ਸੁਲਤਾਨਪੁਰ ਲੋਧੀ ’ਚ ਸੜਕਾਂ ਬਨਣੀਆਂ ਸ਼ੁਰੂ
ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ 13.51 ਕਰੋੜ ਦੀ ਲਾਗਤ ਨਾਲ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਦੀਆਂ ਸੜਕਾਂ ਬਨਣੀਆਂ ਸ਼ੁਰੂ
Publish Date: Sat, 28 Feb 2026 10:31 PM (IST)
Updated Date: Sat, 28 Feb 2026 10:34 PM (IST)

---ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਦਿੱਤੇ ਸਖ਼ਤ ਨਿਰਦੇਸ਼ --ਮੈਟੀਰੀਅਲ ਨਾਲ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਹੋਵੇਗਾ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਇਤਿਹਾਸਕ ਤੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਚ ਸ਼ਹਿਰੀ ਵਿਕਾਸ ਦੀ ਇਕ ਹੋਰ ਵੱਡੀ ਪਹਿਲਕਦਮੀ ਤਹਿਤ 13 ਕਰੋੜ 51 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਸੜਕਾਂ ਦੇ ਨਿਰਮਾਣ ਤੇ ਮਜ਼ਬੂਤੀਕਰਨ ਦਾ ਵਿਸ਼ਾਲ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਇਸ ਮਹੱਤਵਪੂਰਨ ਯੋਜਨਾ ਦੀ ਸ਼ੁਰੂਆਤ ਕਰਦਿਆਂ ਕਿਹਾ ਗਿਆ ਕਿ ਇਹ ਕੰਮ ਸ਼ਹਿਰ ਦੀ ਦਿੱਖ ਤੇ ਆਵਾਜਾਈ ਪ੍ਰਣਾਲੀ ਵਿਚ ਇਤਿਹਾਸਕ ਬਦਲਾਅ ਲਿਆਵੇਗਾ। ਚੀਮਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਸੀਵਰੇਜ ਤੇ ਵਾਟਰ ਸਪਲਾਈ ਦੇ ਪਾਈਪ ਲਾਈਨ ਪਾਉਣ ਕਾਰਨ ਸ਼ਹਿਰ ਦੀਆਂ ਸੜਕਾਂ ਪੁੱਟੀਆਂ ਗਈਆਂ ਸਨ। ਟੁੱਟੀਆਂ-ਫੁੱਟੀਆਂ ਸੜਕਾਂ ਦੇ ਕਾਰਨ ਆਮ ਲੋਕਾਂ, ਵਪਾਰੀਆਂ ਤੇ ਸ਼ਰਧਾਲੂਆਂ ਨੂੰ ਗੰਭੀਰ ਦਿਕ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸੜਕਾਂ ਦੇ ਨਿਰਮਾਣ ਤੋਂ ਪਹਿਲਾਂ ਸਾਰੇ ਸੀਵਰੇਜ, ਪੀਣ ਵਾਲੇ ਪਾਣੀ ਤੇ ਹੋਰ ਲਾਈਨਾਂ ਦੀ ਜਾਂਚ ਤੇ ਮੁਰੰਮਤ ਯਕੀਨੀ ਬਣਾਈ ਜਾਵੇ, ਤਾਂ ਜੋ ਬਾਅਦ ਵਿਚ ਨਵੀਂ ਬਣੀ ਸੜਕ ਨੂੰ ਕਿਸੇ ਵੀ ਕਾਰਨ ਕਰਕੇ ਨਾ ਪੁੱਟਣਾ ਪਵੇ। ਜੇ ਕਿਸੇ ਥਾਂ ਕੋਈ ਤਕਨੀਕੀ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਉਸਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸ਼ਹੀਦ ਊਧਮ ਸਿੰਘ ਚੌਂਕ ਤੋਂ ਬੌਬੀ ਬੈਕਰੀ ਤੱਕ ਲਗਭਗ 500 ਮੀਟਰ ਤੇ ਉਥੋਂ 200 ਮੀਟਰ ਅੰਡਰਬ੍ਰਿਜ ਤੱਕ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਇਸਦੇ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਰੋਡ ‘ਤੇ ਦੁਬਾਰਾ ਲੁੱਕ ਪਾਈ ਜਾਵੇਗੀ ਤੇ ਸੜਕ ਨੂੰ ਹੋਰ ਮਜ਼ਬੂਤ ਤੇ ਟਿਕਾਊ ਬਣਾਇਆ ਜਾਵੇਗਾ। ਇਹ ਕੰਮ ਅਗਲੇ 7 ਦਿਨਾਂ ਵਿਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ । ਚੀਮਾ ਨੇ ਕਿਹਾ ਕਿ ਪਹਿਲੇ ਪੜਾਅ ਤੋਂ ਬਾਅਦ ਸ਼ਹਿਰ ਦੀਆਂ ਹੋਰ ਮੁੱਖ ਸੜਕਾਂ ਤੇ ਅੰਦਰੂਨੀ ਗਲੀਆਂ ਦਾ ਕੰਮ ਤੇਜ਼ੀ ਨਾਲ ਸ਼ੁਰੂ ਕੀਤਾ ਜਾਵੇਗਾ। ਪੂਰੇ ਪ੍ਰੋਜੈਕਟ ਨੂੰ ਲਗਭਗ ਦੋ ਮਹੀਨਿਆਂ ਵਿਚ ਪੂਰਾ ਕਰਨ ਦੀ ਯੋਜਨਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ, ਬਲਾਕ ਸੰਮਤੀ ਮੈਂਬਰ ਹਰਵਿੰਦਰ ਸਿੰਘ ਲਾਲੀ, ਕੌਂਸਲਰ ਰਜਿੰਦਰ ਸਿੰਘ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਬਲਜੀਤ ਸਿੰਘ ਬਾਜਵਾ, ਜੇਈ ਵਰੁਣ ਛਾਬੜਾ, ਸਤਨਾਮ ਸਿੰਘ, ਜੱਗੀ ਜੈਨਪੁਰ, ਸਿੰਦਰਪਾਲ, ਤੇਜਪਾਲ ਸਿੰਘ ਆਦਿ ਮੌਜੂਦ ਸਨ।