ਨਡਾਲਾ–ਸੁਭਾਨਪੁਰ ਸੜਕ ਦਾ ਨਿਰਮਾਣ ਭੁਲੱਥ ਪਾਸੇ ਤੋਂ ਸ਼ੁਰੂ
ਨਡਾਲਾ–ਸੁਭਾਨਪੁਰ ਸੜਕ ਦਾ ਨਿਰਮਾਣ ਭੁਲੱਥ ਪਾਸੇ ਤੋਂ ਸ਼ੁਰੂ
Publish Date: Tue, 24 Feb 2026 08:44 PM (IST)
Updated Date: Tue, 24 Feb 2026 08:46 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਇਲਾਕੇ ਵਾਸੀਆਂ ਲਈ ਖੁਸ਼ਖਬਰੀ ਹੈ ਕਿ ਨਡਾਲਾ–ਸੁਭਾਨਪੁਰ ਸੜਕ ਦਾ ਨਿਰਮਾਣ ਕੰਮ ਭੁਲੱਥ ਸਾਈਡ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਲੰਬੇ ਸਮੇਂ ਤੋਂ ਖ਼ਰਾਬ ਹਾਲਤ ਕਾਰਨ ਲੋਕਾਂ ਨੂੰ ਆ ਰਹੀਆਂ ਦਿਕ਼ਤਾਂ ਹੁਣ ਜਲਦ ਹੀ ਦੂਰ ਹੋਣ ਦੀ ਉਮੀਦ ਬਣ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸੜਕ ਦੀ ਮੁਰੰਮਤ ਦੇ ਨਾਲ-ਨਾਲ ਨਵੀਂ ਬਲੈਕਟਾਪ ਲੇਅਰ ਵਿਛਾਉਣ ਦਾ ਕੰਮ ਤਹਿ ਸ਼ਡਿਊਲ ਮੁਤਾਬਕ ਕੀਤਾ ਜਾ ਰਿਹਾ ਹੈ। ਇਹ ਸੜਕ ਭੁਲੱਥ ਤੋਂ ਵਾਇਆ ਨਡਾਲਾ ਹੁੰਦੀ ਹੋਈ ਸੁਭਾਨਪੁਰ ਤੱਕ ਜਾਵੇਗੀ, ਜਿਸ ਨਾਲ ਇਲਾਕੇ ਦੀ ਆਵਾਜਾਈ ਨੂੰ ਵੱਡਾ ਫ਼ਾਇਦਾ ਹੋਵੇਗਾ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਸੜਕ ਦੀ ਟੁੱਟ-ਫੁੱਟ ਕਾਰਨ ਰੋਜ਼ਾਨਾ ਯਾਤਰਾ ਕਰਨਾ ਮੁਸ਼ਕਲ ਹੋ ਗਿਆ ਸੀ ਤੇ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਸੀ। ਸਕੂਲੀ ਬੱਚਿਆਂ, ਦਫ਼ਤਰੀ ਕਰਮਚਾਰੀਆਂ ਤੇ ਵਪਾਰੀਆਂ ਨੂੰ ਖਾਸ ਤੌਰ ‘ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਦੇ ਇਸ ਕਦਮ ਦਾ ਸਵਾਗਤ ਕਰਦਿਆਂ ਉਮੀਦ ਜਤਾਈ ਹੈ ਕਿ ਕੰਮ ਨੂੰ ਤੇਜ਼ੀ ਨਾਲ ਤੇ ਮਿਆਰੀ ਢੰਗ ਨਾਲ ਪੂਰਾ ਕੀਤਾ ਜਾਵੇਗਾ, ਤਾਂ ਜੋ ਲੋਕਾਂ ਨੂੰ ਸੁਵਿਧਾਜਨਕ ਤੇ ਸੁਰੱਖਿਅਤ ਸਫ਼ਰ ਦੀ ਸਹੂਲਤ ਮਿਲ ਸਕੇ। ਇਸ ਸਬੰਧੀ ਗੱਲਬਾਤ ਕਰਦਿਆਂ ਠੇਕੇਦਾਰ ਸੁਧੀਰ ਅਗਰਵਾਲ ਨੇ ਦੱਸਿਆ ਕਿ ਸੜਕ ਦਾ ਕੰਮ ਭੁਲੱਥ ਤੋਂ ਸ਼ੁਰੂ ਕਰਕੇ ਨਡਾਲਾ ਰਾਹੀਂ ਸੁਭਾਨਪੁਰ ਤੱਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਕਰੀਬ ਇਕ ਸਾਲ ਦਾ ਸਮਾਂ ਲੱਗੇਗਾ ਤੇ ਕੰਮ ਨੂੰ ਨਿਰਧਾਰਤ ਮਿਆਰਾਂ ਅਨੁਸਾਰ ਪੂਰਾ ਕੀਤਾ ਜਾਵੇਗਾ।