ਆਪ ‘ਚ ਸ਼ਾਮਲ ਹੋਏ ਸੈਂਕੜੇ ਨੌਜਵਾਨ
ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ ਸੈਂਕੜੇ ਨੌਜਵਾਨਾਂ ਦਾ ਹਲਕਾ ਇੰਚਾਰਜ ਹਰਜੀ ਮਾਨ ਨੇ ਕੀਤਾ ਸਵਾਗਤ
Publish Date: Sun, 18 Jan 2026 07:43 PM (IST)
Updated Date: Sun, 18 Jan 2026 07:46 PM (IST)

ਹਲਕਾ ਇੰਚਾਰਜ ਹਰਜੀ ਮਾਨ ਨੇ ਕੀਤਾ ਸਵਾਗਤ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵੱਲੋਂ ਲੋਕ ਭਲਾਈ ਦੇ ਨਾਲ-ਨਾਲ ਨੌਜਵਾਨਾਂ ਦੀ ਬੇਹਤਰੀ, ਨਸ਼ਿਆਂ ’ਤੇ ਰੋਕ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ‘ਤੇ ਕੀਤੇ ਜਾ ਰਹੇ ਉਪਰਾਲਿਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਹਲਕੇ ਦੇ ਸੈਂਕੜੇ ਨੌਜਵਾਨਾਂ ਨੇ ਐੱਸਸੀ ਵਿੰਗ ਬਲਾਕ ਫਗਵਾੜਾ ਦੇ ਕੋਆਰਡੀਨੇਟਰ ਜਸਦੇਵ ਸਿੰਘ ਕੌਂਸਲਰ ਅਤੇ ਬਲਾਕ ਯੂਥ ਪ੍ਰਧਾਨ ਸ਼ਮਸ਼ੇਰ ਸਿੰਘ ਦੀ ਪ੍ਰੇਰਣਾ ਸਦਕਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਕੇ ਭਗਵੰਤ ਮਾਨ ਸਰਕਾਰ ਦੇ ਹੱਥ ਮਜ਼ਬੂਤ ਕੀਤੇ ਹਨ। ਸਮੂਹ ਨੌਜਵਾਨਾਂ ਦਾ ਸਵਾਗਤ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸਪਰਸਨ ਹਰਨੂਰ ਸਿੰਘ ਮਾਨ ਹਲਕਾ ਇੰਚਾਰਜ ਫਗਵਾੜਾ ਵੱਲੋਂ ਆਪਣੇ ਗ੍ਰਹਿ ਵਿਖੇ ਕੀਤਾ ਗਿਆ। ਉਨ੍ਹਾਂ ਨਵੇਂ ਸ਼ਾਮਲ ਹੋਏ ਸਮੂਹ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਤੇ ਕਿਹਾ ਕਿ ਨੌਜਵਾਨ ਪੰਜਾਬ ਦਾ ਭਵਿੱਖ ਹਨ। ਪਿਛਲੀਆਂ ਸਰਕਾਰਾਂ ਨੇ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਵਿਚ ਰੋਲ ਕੇ ਰੱਖ ਦਿੱਤਾ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ਾ ਮਾਫੀਆ ਨੂੰ ਜੜੋਂ ਮੁਕਾਉਣ ਲਈ ਵੱਡੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਵਿੱਢੀ ਹੈ, ਜਿਸ ਨੂੰ ਸਮੂਹ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪਿੰਡ-ਪਿੰਡ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਨੌਜਵਾਨਾਂ ਦੀ ਸਰੀਰਕ ਤੰਦੁਰਸਤੀ ਲਈ ਓਪਨ ਜਿਮ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣਾ ਹੈ ਤਾਂ ਸੂਬੇ ਦੀ ਜਵਾਨੀ ਨੂੰ ਅੱਗੇ ਹੋ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ ਮਜ਼ਬੂਤ ਕਰਨੇ ਹੋਣਗੇ। ਉਨ੍ਹਾਂ ਪਾਰਟੀ ਵਿਚ ਸ਼ਾਮਲ ਹੋਏ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਤੋਂ ਬਿਲਕੁਲ ਦੂਰ ਰਹਿਣ, ਖੇਡਾਂ ਤੇ ਸਮਾਜਿਕ ਕਾਰਜਾਂ ਵਿਚ ਭਾਗ ਲੈਣ ਤੇ ਪੰਜਾਬ ਦੀ ਚੜ੍ਹਦੀ ਕਲਾ ਨੂੰ ਅੱਗੇ ਵਧਾਉਣ ਵਿਚ ਸਹਿਯੋਗ ਦੇਣ ਤਾਂ ਜੋ ਇਕ ਤੰਦਰੁਸਤ ਅਤੇ ਭਵਿੱਖ ਦੇ ਸ਼ਕਤੀਸ਼ਾਲੀ ਪੰਜਾਬ ਦੀ ਨੀਂਹ ਪਾਈ ਜਾ ਸਕੇ। ਆਪ ਪਾਰਟੀ ਵਿਚ ਸ਼ਾਮਲ ਹੋਏ ਨੌਜਵਾਨਾਂ ਲੱਕੀ, ਰੌਸ਼ਨ, ਅਰਜਨ, ਅਭਿਸ਼ੇਕ, ਗੁੱਡੂ, ਰਾਜੂ, ਨਿਖਿਲ, ਕਰਨ ਆਦਿ ਨੇ ਕਿਹਾ ਕਿ ਉਹ ਹਮੇਸ਼ਾ ਆਮ ਆਦਮੀ ਪਾਰਟੀ ਦੇ ਵਫਾਦਾਰ ਸਿਪਾਹੀ ਬਣ ਕੇ ਪੰਜਾਬ ਨੂੰ ਖੁਸ਼ਹਾਲ ਅਤੇ ਦੇਸ਼ ਦਾ ਨੰਬਰ ਇਕ ਸੂਬਾ ਬਨਾਉਣ ਵਿਚ ਹਰ ਸੰਭਵ ਸਹਿਯੋਗ ਦੇਣਗੇ। ਇਸ ਮੌਕੇ ਗੁਰਦੀਪ ਸਿੰਘ ਦੀਪਾ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ, ਨਵਨੀਤ ਉੱਪਲ ਜ਼ਿਲ੍ਹਾ ਪ੍ਰਧਾਨ ਸੋਸ਼ਲ ਮੀਡੀਆ ਸੈੱਲ, ਰਣਜੀਤ ਸਿੰਘ ਫਤਿਹ ਜ਼ਿਲ੍ਹਾ ਯੂਥ ਕੋਆਰਡੀਨੇਟਰ, ਅਮਰਿੰਦਰ ਸਿੰਘ ਬਲਾਕ ਕੋਆਰਡੀਨੇਟਰ ਫਗਵਾੜਾ ਅਤੇ ਹੋਰ ਪਤਵੰਤੇ ਹਾਜ਼ਰ ਸਨ।