ਪ੍ਰੋਸੈਸ ਫੂਡ ਦੀ ਵਰਤੋਂ ਸਿਹਤ ਲਈ ਨੁਕਸਾਨਦੇਹ : ਡਾ. ਭਗਤ
ਪ੍ਰੋਸੈਸ ਫੂਡ ਦੀ ਵਰਤੋਂ ਸਿਹਤ ਲਈ ਨੁਕਸਾਨਦੇਹ : ਡਾਕਟਰ ਸੰਜੀਵ ਭਗਤ
Publish Date: Thu, 09 Apr 2026 09:48 PM (IST)
Updated Date: Thu, 09 Apr 2026 09:50 PM (IST)

*ਰਣਧੀਰ ਕਾਲਜ ਚ ਫੂਡ ਸੇਫਟੀ ਵਿੰਗ ਕਪੂਰਥਲਾ ਵੱਲੋਂ ਜਾਗਰੂਕਤਾ ਸੈਮੀਨਾਰ *ਵਿਦਿਆਰਥੀਆਂ ਨੂੰ ਘਰ ਦਾ ਸਾਫ਼-ਸੁਥਰਾ ਖਾਣਾ ਖਾਣ ਲਈ ਪ੍ਰੇਰਿਆ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਇਕ ਉਦੇਸ਼ ਹੈ ਰੰਗਲਾ, ਸਿਹਤਮੰਦ ਤੇ ਨਸ਼ਿਆਂ ਤੋਂ ਰਹਿਤ ਪੰਜਾਬ, ਜਿਸ ਦੀ ਸਿਰਜਣਾ ਲਈ ਉਹ ਲਗਾਤਾਰ ਕਿਰਿਆਸ਼ੀਲ ਰਹਿੰਦੇ ਹਨ। ਇਸੇ ਲੜੀ ਤਹਿਤ ਫੂਡ ਸੇਫਟੀ ਵਿੰਗ ਕਪੂਰਥਲਾ ਵੱਲੋਂ ਅੱਜ ਸਰਦਾਰ ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਕਪੂਰਥਲਾ ਵਿਖੇ ਇਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਡਾਕਟਰ ਸੰਜੀਵ ਭਗਤ ਸਿਵਲ ਸਰਜਨ ਕਪੂਰਥਲਾ ਸ਼ਾਮਲ ਹੋਏ ਤੇ ਉਨ੍ਹਾਂ ਨਾਲ ਸ੍ਰੀਮਤੀ ਸਕਿੰਦਰ ਕੌਰ ਬਰਾੜ, ਪ੍ਰਿੰਸੀਪਲ ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਤੇ ਡਾ. ਹਰਜੋਤ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਸੇਫਟੀ, ਮਹਿਕ ਸੈਣੀ ਫੂਡ ਸੇਫਟੀ ਅਫਸਰ ਤੇ ਸ਼ਰਨਦੀਪ ਸਿੰਘ ਮਾਸ ਮੀਡੀਆ ਅਫਸਰ ਤੇ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਤੇ ਸਮੂਹ ਵਿਦਿਆਰਥੀਆਂ ਨੇ ਸੈਮੀਨਾਰ ਵਿਚ ਸ਼ਿਰਕਤ ਕੀਤੀ। ਹਾਜ਼ਰੀਨ ਨੂੰ ਸੰਬੋਧਨ ਹੁੰਦਿਆਂ ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਖਾਣ-ਪੀਣ ਦੀ ਸ਼ੈਲੀ ਵਿਗੜਨ ਤੇ ਸੁਸਤ ਜੀਵਨ ਸ਼ੈਲੀ ਕਾਰਨ ਟਾਈਪ ਥਰੀ ਡਾਇਬਟੀਜ਼ ਆਮ ਤੌਰ ਤੇ ਦੇਖਣ ਨੂੰ ਮਿਲ ਰਹੀ ਹੈ, ਖਾਸ ਤੌਰ ’ਤੇ ਨੌਜਵਾਨ ਵਰਗ ਵਿਚ, ਜਿਸ ਤੋਂ ਬਚਣ ਦੇ ਲਈ ਸਾਨੂੰ ਸਾਰਿਆਂ ਨੂੰ ਪ੍ਰੋਸੈਸਡ ਫੂਡ ਦੀ ਵਰਤੋਂ ਆਪਣੀ ਖੁਰਾਕ ਵਿਚ ਘੱਟ ਕਰ ਦੇਣੀ ਚਾਹੀਦੀ ਹੈ ਤੇ ਫਾਈਬਰ ਵਾਲੀਆਂ ਚੀਜ਼ਾਂ, ਜਿਸ ਤਰ੍ਹਾਂ ਮਿਲਟਸ ਆਦਿ ਦੀ ਵਰਤੋਂ ਵਧਾਉਣੀ ਚਾਹੀਦੀ ਹੈ। ਇਸ ਦੇ ਨਾਲ ਹਰੀਆਂ ਸਬਜ਼ੀਆਂ, ਤਾਜ਼ੇ ਫਲਾਂ ਆਦਿ ਦੀ ਵਰਤੋਂ ਵਧਾਉਣੀ ਚਾਹੀਦੀ ਹੈ। ਸਰੀਰ ਨੂੰ ਕਿਸੇ ਨਾ ਕਿਸੇ ਕੰਮ ਵਿਚ ਸੈਰ ਆਦਿ ਤੇ ਦੌੜਾਂ ਵਿਚ ਖੇਡਾਂ ਵਿਚ ਕਿਰਿਆਸ਼ੀਲ ਰੱਖਣਾ ਚਾਹੀਦਾ ਹੈ ਤਾਂ ਜੋ ਅਸੀਂ ਬਿਮਾਰੀਆਂ ਤੋਂ ਬਚਦੇ ਹੋਏ ਆਪਣੇ ਸਰੀਰ ਨੂੰ ਸਿਹਤਮੰਦ ਰੱਖ ਸਕੀਏ। ਸਾਨੂੰ ਆਪਣੀ ਪੁਰਾਤਨ ਖਾਣ-ਪੀਣ ਦੀ ਸ਼ੈਲੀ ਨੂੰ ਫਿਰ ਤੋਂ ਅਪਣਾਉਣਾ ਚਾਹੀਦਾ ਹੈ। ਸਹਾਇਕ ਕਮਿਸ਼ਨਰ ਫੂਡ ਸੇਫਟੀ ਡਾ. ਹਰਜੋਤ ਪਾਲ ਸਿੰਘ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਫਾਸਟ ਫੂਡ, ਜੰਕ ਫੂਡ ਤੋਂ ਸਾਨੂੰ ਸਾਰਿਆਂ ਨੂੰ ਸੁਚੇਤ ਰਹਿੰਦੇ ਹੋਏ ਆਪਣੀ ਰੋਜ਼ਾਨਾ ਦੀ ਖੁਰਾਕ ਸੰਤੁਲਿਤ ਖਾਣੀ ਚਾਹੀਦੀ ਹੈ। ਇਸ ਦੇ ਨਾਲ ਮਿਲਟਸ ਦੀ ਵਰਤੋਂ ਤੋਂ ਬਾਅਦ ਸਰੀਰ ਵਿਚ ਸੰਤੁਲਿਤ ਤੌਰ ’ਤੇ ਗਲੂਕੋਜ਼ ਬਣਦੀ ਹੈ ਤੇ ਸ਼ੂਗਰ ਆਦਿ ਦੀ ਬਿਮਾਰੀ ਦਾ ਅੰਦੇਸ਼ਾ ਘਟ ਜਾਂਦਾ ਹੈ। ਇਸ ਦੇ ਨਾਲ ਫਾਸਟ ਫੂਡ ਤੇ ਜੰਕ ਫੂਡ ਵਿਚ ਕੈਲੋਰੀਜ਼ ਹੀ ਹੁੰਦੀਆਂ ਹਨ, ਸਰੀਰ ਦੇ ਲਈ ਲੋੜੀਂਦੇ ਪੌਸ਼ਟਿਕ ਤੱਤ ਜਿਵੇਂ ਕਿ ਪ੍ਰੋਟੀਨ, ਫਾਈਬਰ, ਵਿਟਾਮਿਨ ਤੇ ਮਿਨਰਲ ਦੀ ਅਣਹੋਂਦ ਹੁੰਦੀ ਹੈ, ਜਿਸ ਕਰਕੇ ਸਰੀਰ ਮੋਟਾਪੇ ਦਾ ਸ਼ਿਕਾਰ ਤਾਂ ਹੁੰਦਾ ਹੀ ਹੈ, ਨਾਲ ਦੀ ਨਾਲ ਉਸ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਕਮਜ਼ੋਰ ਹੋ ਜਾਂਦੀ ਹੈ। ਇਸ ਮੌਕੇ ਵਾਈਸ ਪ੍ਰਿੰਸੀਪਲ ਸਨੇਹ ਸ਼ਰਮਾ, ਸਹਾਇਕ ਪ੍ਰੋਫੈਸਰ ਵਿਪਨ ਕੁਮਾਰ, ਸਹਾਇਕ ਪ੍ਰੋ. ਰਣਜੀਤ ਕੁਮਾਰ, ਸਹਾਇਕ ਪ੍ਰੋ. ਹੈਪੀ ਕੁਮਾਰ, ਸਹਾਇਕ ਪ੍ਰੋ. ਦਿਲਦਾਰ ਸਿੰਘ, ਸਹਾਇਕ ਪ੍ਰੋ. ਮਨਜੀਤ ਸਿੰਘ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।