਧੀ ਸੂਚਨਾ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾ ਸਕਦੀ ਹੈ।