ਬੰਗਾ ਰੋਡ ਸੜਕ ਦਾ ਨਿਰਮਾਣ ਜਲਦ ਸ਼ੁਰੂ ਹੋਣ ਜਾ ਰਿਹੈ : ਡਾ. ਰਾਜ
ਬੰਗਾ ਰੋਡ ਸੜਕ ਦਾ ਨਿਰਮਾਣ ਜਲਦ ਸ਼ੁਰੂ ਹੋਣ ਜਾ ਰਿਹਾ ਹੈ: ਡਾ. ਰਾਜ
Publish Date: Fri, 13 Mar 2026 06:46 PM (IST)
Updated Date: Fri, 13 Mar 2026 06:48 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਆਮ ਆਦਮੀ ਪਾਰਟੀ ਦੇ ਲੋਕ ਸਭਾ ਵਿਚ ਉਪ ਨੇਤਾ ਤੇ ਹੁਸ਼ਿਆਰਪੁਰ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੇ ਅਥਕ ਯਤਨਾਂ ਨਾਲ ਫਗਵਾੜਾ ਦੀ ਮੁੱਖ ਬੰਗਾ ਰੋਡ ਸੜਕ ਦਾ ਨਿਰਮਾਣ ਕੰਮ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ ਬਾਕਾਇਦਾ 3.88 ਕਰੋੜ ਰੁਪਏ ਪਾਸ ਹੋ ਚੁੱਕੇ ਹਨ ਤੇ ਸਾਰੀ ਕਾਗਜ਼ੀ ਕਾਰਵਾਈ ਵੀ ਮੁਕੰਮਲ ਹੋ ਚੁੱਕੀ ਹੈ। ਹੁਣ ਕੰਮ ਵੀ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਫਗਵਾੜਾ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਉਨ੍ਹਾਂ ਕੋਲ ਪਲਾਹੀ ਰੋਡ ਤੇ ਬੰਗਾ ਰੋਡ ਸੜਕ ਦੇ ਨਿਰਮਾਣ ਦੀ ਮੰਗ ਰੱਖੀ ਸੀ। ਫਗਵਾੜਾ ਵਾਸੀਆਂ ਦੀ ਇਸ ਮੰਗ ਨੂੰ ਉਨ੍ਹਾਂ ਨੇ ਤੁਰੰਤ ਪੂਰਾ ਕਰਦਿਆਂ ਪਹਿਲਾਂ ਪਲਾਹੀ ਰੋਡ ਸੜਕ ਦਾ ਨਿਰਮਾਣ ਸ਼ੁਰੂ ਕਰਵਾਇਆ। 2.60 ਕਿਲੋਮੀਟਰ ਲੰਬੀ ਇਸ ਸੜਕ |ਤੇ 1.50 ਕਰੋੜ ਰੁਪਏ ਖਰਚ ਕੀਤੇ ਗਏ ਤੇ ਸੜਕ ਦਾ ਨਿਰਮਾਣ ਕੰਮ ਮੁਕੰਮਲ ਹੋ ਚੁੱਕਾ ਹੈ। ਹੁਣ ਬੰਗਾ ਰੋਡ ਦੀ ਮੁੱਖ ਸੜਕ ਦਾ ਨਿਰਮਾਣ ਕੰਮ ਵੀ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਸੰਸਦ ਮੈਂਬਰ ਡਾ. ਰਾਜ ਨੇ ਕਿਹਾ ਕਿ ਹੁਸ਼ਿਆਰਪੁਰ ਸੰਸਦੀ ਹਲਕੇ ਵਿਚ ਪੈਂਦੇ ਚੱਬੇਵਾਲ ਤੇ ਫਗਵਾੜਾ ਸਮੇਤ ਸਾਰੇ ਵਿਧਾਨ ਸਭਾ ਹਲਕਿਆਂ ਦੇ ਲੋਕ ਉਨ੍ਹਾਂ ਦਾ ਪਰਿਵਾਰ ਹਨ ਤੇ ਲੋਕਾਂ ਨੇ ਅਥਾਹ ਪਿਆਰ ਤੇ ਸਤਿਕਾਰ ਦਿੰਦਿਆਂ ਉਨ੍ਹਾਂ ਨੂੰ ਜਿਤਾ ਕੇ ਲੋਕ ਸਭਾ ਵਿਚ ਭੇਜਿਆ, ਉਥੇ ਉਨ੍ਹਾਂ ਦੇ ਬੇਟੇ ਡਾ. ਇਸ਼ਾਂਕ ਕੁਮਾਰ ਨੂੰ ਵੀ ਚੱਬੇਵਾਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣਾਇਆ। ਅਜਿਹੇ ਵਿਚ ਸੰਸਦੀ ਹਲਕੇ ਦੇ ਲੋਕਾਂ ਦੀ ਵਿਕਾਸ ਨਾਲ ਜੁੜੀ ਹਰ ਮੰਗ ਤੇ ਸਮੱਸਿਆ ਨੂੰ ਪੂਰਾ ਕਰਨਾ ਉਨ੍ਹਾਂ ਦਾ ਨੈਤਿਕ ਫਰਜ਼ ਤੇ ਜ਼ਿੰਮੇਵਾਰੀ ਹੈ। ਸੰਸਦ ਮੈਂਬਰ ਡਾ. ਰਾਜ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਆਪਣੇ ਸੰਸਦੀ ਹਲਕੇ ਦੀ ਜਨਤਾ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਜੋ ਲੋਕ ਖੁਦ ਕੁਝ ਨਹੀਂ ਕਰ ਸਕੇ, ਉਹ ਮੁੱਦੇ ਉਠਾ ਰਹੇ ਹਨ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਬਿਨਾਂ ਕਿਸੇ ਦਾ ਨਾਂ ਲਏ ਵਿਰੋਧੀ ਪਾਰਟੀਆਂ ਦੇ ਨੇਤਾਵਾਂ ’ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਸੂਬੇ ਵਿਚ ਪਹਿਲਾਂ ਕਾਂਗਰਸ ਤੇ ਅਕਾਲੀ-ਭਾਜਪਾ ਦੀ ਸਰਕਾਰ ਰਹੀ, ਇਨ੍ਹਾਂ ਸਰਕਾਰਾਂ ਵਿਚ ਫਗਵਾੜਾ ਦੇ ਨੇਤਾ ਵਿਧਾਇਕ ਤੇ ਮੰਤਰੀ ਵੀ ਰਹੇ, ਪਰ ਕਿਸੇ ਨੇ ਵੀ ਪਲਾਹੀ ਰੋਡ ਤੇ ਬੰਗਾ ਰੋਡ ਦੀ ਮੁੱਖ ਸੜਕ ਵੱਲ ਧਿਆਨ ਨਹੀਂ ਦਿੱਤਾ ਨਾ ਹੀ ਇਸ ’ਤੇ ਕੰਮ ਕੀਤਾ, ਹੁਣ ਜੋ ਲੋਕ ਇਹ ਮੁੱਦਾ ਉਠਾ ਰਹੇ ਹਨ। ਜੇ ਉਹ ਅਸਲ ਵਿਚ ਇਨ੍ਹਾਂ ਸੜਕਾਂ ਨੂੰ ਬਣਾਉਣ ਦੇ ਪੱਖ ਵਿਚ ਸਨ, ਤਾਂ ਇਹ ਸੜਕਾਂ ਬਣਾ ਦਿੰਦੇ। ਉਨ੍ਹਾਂ ਕਿਹਾ ਕਿ ਆਖਰਕਾਰ ਆਪ ਸਰਕਾਰ ਨੇ ਹੀ ਲੋਕਾਂ ਦੀ ਇਸ ਮੰਗ ਨੂੰ ਪੂਰਾ ਕੀਤਾ। ਪਲਾਹੀ ਰੋਡ ਦੀ ਸੜਕ ਬਣ ਗਈ ਤੇ ਬੰਗਾ ਰੋਡ ਦੀ ਬਣਨ ਜਾ ਰਹੀ ਹੈ।