ਪਵਿੱਤਰ ਨਗਰੀ ’ਚ ਸੜਕ ਦਾ ਨਿਰਮਾਣ ਕਾਰਜ ਸ਼ੁਰੂ
ਗਰਾਰੀ ਚੌਂਕ ਤੋਂ ਗੁਰਦੁਆਰਾ ਅੰਤਰਯਾਮਤਾ ਸਾਹਿਬ ਤੱਕ ਨਵੀਂ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ
Publish Date: Sat, 14 Mar 2026 10:07 PM (IST)
Updated Date: Sat, 14 Mar 2026 10:09 PM (IST)

13 ਕਰੋੜ ਰੁਪਏ ਨਾਲ ਸ਼ਹਿਰ ਦੀਆਂ ਸੜਕਾਂ ਦੀ ਬਦਲੇਗੀ ਤਸਵੀਰ, ਵਿਕਾਸ ਕਾਰਜ ਜੰਗੀ ਪੱਧਰ ‘ਤੇ ਸ਼ੁਰੂ : ਚੀਮਾ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼ਹਿਰ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦਿੰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਵੱਲੋਂ ਗਰਾਰੀ ਚੌਂਕ ਤੋਂ ਗੁਰਦੁਆਰਾ ਅੰਤਰਯਾਮਤਾ ਸਾਹਿਬ ਤੱਕ ਨਵੀਂ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ ਗਈ, ਜਿਸ ਨਾਲ ਇਲਾਕਾ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਇਸ ਮੌਕੇ ਚੀਮਾ ਨੇ ਕਿਹਾ ਕਿ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਤੇ ਗਲੀਆਂ ਦੀ ਹਾਲਤ ਸੁਧਾਰਨ ਲਈ ਕੰਮ ਹੁਣ ਜੰਗੀ ਪੱਧਰ ‘ਤੇ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕੁੱਲ 13 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ ਸੜਕਾਂ ਦੀ ਨੁਹਾਰ ਪੂਰੀ ਤਰ੍ਹਾਂ ਬਦਲੀ ਜਾਵੇਗੀ। ਉਨ੍ਹਾਂ ਕਿਹਾ ਕਿ 6 ਕਰੋੜ ਰੁਪਏ ਨਾਲ ਲੁੱਕ ਵਾਲੀਆਂ ਸੜਕਾਂ ਬਣਾਈਆਂ ਜਾਣਗੀਆਂ, ਜਦਕਿ 7 ਕਰੋੜ ਰੁਪਏ ਦੀ ਲਾਗਤ ਨਾਲ ਸੀਮੈਂਟ ਵਾਲੀਆਂ ਗਲੀਆਂ ਤੇ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। ਸੱਜਣ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਸਮੇਂ ਵਾਟਰ ਸਪਲਾਈ ਤੇ ਸੀਵਰੇਜ ਦੀਆਂ ਲਾਈਨਾਂ ਪੈਣ ਕਾਰਨ ਕਈ ਸੜਕਾਂ ਪੁੱਟੀਆਂ ਗਈਆਂ ਸਨ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਸਰਕਾਰ ਵੱਲੋਂ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਸੜਕਾਂ ਨੂੰ ਮੁੜ ਤਿਆਰ ਕਰਕੇ ਸ਼ਹਿਰ ਨੂੰ ਵਿਕਾਸ ਦੀ ਨਵੀਂ ਦਿਸ਼ਾ ਦਿੱਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਬਹੁਤ ਜਲਦੀ ਸ਼ਹਿਰ ਦੀਆਂ ਸੜਕਾਂ ਦਾ ਕੰਮ ਪੂਰਾ ਕਰਕੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ, ਕੌਂਸਲਰ ਰਜਿੰਦਰ ਸਿੰਘ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਜਤਿੰਦਰ ਸੇਠੀ, ਦੀਪਕ ਕੁਮਾਰ ਦੀਪੂ, ਸ਼ਿੰਦਰਪਾਲ, ਬਲਜੀਤ ਸਿੰਘ ਬਾਜਵਾ, ਬਲਾਕ ਪ੍ਰਧਾਨ ਕਮਲਪ੍ਰੀਤ ਸਿੰਘ ਸੋਨੀ, ਜਸਕਵਲ ਸਿੰਘ ਤਲਵੰਡੀ ਚੌਧਰੀਆਂ, ਗੌਰਵ ਗਿਰੀ, ਬਿੰਨੀ ਪਲੰਬਰ, ਗੁਰਵਿੰਦਰ ਸਿੰਘ ਆਦਿ ਮੌਜੂਦ ਸਨ।